ਇਕ ਵਿਰਾਸਤ ਹੈ ਦਿਆਲ ਸਿੰਘ ਕਾਲਜ ਦਿੱਲੀ

12/04/2017 4:26:59 PM

ਦਿਆਲ ਸਿੰਘ ਕਾਲਜ ਦਿੱਲੀ ਦੇ ਨਾਂਅ ਨੂੰ ਉਸ ਦੇ ਪਹਿਲੇ ਨਾਂਅ ਤੋਂ ਬਦਲ ਕੇ ਵੰਦੇ ਮਾਤਮ ਮਹਾਵਿਦਿਆਲਾ ਰੱਖਣ ਨਾਲ, ਨਾ ਸਿਰਫ ਭਾਰਤ ਸਗੋਂਂ ਉਸ ਵਿਰਾਸਤ ਦੀ ਗੱਲ ਹੈ ਜਿਸ ਨੂੰ ਜੀਵਤ ਰੱਖਣ ਲਈ ਹਰ ਪ੍ਰਾਂਤ ਦੀ ਅਤੇ ਕੇਂਦਰ ਦੀ ਸਰਕਾਰ ਵਲੋਂ ਕਈ ਸੰਸਥਾਵਾਂ ਅਤੇ ਵਿਭਾਗ ਸਥਾਪਤ ਕੀਤੇ ਗਏ ਹਨ। ਯੂਨੈਸਕੋ ਜੋ ਸੰਯੁਕਤ ਰਾਸ਼ਟਰ ਸੰਘ ਦਾ ਮਹੱਤਵਪੂਰਨ ਅੰਗ ਹੈ, ਵਲੋਂ ਵਿਰਾਸਤੀ ਇਮਾਰਤਾਂ ਅਤੇ ਹੋਰ ਥਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵਿਰਾਸਤੀ ਦਰਜਾ ਦਿੱਤਾ ਜਾਂਦਾ ਹੈ। ਕਾਲਜ ਦੇ ਨਾਂਅ ਨੂੰ ਬਦਲਣ ਨਾਲ ਕਾਲਜ ਨਾਲ ਸਬੰਧਤ ਵਿਅਕਤੀਆਂ ਅਤੇ ਉਥੇ ਰਹਿ ਚੁੱਕੇ ਵਿਦਿਆਰਥੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਕਿਉਂ ਜੋ ਦਿਆਲ ਸਿੰਘ ਕਾਲਜ ਨਾਲ ਸੁਤੰਤਰਤਾ ਤੋਂ ਪਹਿਲਾਂ ਦਾ ਇਤਿਹਾਸ ਵੀ ਜੁੜਿਆ ਹੋਇਆ ਹੈ।
1845-46 ਵਿਚ ਸਿੱਖਾਂ ਅਤੇ ਅੰਗਰੇਜ਼ਾਂ ਦੀ ਦੂਸਰੀ ਜੰਗ ਤੋਂ ਪਹਿਲਾਂ ਪੰਜਾਬ ਇਕੱਲਾ ਹੀ ਭਾਰਤ ਦਾ ਉਹ ਖੇਤਰ ਸੀ, ਜੋ ਅੰਗਰੇਜ਼ਾਂ ਦੇ ਅਧੀਨ ਨਹੀਂ ਸੀ ਪਰ ਜੰਗ ਤੋਂ ਬਾਅਦ ਉਹ ਵੀ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਆ ਗਿਆ। ਉਸ ਵਕਤ ਪੰਜਾਬ ਵਿਚ ਅੰਗਰੇਜ਼ਾਂ ਵਲੋਂ ਅਪਣਾਈ ਗਈ ਵਿੱਦਿਅਕ ਨੀਤੀ ਅਧੀਨ ਕਾਲਜ ਖੋਲੇ ਗਏ। ਲਾਹੌਰ, ਪੰਜਾਬ ਦੀ ਰਾਜਧਾਨੀ ਸੀ, ਇਸ ਲਈ ਉਥੇ ਸਰਕਾਰੀ ਕਾਲਜ ਸਥਾਪਤ ਕੀਤਾ ਗਿਆ ਹੈ। ਉਸ ਵਕਤ ਦੇ ਸਿੱਖ ਰਾਈਸਾਂ ਅਤੇ ਮਹਾਰਾਜਿਆਂ ਵਲੋਂ ਸਿੰਘ ਸਭਾ ਲਹਿਰ ਅਤੇ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਪ੍ਰੇਰਨਾਂ ਨਾਲ ਪੰਜਾਬ ਵਿਚ ਵਿੱਦਿਅਕ ਅਦਾਰੇ ਖੋਲ੍ਹਣ ਬਾਰੇ ਵਿਚਾਰਾਂ ਹੋਈਆਂ, ਜਿਸ ਦਾ ਇਕ ਉਦੇਸ਼ ਇਹ ਸੀ ਕਿ ਪੰਜਾਬ ਦੇ ਲੋਕ ਅੰਤਰਰਾਸ਼ਟਰੀ ਪੱਧਰ 'ਤੇ ਨੌਕਰੀਆਂ ਅਤੇ ਉੱਚ-ਅਹੁਦਿਆਂ ਲਈ ਮੁਕਾਬਲੇ ਦੀ ਪ੍ਰੀਖਿਆ ਲਈ ਯੋਗ ਹੋ ਸਕਣ। ਸਿੱਖ ਸਰਦਾਰਾਂ ਅਤੇ ਮਹਾਰਜਿਆਂ ਨੇ 'ਖਾਲਸਾ ਕਾਲਜ' ਸਥਾਪਤ ਕਰਨ ਬਾਰੇ ਸੋਚਿਆ ਅਤੇ ਉਸ ਵਕਤ ਲਾਹੌਰ ਪੰਜਾਬ ਦੀ ਰਾਜਧਾਨੀ ਹੋਣ ਅਤੇ ਪੁਰਾਣੇ ਸਮੇਂ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਾਜਧਾਨੀ ਵੀ ਲਾਹੌਰ ਰਹੀ ਹੋਣ ਕਾਰਨ ਇਸ ਕਾਲਜ ਨੂੰ ਵੀ ਲਾਹੌਰ ਵਿਚ ਵੀ ਸਥਾਪਤ ਕਰਨ ਦੀ ਗੱਲ ਸੋਚੀ ਗਈ, ਜਿਸ ਲਈ ਪੰਜਾਬ ਦੇ ਸਭ ਰਾਈਸਾਂ, ਮਹਾਰਾਜਿਆਂ ਅਤੇ ਪੰਜਾਬ ਦੀ ਆਮ ਜਨਤਾ ਨੇ ਵੀ ਯੋਗਦਾਨ ਪਾਇਆ।

PunjabKesari
ਇਸ ਕਾਲਜ ਦੀ ਸਥਾਪਨਾ ਤੋਂ ਪਹਿਲਾ ਸ: ਦਿਆਲ ਸਿੰਘ ਮਜੀਠੀਆ ਜੋ ਬਹੁਤ ਵੱਡੀ ਜਾਇਦਾਦ ਦੇ ਮਾਲਕ ਸਨ, ਪਰ ਉਨ੍ਹਾਂ ਦੀ ਔਲਾਦ ਨਹੀਂ ਸੀ। ਉਨ੍ਹਾਂ ਨੇ ਆਪਣੀ ਦੂਰਅੰਦੇਸ਼ੀ ਨਾਲ ਲਾਹੌਰ ਤੋਂ ਟ੍ਰਿਬਿਊਨ ਅਖਬਾਰ ਜੋ ਅੰਗਰੇਜ਼ੀ ਵਿਚ ਛਪਦਾ ਸੀ, ਉਹ ਸ਼ੁਰੂ ਕੀਤਾ। ਇਸ ਉਸ ਵਕਤ ਦੇ ਪੜ੍ਹਿਆ-ਲਿਖਿਆਂ ਵਿਚ ਇਕ ਹਰਮਨ-ਪਿਆਰੀ ਅਖਬਾਰ ਸੀ, ਜਿਸ ਨੇ ਆਮ ਲੋਕਾਂ ਦੀ ਚੇਤਨਾ ਨੂੰ ਅੱਗੇ ਵਧਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਜਦੋਂ ਇਹ ਯੋਜਨਾ ਬਣ ਗਈ ਕਿ ਖਾਲਸਾ ਕਾਲਜ ਲਈ ਏਨੀ ਰਕਮ ਚਾਹੀਦੀ ਹੈ ਅਤੇ ਉਸ ਲਈਤ ਕਿਨ੍ਹਾਂ-ਕਿਨ੍ਹਾਂ ਲੋਕਾਂ ਨੇ ਕਿੰਨਾ-ਕਿੰਨਾ ਹਿੱਸਾ ਪਾਉਣਾ ਹੈ, ਉਸ ਵਕਤ ਸ: ਦਿਆਲ ਸਿੰਘ ਮਜੀਠੀਆ ਨੇ ਕਾਲਜ ਦੀ ਉਸ ਕਮੇਟੀ ਕੋਲ ਇਹ ਪੇਸ਼ਕਸ਼ ਕੀਤੀ ਕਿ ਉਹ ਕਾਲਜ ਲ ਈ ਲੋੜੀਦੀਂ ਸਾਰੀ ਦੀ ਸਾਰੀ ਰਕਮ ਦੇਣ ਲਈ ਤਿਆਰ ਹਨ, ਜੇ ਇਸ ਦਾ ਨਾਂਅ ਦਿਆਲ ਸਿੰਘ ਕਾਲਜ ਰੱਖਿਆ ਜਾਵੇ। ਪਰ ਖਾਲਸਾ ਕਾਲਜ ਵਾਲੀ ਕਮੇਟੀ ਨੇ ਵਿਚਾਰ ਵਟਾਂਦਰੇ ਤੋਂ ਬਾਅਦ ਸ: ਦਿਆਲ ਸਿੰਘ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਅਤੇ ਫੈਸਲਾ ਕੀਤਾ ਕਿ ਇਸ ਕਾਲਜ ਦਾ ਨਾਂਅ ਤਾਂ 'ਖਾਲਸਾ ਕਾਲਜ' ਹੀ ਰਹੇਗਾ।
ਇਸ ਲਈ ਖਾਲਸਾ ਕਾਲਜ ਤਾਂ 1892 ਵਿਚ ਅੰਮ੍ਰਿਤਸਰ ਵਿਖੇ ਸਥਾਪਤ ਹੋ ਗਿਆ ਪਰ ਦਿਆਲ ਸਿੰਘ ਮਜੀਠੀਆ ਦੇ ਮਨ ਵਿਚ ਕਾਲਜ ਸਥਾਪਤ ਕਰਨ ਦੀ ਗੱਲ ਸਮਾਈ ਰਹੀ। ਇਸ ਲਈ ਇਸ ਤੋ ਕੋਈ 18 ਸਾਲ ਬਾਅਦ 1910 ਵਿਚ ਸ: ਦਿਆਲ ਸਿੰਘ ਨੇ ਦਿਆਲ ਸਿੰਘ ਕਾਲਜ,  ਲਾਹੌਰ  ਵਿਖੇ ਸਥਾਪਤ ਕਰ ਦਿੱਤਾ ਅਤੇ ਉਸ ਨੂੰ ਦਿਆਲ ਸਿੰਘ ਟਰੱਸਟ ਦੇ ਹਵਾਲੇ ਕਰ ਦਿੱਤਾ।
ਸੁਤੰਤਰਤਾ ਤੋਂ ਪਹਿਲਾਂ ਇਸ ਕਾਲਜ ਵਿਚ ਲਾਹੌਰ ਅਤੇ ਪੰਜਾਬ ਤੋਂ ਇਲਾਵਾ ਹੋਰ ਖੇਤਰਾਂ ਦੇ ਬਹੁਤ ਸਾਰੇ ਵਿਦਿਆਰਥੀ ਵੀ ਦਾਖਲ ਹੋ ਕੇ ਸਿੱਖਿਆ ਹਾਸਲ ਕਰਦੇ ਹਹੇ। ਉਸ ਵਕਤ ਲਾਹੌਰ ਵਿੱਦਿਆ ਦਾ ਇਕ ਵੱਡਾ ਕੇਂਦਰ ਸੀ। ਉਥੇ ਦੇ ਹੋਰ ਕਾਲਜਾਂ ਵਿਚ ਐਫ.ਸੀ. ਕਾਲਜ, ਡੀ.ਏ.ਵੀ. ਕਾਲਜ, ਚੀਫਸ ਕਾਲਜ ਜਿਸ ਵਿਚ ਪੰਜਾਬ ਦੇ ਰਾਈਸਾਂ ਦੇ ਬੱਚੇ ਪੜ੍ਹਦੇ ਸਨ ਅਤੇ ਗੌਰਮੈਂਟ ਕਾਲਜ ਵੀ ਚੱਲ ਰਹੇ ਸਨ ਪਰ ਦਿਆਲ ਸਿੰਘ ਕਾਲਜ ਵੀ ਇਨ੍ਹਾਂ ਦੇ ਮੁਕਾਬਲੇ 'ਤੇ ਓਨਾ ਹੀ ਪ੍ਰਸਿੱਧ ਕਾਲਜ ਸੀ। ਇਸ ਕਾਲਜ ਤੋਂ ਪੜ੍ਹੇ ਵਿਦਿਆਰਥੀ ਉਸ ਵਕਤ ਪੰਜਾਬ ਸਰਕਾਰ ਅਤੇ ਹੋਰ ਅਦਾਰਿਆਂ ਵਿਚ ਉੱਚ-ਅਹੁਦਿਆਂ 'ਤੇ ਨਿਯੁਕਤ ਹੋਏ। ਉਸ ਵਕਤ ਇਹ ਕਾਲਜ ਨਾ ਸਿਰਫ ਵਿੱਦਿਅਕ ਖੇਤਰ ਵਿਚ ਸਗੋਂ ਖੇਡਾਂ ਅਤੇ ਹੋਰ ਸੱਭਿਆਚਾਰਕ ਕਾਰਵਾਈਆਂ ਲਈ ਵੀ ਮੋਹਰੀ ਕਾਲਜ ਸੀ।
ਦਿਆਲ ਸਿੰਘ ਕਾਲਜ ਦੇ ਉਸ ਟਰੱਸਟ ਵਲੋਂ ਦਿਆਲ ਸਿੰਘ ਦੀ ਲਾਇਬ੍ਰੇਰੀ ਸਥਾਪਤ ਕੀਤੀ ਗਈ ਜਿਹੜੀ ਹਰ ਵਿਅਕਤੀ ਲਈ ਖੁੱਲ੍ਹੀ ਸੀ। ਉਹ ਸੜਕ ਜਿਹੜੀ ਦਿਆਲ ਸਿੰਘ ਕਾਲਜ ਨੂੰ ਜਾਂਦੀ ਸੀ, ਉਸ ਸੜਕ ਦਾ ਨਾਂਅ ਨਿਸਬਤ ਰੋਡ ਤੋਂ ਬਦਲ ਕੇ 'ਦਿਆਲ ਸਿੰਘ ਰੋਡ' ਪੈ ਗਿਆ।
1947 ਵਿਚ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਦਿਆਲ ਸਿੰਘ ਕਾਲਜ ਟਰੱਸਟ ਦੇ ਮੈਂਬਰ ਵੀ ਭਾਰਤ ਆ ਗਏ, ਜਿਨ੍ਹਾਂ ਵਿਚੋਂ ਇਕ ਬਾਅਦ ਵਿਚ ਦੀਵਾਨ ਆਨੰਦ ਕੁਮਾਰ, ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ। ਇਸ ਟਰੱਸਟ ਨੇ ਪਾਕਿਸਾਨ ਤੋਂ ਆਏ ਸ਼ਰਨਾਰਥੀਆਂ ਲਈ ਦਿੱਲੀ ਵਿਚ ਕੈਂਪ ਕਾਲਜ ਖੋਲ੍ਹ ਕੇ ਦਿਆਲ ਸਿੰਘ ਕਾਲਜ ਦੇ ਰਾਹੀਂ ਸਿੱਖਿਆ ਦੇਣੀ ਸ਼ੁਰੂ ਕੀਤੀ, ਜਿਸ ਲਈ ਪਹਿਲਾਂ ਤਾਂ ਆਰਜ਼ੀ ਇੰਤਜ਼ਾਮ ਕੀਤਾ ਗਿਆ ਪਰ ਬਾਅਦ ਵਿਚ ਟਰੱਸਟ ਵਲੋਂ ਉਸ ਨੂੰ ਪੂਰਨ ਕਾਲਜ ਵਿਚ ਬਦਲ ਦਿੱਤਾ ਗਿਆ। ਇਸ ਹੀ ਟਰੱਸਟ ਵਲੋਂ ਇਕ ਹੋਰ ਦਿਆਲ ਸਿੰੰਘ ਕਾਲਜ ਕਰਨਾਲ ਵਿਚ ਵੀ ਸ਼ੁਰੂ ਕੀਤਾ ਗਿਆ। ਭਾਰਤ ਵਿਚ ਪਹਿਲਾ ਈਵਨਿੰਗ ਕਾਲਜ ਜਿਸ ਵਿਚ ਸ਼ਾਮ ਨੂੰ ਆਮ ਕੰਮ-ਕਾਜ ਤੋਂ ਬਾਅਦ ਵਿੱਦਿਆ ਦੇਣ ਦੀ ਵਿਵਸਥਾ ਸੀ, ਉਹ ਵੀ ਦਿਆਲ ਸਿੰਘ ਕਾਲਜ ਵਿਚ ਵੀ ਸ਼ੁਰੂ ਕੀਤਾ ਗਿਆ ਸੀ।
ਦੂਜੇ ਪਾਸੇ ਲਾਹੌਰ ਵਾਲੇ ਦਿਆਲ ਸਿੰਘ ਕਾਲਜ ਦੀ ਜਾਇਦਾਦ ਐਵੇਕਿਊ ਪ੍ਰਾਪਰਟੀ ਦੇ ਅਧੀਨ ਆ ਗਈ ਅਤੇ ਉਸ ਨੇ ਉਸ ਦਾ ਨਾਂਅ ਬਦਲਣ ਦੀ ਕੋਸ਼ਿਸ਼ ਕੀਤੀ ਪਰ ਉਥੋਂ ਦੇ ਸਟਾਫ ਅਤੇ ਪੁਰਾਣੇ ਵਿਦਿਆਰਥੀਆਂ ਨੇ ਉਸ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ। ਮੈਂ ਪਿੱਛੇ ਜਿਹੇ ਲਾਹੌਰ ਗਿਆ ਸਾਂ। ਜਦੋਂ ਮੈਂ ਦਿਆਲ ਸਿੰਘ ਕਾਲਜ ਦੇ ਸਟਾਫ ਰੂਮ ਵਿਚ ਗਿਆ ਤਾਂ ਸ: ਦਿਆਲ ਸਿੰਘ ਦੀ ਵੱਡੀ ਪੋਰਟਰੇਟ ਲੱਗੀ ਵੇਖੀ, ਜਿਸ ਨੂੰ ਉਥੋਂ ਦੇ ਸਟਾਫ ਮੈਂਬਰ ਰੋਜ਼ਾਨਾ ਹੀ ਵੇਖਦੇ ਹਨ, ਤਾਂ ਇਹ ਖਿਆਲ ਆਉਣਾ ਸੁਭਾਵਿਕ ਹੈ ਕਿ ਇਕ ਵਿਅਕਤੀ ਦੀ ਦੂਰਅੰਦੇਸ਼ੀ ਕਰਕੇ, ਲੱਖਾਂ ਲੋਕਾਂ ਨੇ ਉਸ ਦੇ ਯਤਨ ਦਾ ਫਾਇਦਾ ਉਠਾਇਆ। ਅੱਜ ਜੇ ਦਿੱਲੀ ਵਾਲੇ ਦਿਆਲ ਸਿੰਘ ਕਾਲਜ ਦਾ ਨਾਂਅ ਬਦਲ ਕੇ ਕੋਈ ਹੋਰ ਨਾਂਅ ਰੱਖ ਲਿਆ ਜਾਵੇਗਾ ਤਾਂ ਉਹ ਵਿਦਿਆਰਥੀ ਜਿਨ੍ਹਾਂ ਨੇ ਉਥੋਂ ਵਿੱਦਿਆ ਪ੍ਰਾਪਤ ਕੀਤੀ ਹੈ, ਜਦੋਂ ਉਹ ਇਹ ਜਾਣਨਗੇ ਕਿ ਉਹ ਉਸ ਦਿਆਲ ਸਿਘ ਕਾਲਜ ਦੇ ਵਿਦਿਆਰਥੀ ਹਨ ਜੋ ਹੁਣ ਕਿਤੇ ਵੀ ਨਹੀਂ ਰਿਹਾ, ਤਾਂ ਉਨ੍ਹਾਂ ਦੇ ਮਨੋ-ਭਾਵ ਕਿਸ ਤਰ੍ਹਾਂ ਦੇ ਹੋਣਗੇ, ਇਹ ਗੱਲ ਸਮਝੀ ਜਾ ਸਕਦੀ ਹੈ। ਦੂਜੇ ਪਾਸੇ ਲਾਹੌਰ (ਪਾਕਿਸਤਾਨ) ਜਿਥੇ ਇਹ ਸਥਾਪਤ ਹੋਇਆ ਸੀ, ਉਥੇ ਅੱਜ ਵੀ ਇਸ ਨੂੰ ਉਸ ਹੀ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਉਸ ਨਾਲ ਜੁੜੀ ਲਾਇਬ੍ਰੇਰੀ ਦਾ ਨਾਂਅ ਵੀ ਦਿਆਲ ਸਿੰਘ ਲਾਇਬ੍ਰੇਰੀ ਅਤੇ ਉਸ ਸੜਕ ਦਾ ਨਾਂਅ ਵੀ 'ਦਿਆਲ ਸਿੰਘ ਰੋਡ' ਹੀ ਹੈ। 
ਲੇਖਕ, ਇੰਸਟੀਟਿਊਟਸ ਆਫ ਸੋਸ਼ਲ ਸਾਇੰਸੀਸ 
ਨਿਊ ਦਿਲੀ ਦਾ ਸੀਨੀਅਰ ਫੈਲੋ ਹੈ। 
ਡਾ. ਸ.ਸ. ਛੀਨਾ    


Related News