ਪਾਕਿਸਤਾਨ ''ਚ ਰਹਿ ਗਈ ਜੱਦੀ ਪਿੰਡ ਦੀ ਨਾ ਭੁੱਲਣ ਯੋਗ ਯਾਤਰਾ

05/24/2017 5:31:51 PM

ਡਾ. ਸ.ਸ.ਛੀਨਾ
ਜਿਸ ਡੈਲੀਗੈਸ਼ਨ ਨਾਲ ਮੈਂ ਪਾਕਿਸਤਾਨ ਗਿਆ, ਉਸ ਦੇ ਦੋ ਰਾਤਾਂ ਸਰਗੋਧੇ ਵੀ ਰਹਿਣਾ ਸੀ, ਸਰਗੋਧੇ ਤੋਂ ਕੋਈ 6 ਕਿਲੋਮੀਟਰ ਦੀ ਦੂਰੀ ਤੇ ਚਕ ਨੰਬਰ 96 ਉਹ ਪਿੰਡ ਸੀ, ਜਿੱਥੇ ਮੇਰਾ ਜਨਮ ਹੋਇਆ ਸੀ ਅਤੇ ਜਿਸ ਪਿੰਡ ਬਾਰੇ ਮੈਂ ਪਿਤਾ ਜੀ ਅਤੇ ਹੋਰ ਵੱਡਿਆਂ ਕੋਲ ਹਮੇਸ਼ਾ ਹੀ ਕਿਸੇ ਨਾ ਕਿਸੇ ਤਤਕਰੇ ਕਰ ਕੇ ਸੁੱਣਦਾ ਰਿਹਾ ਸੀ। ਭਾਵੇਂ ਕਿ ਮੈਨੂੰ ਵੀ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਮੈਨੂੰ ਆਪਣੇ ਪੁਰਾਣੇ ਪਿੰਡ ਜਾਣ ਦਾ ਮੌਕਾ ਮਿਲੇਗਾ, ਪਰ ਇਸ ਤੋਂ ਵੀ ਕਿਤੇ ਜਿਆਦਾ ਖੁਸ਼ੀ ਪਿਤਾ ਜੀ ਨੂੰ ਸੀ, ਉਹ ਭਾਵੇਂ ਇਹ ਤਾਂ ਹਮੇਸ਼ਾ ਕਹਿੰਦੇ ਸਨ, ਕਿ ਮੈਨੂੰ ਅਜੇ ਵੀ ਸੁਪਨੇ, 96 ਚਕ ਦੇ ਹੀ ਆਉਂਦੇ ਹਨ, ਪਰ ਪਿਛਲੇ ਸਮੇਂ ''ਚ ਹਾਲਤਾਂ ਇਸ ਤਰ੍ਹਾਂ ਦੀ ਰਹੀਆਂ ਸਨ ਕਿ ਆਮ ਹਾਲਤਾਂ ''ਚ ਆਪਣਾ ਪਿੰਡ ਵੇਖਣਾ ਸੰਭਵ ਨਹੀਂ ਸੀ। ਡਾਇਰੀ ''ਚ ਪਿਤਾ ਜੀ ਨੇ ਕਦੀ ਆਦਮੀਆਂ ਦੇ ਨਾ ਲਿਖਵਾਏ ਸਨ ਕਿ ਪਿੰਡ ''ਚ ਉਹਨਾਂ ਨੂੰ ਜਰੂਰ ਮਿਲ ਕੇ ਆਵਾਂ ਪਰ ਡੈਲੀਗੇਸ਼ਨ ਦੇ ਬਦਲੇ ਹੋਏ ਪ੍ਰੋਗਰਾਮ ਅਨੁਸਾਰ ਡੈਲੀਗੇਸ਼ਨ ਸ਼ਾਹਪੁਰ ਜ਼ਿਲ੍ਹਾ (ਸਰਗੋਧਾ) ''ਚ ਰੁੱਕਣ ਅਤੇ ਮੀਟਿੰਗ ਤੋਂ ਬਾਅਦ, ਮੁਲਤਾਨ ਚਲੇ ਜਾਣਾ ਸੀ। ਇਸ ਗੱਲ ਤੋਂ ਮੈਂ ਬਹੁਤ ਉਦਾਸ ਹੋ ਗਿਆ। ਮੈਂ ਤਾਂ ਕਈ ਮਹੀਨਿਆਂ ਤੋਂ ਇਸ ਮੌਕੇ ਨੂੰ ਉਡੀਕ ਰਿਹਾਂ ਸਾਂ ਕਦੋਂ ਮੈਂ ਆਪਣਾ ਪਿੰਡ ਵੇਖ ਕੇ ਆਵਾਗਾਂ । ਮੈਂ ਮੀਟਿੰਗ ''ਚੋਂ ਮਿਸਟਰ ਸਬੂਰ ਨੂੰ ਬਾਹਰ ਬੁਲਾ ਕੇ ਆਪਣੀ ਇਹ ਗੱਲ ਦੱਸੀ, ਪਰ ਉਸ ਨੇ ਤਾਂ ਮੇਰੇ ਰਾਤ ਰਹਿਣ ਅਤੇ ਮੇਰਾ ਪਿੰਡ ਵਿਖਾਉਣ ਦਾ ਇੰਤਜ਼ਾਮ ਪਹਿਲਾਂ ਹੀ ਕਰ ਦਿੱਤਾ ਹੋਇਆ ਸੀ ਅਤੇ ਇਹ ਸਾਰਾ ਕੁੱਝ ਉਸ ਨੇ ਉਸ ਦੀ ਸੰਸਥਾਂ ''ਪਤਨ'' ਦੇ ਇੱਕ ਕਰਮਚਾਰੀ ਮਿਸਟਰ ਫਰੂਕ ਦੇ ਜਿੰਮੇਂ ਲਾਇਆ ਹੋਇਆ ਸੀ। ਸ਼ਾਹਪੁਰ ''ਚ ਹੋਈ ਮੀਟਿੰਗ ''ਚ, ਸਾਡੇ ਸੁਆਗਤ ਵੇਲੇ ਉੇਹਨਾਂ ਨੇ ਮੈਨੂੰ ਹਾਰਾਂ ਨਾਲ ਲੱਦ ਦਿੱਤਾ, ਅਤੇ ਮੇਰੇ ਭਾਸ਼ਨ ਦੇ ''ਚ ਤਾਂ ਬਾਰ-ਬਾਰ ਤਾੜੀਆਂ ਵੱਜਦੀਆਂ ਸਨ । ਅਸਲ ''ਚ ਪਿਛਲੇ 60 ਸਾਲਾਂ ਦੇ ਕਰੀਬ, ਇਸ ਖੇਤਰ ''ਚ ਕਦੀ ਕੋਈ ਪੰਜਾਬੀ ਸਿੱਖ ਗਿਆ ਹੀ ਨਹੀਂ ਸੀ ਅਤੇ ਮੇਰੇ ਨਾਲ ਭਾਰਤ ਦੇ ਹੋਰ ਪ੍ਰਾਂਤਾ ਤੋਂ ਗਏ ਡੈਲੀਗੇਟਾਂ ''ਚੋਂ ਜ਼ਿਆਦਾਤਰ ਨੂੰ ਪੰਜਾਬੀ ਸਮਝ ਵੀ ਨਹੀਂ ਸੀ ਆਉਂਦੀ, ਇਸ ਲਈ ਬਹੁਤੇ ਲੋਕ ਮੇਰੇ ਨਾਲ ਹੀ ਗੱਲਾਂ ਕਰ ਰਹੇ ਸਨ ਅਤੇ ਬਾਰ-ਬਾਰ ਮੈਨੂੰ ਚੜਦੇ ਪੰਜਾਬ ਬਾਰੇ ਸੁਆਲ ਪੁੱਛ ਰਹੇ ਸਨ, ਬਹੁਤ ਸਾਰੇ ਸਾਂਝੀ ਬੋਲੀ ਹੋਣ ਕਰਕੇ ਬਹੁਤ ਅਪੱਣਤ ਵਿਖਾ ਰਹੇ ਸਨ ਪਰ ਜਦੋਂ ਬਾਕੀ ਡੈਲੀਗੇਸ਼ਨ ਬੱਸ ''ਚ ਬੈਠ ਕੇ ਚਲਾ ਗਿਆ ਤਾਂ, ਗਫੂਰ ਮੈਨੂੰ ਆਪਣੀ ਕਾਰ ''ਚ ਬਿਠਾ ਕੇ, ਕਿਸੇ ਨੂੰ ਮਿਲਣ ਚਲਾ ਗਿਆ ਤਾਂ ਇਕ ਸੂਟਿਡ-ਬੂਟਿਡ ਵਿਅਕਤੀ ਜਿਸ ਦੇ ਹੱਥ ''ਚ ਡਾਇਰੀ ਸੀ, ਆ ਕੇ ਪਹਿਲਾਂ ਕਾਰ ਦਾ ਨੰਬਰ ਨੋਟ ਕਰਣ ਲੱਗ ਪਿਆ ਅਤੇ ਬਾਅਦ ''ਚ ਮੈਨੂੰ ਕਈ ਸੁਆਲ ਪੁੱਛਣ ਲੱਗ ਪਿਆ, ਜਿਸ ਤਰ੍ਹਾਂ ਤੁਸੀਂ ਕਿਉਂ ਨਹੀਂ ਗਏ, ਗਫੂਰ ਨੂੰ ਕਦੋਂ ਤੋਂ ਜਾਣਦੇ ਹੋ ਅਤੇ ਕਿਸ ਕੋਲ ਰਹੋਗੇ ਆਦਿ ਅਤੇ ਸਪੱਸ਼ਟ ਸੀ ਕਿ ਉਹ ਸੀ, ਆਈ.ਡੀ. ਦਾ ਮੁਲਾਜ਼ਮ ਸੀ, ਭਾਵੇਂ ਉਹ ਆਪਣੀ ਡਿਊਟੀ ਹੀ ਕਰ ਰਿਹਾ ਸੀ ਪਰ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ, ਖਾਸ ਕਰਕੇ ਉਹਨਾਂ ਦੇ ਇਕ ਘੰਟਾ ਪਹਿਲਾਂ ਦਾ ਵਿਵਹਾਰ ਅਤੇ ਇਸ ਵਿਵਹਾਰ ''ਚ ਕਿਨ੍ਹਾਂ ਫਰਕ ਸੀ। ਜਦ ਅਸੀਂ ਕਾਰ ''ਚ ਸਰਗੋਧੇ ਨੂੰ ਆ ਰਹੇ ਸੀ ਤਾਂ ਅਜੇ ਅੱਧ ਕੁ ''ਚ ਹੀ ਆਏ ਹੋਵਾਂਗੇ ਕਿ ਫਰੂਕ ਨੂੰ ਇਕ ਫੋਨ ਆਇਆ, ਜਿਸ ''ਚ ਉਸ ਦੇ ਬਾਪ, ਉਸ ਨੂੰ ਦਸ ਰਹੇ ਸਨ ਕਿ ਇਕ ਪੁਲਿਸ ਇੰਨਸਪੈਕਟਰ ਉਹਨਾਂ ਦੇ ਘਰ ਬੈਠਾ ਹੋਇਆ ਹੈ ਅਤੇ ਉਸ ਦੇ ਨਾਲ ਜਿਹੜੇ ਸਰਦਾਰ ਸਾਹਿਬ ਹਨ ਉਹਨਾਂ ਬਾਰੇ ਪੁੱਛ ਰਿਹਾ ਹੈ, ਜਿਸ ਬਾਰੇ ਉਹਨਾਂ ਦੇ ਬਾਪ ਤਾਂ ਕੁਝ ਵੀ ਨਹੀਂ ਸਨ ਜਾਣਦੇ। ਫਰੂਕ ਦੀ ਇੰਨਸਪੈਕਟਰ ਨਾਲ ਗੱਲਬਾਤ ਤੋਂ ਬਾਅਦ ਮੈਂ ਉਸ ਨਾਲ ਗੱਲ ਕੀਤੀ ਕਿ ਮੇਰਾ ਜਨਮ ਅਸਥਾਨ ਪਿੰਡ 96 ਚੱਕ ਹੈ, ਮੈਂ ਇਕ ਡੈਲੀਗੇਸ਼ਨ ਨਾਲ ਆਇਆ ਸਾ ਅਤੇ ਮੇਰੀ ਵੱਡੀ ਖਾਹਿਸ਼ ਹੈ ਕਿ ਮੈਂ ਸਵੇਰੇ ਆਪਣਾ ਉਹ ਪਿੰਡ ਵੇਖ ਕੇ ਜਾਵਾਂ । ਇਸ ਗੱਲਬਾਤ ਤੋਂ ਬਾਅਦ ਮੈਨੂੰ ਸ਼ੱਕ ਹੋ ਗਿਆ ਕਿ ਸ਼ਾਇਦ ਉਹ ਮੈਨੂੰ ਮੇਰਾ ਪਿੰਡ ਨਹੀਂ ਵੇਖਣ ਦੇਵਗੇ, ਜਿਸ ਬਾਰੇ ਫਰੂਕ ਵੀ ਸਪੱਸ਼ਟ ਨਹੀਂ ਸੀ ਅਤੇ ਮੈਂ ਮਹਿਸੂਸ ਕਰ ਰਿਹਾਂ ਸਾਂ, ਕਿ ਪੁਲਸ ਅਤੇ ਸੀ.ਆਈ.ਡੀ. ਦੇ ਇਸ ਵਿਵਹਾਰ ਨਾਲ, ਮੈਂ ਇਸ ਭਲੇਮਾਣਸ ਨੂੰ ਵੀ ਪ੍ਰੇਸ਼ਾਨੀ ''ਚ ਪਾ ਦਿੱਤਾ ਹੈ, ਸਰਗੋਧੇ ਪਹੁੰਚ ਕੇ, ਮੈਂ ਫਰੂਕ ਨੂੰ ਕਿਹਾ ਕਿ ਪਹਿਲਾ ਕਿਸੇ ਹੋਟਲ ''ਚ ਸਮਾਨ ਰੱਖ ਲਈਏ, ਪਰ ਉਹ ਕਹਿ ਰਿਹਾ ਸੀ, ਕਿ ਪਹਿਲਾਂ ਉਹਨਾਂ ਨਾਲ ਜੋ ਔਰਤ ਆਈ ਹੈ, ਉਸ ਨੂੰ ਘਰ ਛੱਡ ਆਈਏ। ਮੈਂ ਸੋਚ ਰਿਹਾ ਸਾਂ ਕਿ ਜਿਸ ਸ਼ਹਿਰ ਤੋਂ ਮੇਰੇ ਭਾਪਾ ਜੀ, ਤਾਇਆ ਜੀ ਅਤੇ ਚਾਚ ਜੀ, ਇਕ ਵਾਰ ਨਹੀਂ ਅਨੇਕਾ ਵਾਰ ਰਾਤ, ਹਨੇਰੇ ਵੇਲੇ ਵੀ ਸਾਈਕਲ ਜਾ ਘੋੜੀਆਂ ਤੇ ਸ਼ਹਿਰ ਦੇ ਕੰਮ ਮੁਕਾ ਕੇ ਆਪਣੇ ਪਿੰਡ ਮੁੜਦੇ ਹੋਣਗੇ। ਉਹ ਇਸ ਸ਼ਹਿਰ ਦੇ ਹਰ ਮੋੜ ਦੇ ਵਾਕਿਫ ਹੋਣਗੇ ਅਤੇ ਉਹਨਾਂ ਦੇ ਦਿਮਾਗ ''ਚ ਇਹ ਕਲਪਨਾ ਨਹੀਂ ਆਈ ਹੋਵੇਗੀ, ਕਿ ਕਿਸੇ ਵੇਲੇ ਇਸ ਸ਼ਹਿਰ ਤੋਂ ਪਿੰਡ ਜਾਣਾ ਵੀ, ਇਸ ਤਰ੍ਹਾਂ ਮੁਸ਼ਕਲ ਹੋ ਸਕਦਾ ਹੈ, ਕਿ ਕਿਸੇ ਦੀ ਇਜਾਜਤ ਲਈ ਜਾਵੇ। ਅਸੀਂ ਉਸ ਔਰਤ ਨੂੰ ਜਦੋਂ ਉਹਨਾਂ ਦੇ ਘਰ ਛੱਡ ਕੇ ਵਾਪਿਸ ਫਰੂਕ ਦੇ ਘਰ ਜਾਂ ਰਹੇ ਸਾਂ ਤਾਂ ਮੈਂ ਫਿਰ ਫਰੂਕ ਨੂੰ ਕਿਹਾ ਕਿ ਹੁਣ 10 ਵਜ ਗਏ ਹਨ, ਕਿਸੇ ਹੋਟਲ ''ਚ ਸਮਾਨ ਰੱਖ ਲਈਏ ਪਰ ਉਹ ਚੁੱਪ ਰਿਹਾ। ਅਤੇ ਕੋਈ ਦੋ ਮਿੰਟ ਬਾਅਦ ਬੋਲਿਆ। “ਪ੍ਰੌਫੈਸਰ ਸਾਹਿਬ, ਮੈਂ ਤੁਹਾਨੂੰ ਕਿਸੇ ਹੋਟਲ ''ਚ ਨਹੀ ਰਖਣਾ ਚਾਹੁੰਦਾ, ਆਪਣੇ ਘਰ ਰਖਣਾ ਚਾਹੁੰਦਾ ਹਾਂ ਇਸ ਦੀ ਇਕ ਵਜਾਹ ਵੀ ਹੈ ਅਤੇ ਮੈਂ ਚਾਹੁੰਦਾ ਹਾਂ, ਉਹ ਵਜਾਹ ਤੁਸੀਂ ਮੈਥੋ ਨਾ ਪੁਛ''''। ਮੈਂ ਹੈਰਾਨ ਸਾਂ, ਤੇ ਵਜਾਹ ਪੁੱਛਣ ਲਈ, ਸਗੋਂ ਮੈਂ ਜ਼ਿਆਦਾ ਉਤਸੁਕ ਸਾਂ । ਜੋ ਉਸ ਨੂੰ ਦੱਸਣੀ ਹੀ ਪਈ। “ਇਸ ਇਲਾਕੇ ''ਚ ਬਹੁਤ ਵੱਡੀ ਗਿਣਤੀ ''ਚ ਲੋਕ ਅੰਬਾਲਾ ਅਤੇ ਜਗਾਧਰੀ ਤੋਂ ਆਏ ਹੋਏ ਹਨ, ਉਹਨਾਂ ਨੇ ਬਹੁਤ ਮੁਸੀਬਤਾਂ ਸਹਾਰੀਆਂ ਸਨ, ਕਈਆਂ ਦੇ ਬਾਪ, ਭਰਾ ਬੱਚੇ ਉਹਨਾਂ ਦੀਆਂ ਅੱਖਾਂ ਸਾਹਮਣੇ ਮਾਰੇ ਗਏ ਸਨ, ਕਈਆਂ ਦੀਆਂ ਲੜਕੀਆਂ, ਭੈਣਾਂ ਨਹੀਂ ਸਨ ਲੱਭੀਆਂ ਅਤੇ ਭਾਵੇਂ ਕਿ ਮੇਰਾ ਜਨਮ ਤਾਂ ਇੱਧਰ ਦਾ ਹੀ ਹੈ ਪਰ ਇੰਨ੍ਹਾਂ ਸੁਣੀਆਂ ਹੋਈਆਂ ਕਹਾਣੀਆਂ ਕਰ ਕੇ ਇਹ ਲੋਕ ਅਜੇ ਵੀ ਚੜਦੇ ਪੰਜਾਬ ਦੇ ਲੋਕਾਂ ਨੂੰ ਬੜੀ ਨਫਰਤ ਕਰਦੇ ਹਨ'''' ।

ਮੈਂ ਚੁੱਪ ਚਾਪ ਉਸ ਦੀ ਗੱਲ ਸੁਣਦਾ ਜਾ ਰਿਹਾ ਸੀ, ਅਤੇ ਉਹ ਕਾਫੀ ਕੁਝ ਦੱਸਦਾ ਗਿਆ। “ਤੁਸੀ ਮੇਰੇ ਮਹਿਮਾਨ ਹੋ ਤੁਹਾਡੀ ਸੁੱਰਖਿਆ ਅਤੇ ਸੇਵਾ ਮੇਰੀ ਜਿੰਮੇਵਾਰੀ ਹੈ, ਭਾਵੇਂ ਮੇਰੇ ਘਰ ''ਚ ਤੁਹਾਨੂੰ ਹੋਟਲ ਵਾਲਾ ਸੁੱਖ ਤਾਂ ਨਾ ਮਿਲੇ, ਪਰ ਮੈਂ ਤੁਹਾਨੂੰ ਰੱਖਣਾ ਘਰ ਹੀ ਚਾਹੁੰਦਾ ਹਾਂ''''। ਫਰੂਕ ਦੇ ਘਰ ਉਸ ਦੇ ਬਾਪ ਸਾਨੂੰ ਉਡੀਕ ਰਹੇ ਸਨ, ਉਹ ਮੈਨੂੰ ਜੱਫੀ ਪਾ ਕੇ ਮਿਲੇ, ਅਤੇ ਉਹ ਉਸ ਰਾਤ ''ਚ ਹੀ ਮੇਰੇ ਕੋਲੋਂ ਕਈ ਸਾਲਾਂ ਦੀਆਂ ਗੱਲਾਂ ਪੁੱਛ ਲੈਣਾ ਚਾਹੁੰਦੇ ਸਨ ਪਰ ਸਭ ਤੋਂ ਪਹਿਲ ਉਹਨਾਂ ਇਕ ਸਿੱਖ ਪਰਿਵਾਰ ਦੀ ਗੱਲ ਦੱਸੀ, ਜਿੰਨਾਂ ਨੇ ਉਹਨਾਂ ਦੇ ਸਾਰੇ ਹੀ ਪਰਿਵਾਰ ਨੂੰ ਸੁੱਰਖਿਅਤ ਬਚਾਅ ਕੇ ਉਹਨਾਂ ਦੇ ਸਾਰੇ ਸਮਾਨ ਸਮੇਤ ਉਹਨਾਂ ਨੂੰ ਲੁਧਿਆਣੇ ਤੱਕ ਪਹੁੰਚਾਇਆ ਸੀ। ਉਹ ਮਹਿਸੂਸ ਕਰ ਰਹੇ ਸਨ, ਕਿ ਹੁਣ ਉਹ ਵਿਅਕਤੀ ਉਮਰ ਦੇ ਹਿਸਾਬ ਨਾਲ ਤਾਂ ਜਿੰਦਾ ਨਹੀਂ ਹੋਣਾ ਪਰ ਸਾਡਾ ਸਾਰਾ ਪਰਿਵਾਰ ਉਹਨਾਂ ਦੀ ਮਿਹਰਬਾਨੀ ਕਰਕੇ, ਹਮੇਸ਼ਾ ਹੀ ਉਹਨਾਂ ਦਾ ਰਿਣੀ ਹੈ, ਪਰ ਅਜੀਬ ਗੱਲ ਹੈ ਕਿ ਇੰਨਾ ਹਾਲਤਾਂ ''ਚ ਇਸ ਮਹਾਨ ਪਰਿਵਾਰ ਦਾ ਧੰਨਵਾਦ ਕਰਣ ਵੀ ਨਹੀਂ ਜਾ ਸਕੇ ਅਤੇ ਉਹਨਾਂ ਨੂੰ ਮਿਲ ਵੀ ਨਹੀਂ ਸਕੇ। ਉਹ ਤਾਂ ਅਜੇ ਬਹੁਤ ਕੁੱਝ ਦਸ ਰਹੇ ਸਨ, ਪਰ ਜਦ ਉਹਨਾਂ ਮੈਨੂੰ ਸੌਦਿਆਂ ਵੇਖਿਆ ਤਾਂ ਆਪ ਹੀ ਕਹਿਣ ਲਗੇ ਕੋਈ ਗੱਲ ਨਹੀ ਸਵੇਰੇ ਗੱਲਾਂ ਕਰਾਗੇ ਹੁਣ ਤੁਸੀਂ ਸੌਵੋਂ ਪਰ ਸਵੇਰੇ ਜੱਦ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਚਲੇ ਜਾਣਾ ਹੈ ਤਾਂ ਉਹ ਕਹਿਣ ਲਗੇ ਮੈਂ ਤਾਂ ਅਜੇ ਗੱਲ ਸ਼ੁਰੂ ਵੀ ਨਹੀਂ ਕੀਤੀ.....।

ਸਵੇਰੇ ਤਿਆਰ ਹੋ ਕੇ ਜਦ ਅਸੀਂ ਪਿੰਡ ਵੱਲ ਚਲੇ ਤਾਂ ਫਰੂਕ ਕਹਿਣ ਲਗਾ ਦਫਤਰ ਤੋਂ ਹੋ ਚਲੀਏ, ਉਹ ਸੀ, ਆਈ.ਡੀ. ਵਾਲਾ ਇੰਨਸਪੈਕਟਰ ਉਥੇ ਸਾਡੀ ਉੱਡੀਕ ਕਰ ਰਿਹਾ ਹੈ। ਮੈਨੂੰ ਲੱਗਾ ਕਿ ਫਿਰ ਨਾ ਕੋਈ ਰੁਕਾਵਟ ਪਾ ਦੇਵੇ ਪਰ ਉਸ ਨੇ ਮੇਰਾ ਵੀਜਾ ਵੇਖ ਕੇ ਫੋਟੋ ਸਟੇਟ ਕਰਵਾ ਲਿਆ ਅਤੇ ਪੁੱਛਣ ਲੱਗਾ ਕਿ ਮੈਂ ਤੁਹਾਡੇ ਨਾਲ ਚੱਲਾ ਕਿ ਨਾ। ਮੈਂ ਤਾਂ ਕੋਈ ਜਰੂਰਤ ਨਹੀਂ ਸੀ ਸਮਝਦਾ, ਪਰ ਉਹ ਕਹਿ ਰਿਹਾ ਸੀ, ਕਿ ਤੁਸੀਂ ਇਕ ਉਚ ਡੈਲੀਗੇਸ਼ਨ ਦੇ ਮੈਂਬਰ ਹੋ ਅਤੇ ਤੁਹਾਡੀ ਸੁੱਰਖਿਆ ਲਈ, ਮੇਰੀ ਡਿਊਟੀ ਉਚ ਅਫਸਰਾਂ ਵਲੋਂ ਲਾਈ ਹੋਈ ਹੈ, ਮੈਂ ਸੋਚਦਾ ਸੀ, ਇਹ ਮੇਰੀ ਕੀ ਸੁੱਰਖਿਆ ਕਰੇਗਾ? ਜਦ ਅਸੀਂ ਪਿੰਡ ਪਹੁੰਚੇ ਤਾਂ ਮੈਂ ਇਕ ਹੀ ਨਜ਼ਰ ਨਾਲ ਸਾਰਾ ਪਿੰਡ ਵੇਖ ਲੈਣਾ ਚਾਹੁੰਦਾ ਸੀ, ਇਹ ਹੀ ਉਹ ਪਿੰਡ ਹੈ ਜਿਸ ਬਾਰੇ ਸਾਡੇ ਵੱਡੇ ਵਡੇਰੇ ਹੁਣ ਤੱਕ ਸੁਪਨੇ ''ਚ ਆਪਣੀਆਂ ਪੈਲੀਆਂ, ਬਾਗਾਂ, ਘਰ, ਲੋਕ, ਘੋੜੀਆਂ ਅਤੇ ਕੀ-ਕੀ ਨਹੀਂ ਵੇਖਦੇ ਪਰ ਪਿੰਡ ਫਿਰਨੀ ਤੋਂ ਅੰਦਰ ਹੀ ਸੀ, ਬਾਹਰ ਵੱਲ ਕੋਈ ਮਕਾਨ ਨਾ ਬਨਣ ਕਰਕੇ ਪਿੰਡ ''ਚ ਵਾਧਾ ਹੋਇਆ ਨਹੀਂ ਸੀ ਲੱਗਦਾ। ਮੇਰੀ ਪੱਗੜੀ ਵੇਖ ਕੇ ਪਿੰਡ ਦੇ ਲੋਕ ਹੈਰਾਨੀ ਨਾਲ ਮੇਰੇ ਵੱਲ ਵੇਖ
ਰਹੇ ਸਨ ਅਤੇ ਜੱਦ ਪਿੰਡ ਦੇ ਚੌਂਕ ''ਚ ਅਸੀਂ ਕਾਰ ਖਲਾਰੀ ਤਾਂ ਇੱਕ ਦਮ ਕਈ ਵਿਅਕਤੀ ਸਾਡੀ ਕਾਰ ਕੋਲ ਆ ਗਏ ਅਤੇ ਮੈਂ ਵੇਖਿਆ ਕਿ ਉਹ ਸੀ.ਆਈ.ਡੀ. ਵਾਲੇ ਵੀ ਉਥੇ ਖੜੇ ਸਨ। ਮੇਰੇ ਇਹ ਦੱਸਣ ਤੇ ਕਿ ਮੈਂ ਨੰਬਰਦਾਰ ਸ. ਲਛਮਣ ਸਿੰਘ ਦਾ ਪੋਤਰਾ ਹਾਂ ਤਾਂ ਇਕ ਹੀ ਅਵਾਜ ''ਚ ਦੋ, ਤਿੰਨ ਆਦਮੀ ਕਹਿਣ ਲਗੇ, “ਨਜ਼ੀਰ ਅਹਿਮਦ ਵਾਲਾ ਘਰ'''' ਲੋਕ ਜਮਾਂ ਹੁੰਦੇ ਗਏ, ਕਿਸੇ ਨੇ ਸਪੀਕਰ ''ਚ ਬੋਲ ਦਿੱਤਾ ਕਿ ਚੜਦੇ ਪੰਜਾਬ ਤੋਂ ਕੋਈ ਸਰਦਾਰ ਸਾਹਿਬ ਆਏ ਹਨ, ਅਤੇ ਉਹ ਨਜ਼ੀਰ ਅਹਿਮਦ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣਾ ਚਾਹੁੰਦੇ ਹਨ ਪਰ ਮੇਰੇ ਕੋਲ ਜਿਹੜੀ ਪਿਤਾ ਜੀ ਵਲੋਂ ਦਿੱਤੀ ਹੋਈ ਲਿਸਟ ਸੀ, ਉਹ ਸਾਰੇ ਉਹਨਾਂ ਲੋਕਾਂ ਦੀ ਸੀ, ਜੋ ਉਧਰ ਦੇ ਪੁਰਾਣੇ ਰਹਿਣ ਵਾਲੇ ਸਨ ਪਰ ਮੈਂ ਡਾਇਰੀ ''ਚੋਂ ਜਿਸ ਵੀ ਵਿਅਕਤੀ ਦਾ ਨਾਂ ਬੋਲਦਾ ਸੀ, ਉਹ ਕਹਿ ਦਿੰਦੇ ਸਨ, ਉਹ ਫੌਤ ਹੋ ਗਿਆ ਹੈ, ਠੀਕ ਹੀ ਹੁਣ 60 ਸਾਲਾਂ ਦੇ ਸਮੇਂ ਤੋਂ ਬਾਅਦ ਉਹਨਾਂ ''ਚੋਂ ਕੋਈ ਵੀ ਨਹੀ ਸੀ ਹਾਂ ਬਸ਼ੀਰ ਜੋ ਸਾਡੇ ਪਰਿਵਾਰ ਦਾ ਬਹੁਤ ਵਫਾਦਰ ਸੀ, ਉਸ ਦਾ ਲੜਕਾ ਜੋ 72 ਕੁ ਸਾਲ ਦੇ ਕਰੀਬ ਸੀ, ਉਹ ਠੀਕ-ਠਾਕ ਸੀ, ਜਦ ਉਸ ਨੂੰ ਪਤਾ ਲੱਗਾ ਤਾਂ ਉਹ ਸਾਰੇ ਕੰਮ ਛੱਡ ਕੇ ਆ ਗਿਆ। ਅੱਜ ਪਹਿਲੀ ਵਾਰ ਉਸ ਨੇ ਪਿੰਡ ਦੇ ਸਾਹਮਣੇ ਉਹ ਗੱਲ ਦੱਸੀ, ਜਿਸ ਨੂੰ ਮੈਂ ਕਈ ਵਾਰ ਸੁਣਿਆ ਸੀ। “ਰੋਜ ਹੀ ਸਵੇਰੇ ਅਫਵਾਹ ਹੁੰਦੀ ਸੀ, ਕਿ ਸਭ ਇੱਥੇ ਹੀ ਰਹਿਣਗੇ ਸ਼ਾਮ ਨੂੰ ਹੁੰਦੀ, ਸਿੱਖ ਹਿੰਦੂ ਚਲੇ ਜਾਣਗ'''' ਦੂਜੇ ਦਿਨ ਹੋਰ ਅਫਵਾਹ, ਅਗਲੇ ਦਿਨ ਹੋਰ। ਉਹ ਦਿਨ ਵੱਡੀ ਪ੍ਰੇਸ਼ਾਨੀ ਅਤੇ ਚਿੰਤਾ ਦੇ ਦਿਨ ਸਨ ਪਰ ਜਿਸ ਦਿਨ ਲੋਕ ਜਾਣੇ ਸ਼ੁਰੂ ਹੋ ਗਏ ਤੁਹਾਡੇ ਦਾਦਾ ਜੀ ਨੇ ਮੇਰੇ ਬਾਪ ਨੂੰ ਆਪਣੇ ਘਰ ਬੁਲਾਇਆ ਅਤੇ ਘਰ ਦੀਆਂ ਚਾਬੀਆਂ ਦਿੱਤੀਆਂ, ਘੋੜੀਆਂ ਅਤੇ ਮੱਝਾਂ ਦੇ ਕੋਲ ਲੈ ਗਏ ਅਤੇ ਕਹਿਣ ਲਗੇ, ਬਸ਼ੀਰ ਇਹ ਘੋੜੀਆਂ, ਇਹ ਮੱਝਾਂ, ਇਹ ਟਰੰਕ, ਇਹ ਬਿਸਤਰੇ, ਇਹ ਭਾਂਡੇ, ਇਹ ਸਮਾਨ, ਸਭ ਲੈ ਜਾਉ। ਇਹ ਲੋਕ ਲੈ ਜਾਣਗੇ। ਤੁਸੀਂ ਸਾਡੇ ਨਾਲ ਰਹੇ ਹੋ, ਲੈ ਜਾਉ। ਅਸੀਂ ਇਹ ਨਹੀਂ ਖੜ ਸਕਦ''''।
ਰਸ਼ੀਦ ਦੱਸ ਰਿਹਾ ਸੀ, ਅਤੇ ਉਥੇ ਖੜੀ-ਭੀੜ ਸੁੰਨ ਹੋ ਕੇ ਸੁਣ ਰਹੀ ਸੀ ਮੈਂ ਨਾਲ ਸੀ, ਮੈਂ ਆਪਣੇ ਬਾਪ ਵਲ ਵੇਖ ਰਿਹਾਂ ਸੀ, ਬਾਪ ਚੁੱਪ ਸੀ, ਦੋ ਮਿੰਟਾਂ ਬਾਅਦ, ਮੇਰੇ ਬਾਪ ਦੀ ਭੂਬ ਨਿਕਲੀ “ਨੰਬਰਦਾਰ ਜੀ, ਅਸੀਂ ਕਦੋਂ ਚਾਹੁੰਦੇ ਹਾਂ ਤੁਸੀ ਜਾਉ, ਸਾਨੂੰ ਤੇ ਇਹ ਵੀ ਨਹੀ ਪਤਾ ਇਹ ਕੌਣ ਚਾਹੁੰਦਾ ਹੈ'''', ਉਹ ਰੋ ਪਿਆ ਅਤੇ ਕਹਿ ਗਿਆ ਕਿ “ਅਸੀਂ ਇਹ ਸਮਾਨ ਨਹੀਂ ਖੜ ਸਦਕੇ.......''''। ਦੋ ਦਿਨ ਸਾਰਾ ਕੁਝ ਜਿਉ ਦਾ ਤਿਉ ਰਿਹਾ, ਕਿਸੇ ਨਹੀਂ ਛੇੜਿਆ ਬਾਅਦ ''ਚ ਹੋਰ ਪਿੰਡਾਂ ਦੇ ਲੋਕ ਆ ਕੇ ਲੈ ਗਏ, ਪਿਡ ਦੇ ਬੰਦਿਆਂ ਨੇ ਉਸ ਸਮਾਨ ਨੂੰ ਹੱਥ ਨਹੀਂ ਲਾਇਆ''''।  ਫਿਰ ਰਸ਼ੀਦ ਕਹਿਣ ਲੱਗਾ, “ਬੁਢੇ-ਖਾਂ ਘੁੰਮਣ ਦੇ ਭਤੀਜੇ ਨੂੰ ਮਿਲ ਕੇ ਜਾਇਉ ਉਹ ਤੁਹਾਡੇ ਪਰਿਵਾਰ ਨੂੰ ਰੋਜ ਯਾਦ ਕਰਦਾ ਹੈ ਅਤੇ ਇਸ ਤਰ੍ਹਾਂ ਹੀ ਉਸ ਨੇ ਉਹ ਕਹਾਣੀ ਸੁਣਾਈ “ਘੁੰਮਣ ਜੈਲਦਾਰ ਨੇ ਦੋ ਲੜਕੀਆਂ ਦਾ ਵਿਆਹ ਦੇ ਦਿੱਤਾ ਅਤੇ ਤੁਹਾਡੇ ਦਾਦਾ ਜੀ ਨੂੰ ਕਹਿਣ ਲੱਗਾ, ਦੋ ਮੁਰਬੇ ਲਿਖਾ ਲਉ, 10 ਹਜ਼ਾਰ ਰੁਪਏ ਦੇ ਦਿਉ ਪਰ ਤੁਹਾਡੇ ਦਾਦੇ ਨੇ 10 ਹਜ਼ਾਰ ਰੁਪਏ ਦੇ ਦਿੱਤੇ, ਮੁਰਬੇ ਨਾ ਲਿਖਵਾਏ। ਘੁੰਮਣ ਜੈਲਦਾਰ ਨੂੰ ਕਹਿਣ ਲੱਗੇ, “ਭਰਾ ਦੀਆਂ ਲੜਕੀਆਂ ਦੇ ਵਿਆਹਾਂ ਲਈ ਪੈਲੀ ਲਿਖਾਵਾਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਜਦੋਂ ਹੋਣਗੇ ਦੇ ਦਈ “ਪਰ ਪਾਕਿਸਤਾਨ ਬਣ ਗਿਆ। ਚਾਹ, ਜਲੇਬੀਆਂ, ਪਕੌੜੇ, ਇਸ ਤਰ੍ਹਾਂ ਵਰਤਾਏ ਜਾ ਰਹੇ ਸਨ ਜਿਵੇਂ ਕੋਈ ਜਸ਼ਨ ਹੋਵੇ, ਤਕਰੀਬਨ ਸਾਰਾ ਹੀ ਪਿੰਡ ਇੱਕਠਾ ਹੋ ਗਿਆ ਸੀ। ਲੋਕ ਆਪਣੇ ਘਰਾਂ ਵੱਲ ਖਿੱਚ ਰਹੇ ਸਨ, ਪਰ ਜਦੋਂ ਮੈਂ ਆਪਣੇ ਘਰ ਗਿਆ ਤਾਂ ਉਹ ਤਾਂ ਨਿੱਕੇ-ਨਿੱਕੇ ਕਮਰਿਆਂ ਦਾ ਛੋਟਾ ਜਿਹਾ ਘਰ ਸੀ ਅਤੇ ਮੈਂ ਜਾਂਦਿਆਂ ਹੀ ਸਿਰ ਫੇਰਿਆ, “ਨਹੀਂ ਇਹ ਸਾਡਾ ਘਰ ਨਹੀ, ਸਾਡੇ ਘਰ ਦਾ ਬਰਾਂਡਾ ਹੀ ਇੰਨਾ ਵੱਡਾ ਸੀ, ਕਿ 100 ਮੰਜੀਆਂ ਡਠ ਜਾਂਦੀਆ ਸਨ, ਇਹ ਕ'''', ਤਾਂ ਨਜ਼ੀਰ ਅਹਿਮਦ ਕਹਿਣ ਲੱਗਾ, “ਹੁਣ ਤੁਹਾਡੇ ਘਰ ''ਚੋਂ ਕੋਈ 56 ਘਰ ਹੋ ਗਏ ਹਨ, ਵੰਡ ਦਰ ਵੰਡ ਹੋ ਗਈ ਹੈ, ਜਦ ਦੇਸ਼ ਤੋਂ ਆਏ ਸੀ ਉਦੋਂ ਠੀਕ ਹੀ ਉਹ ਇਕ ਬਹੁਤ ਵੱਡਾ ਘਰ ਸ''''। ਹੋਰ ਕੋਈ ਕਹਿ ਰਿਹਾ ਸੀ, “ਦੇਸ਼ ''ਚ ਇਸ ਤਰ੍ਹਾਂ ਨਹੀਂ ਸੀ ਹੁੰਦ'''' ਅਤੇ ਉਹ 60 ਸਾਲਾਂ ਬਾਅਦ ਵੀ ਜਿਸ ਜਗਾਹ ਨੂੰ ਛੱਡ ਕੇ ਆਏ ਸਨ, ਦੇਸ਼ ਕਹਿੰਦੇ ਸਨ, ਜਿਸ ਨੂੰ ਹਰ ਕੋਈ ਉਸ ਹੀ ਜਜਬਾਤ ਨਾਲ ਵੇਖਣਾ ਚਾਹੁੰਦਾ ਸੀ, ਜਿਸ ਨਾਲ ਮੈਂ ਵੇਖਣ ਆਇਆ ਸੀ, ਪਿੰਡ ਦੀਆਂ ਗਲੀਆਂ ''ਚ ਘੁੰਮਦਿਆਂ, ਮੈਂ ਕਲਪਨਾ ਕਰ ਰਿਹਾ ਸੀ ਜੇ ਅਸੀਂ ਸਾਰਾ ਪਰਿਵਾਰ ਇੱਥੇ ਹੁੰਦੇ ਤਾਂ ਕਿਸ ਤਰ੍ਹਾਂ ਹੂੰਦਾ। ਕਾਰ ਤੱਕ
ਜਾਣ ਲੱਗਿਆ ਰਸ਼ੀਦ ਨੇ ਮੇਰਾ ਹੱਥ ਫੜ ਲਿਆ, ਇੱਕਲੇ-ਇੱਕਲੇ ਜੀਅ ਦਾ ਨਾ ਲੈ ਕੇ ਪੁੱਛਣ ਲੱਗਾ, “ਕੀ ਕਰਦਾ ਹੈ, ਕਿੱਥੇ ਹੁੰਦਾ ਹੈ, ਕਿੰਨਾ ਪੜਿਆ ਸੀ, ਕਿਹੜੀ ਨੌਕਰੀ ਕੀਤੀ ਸੀ, ਅਖੀਰ ਕਾਰ ''ਚ ਬੈਠਣ ਤੋਂ ਪਹਿਲਾਂ ਮੈਨੂੰ ਜੱਫੀ ਪਾ ਕੇ ਕਹਿਣ ਲੱਗਾ ਆਪਣੇ ਪਿਤਾ ਜੀ ਨੂੰ ਮੇਰੀ ਯਾਦ ਕਰਾਉਣੀ ਅਤੇ ਮੇਰੇ ਵੱਲੋਂ ਸਲਾਮ ਕਹਿਣਾਂ ਅਤੇ ਹੋਰ ਕੁਝ ਬੋਲਣ ਤੋਂ ਪਹਿਲਾਂ ਹੀ ਉਸ ਦੇ ਅੱਥਰੂ ਨਿਕਲ ਆਏ, ਪਰ ਮੈਂ ਤਾਂ ਕੁਝ ਵੀ ਨਾਂ ਬੋਲ ਸਕਿਆ। ਗਲਾ ਭਰ ਗਿਆ। 


Related News