“ਯਾਦਾਂ ਵੀ ਕਿੰਨੀਆਂ ਅਮੀਰ ਹੁੰਦੀਆਂ ਹਨ''''

09/18/2017 5:50:22 PM

ਅੱਜ ਪਰਦੇਸਾਂ 'ਚ ਬੈਠਿਆਂ ਕੋਲ ਯਾਦਾਂ ਹੀ ਤਾਂ ਨੇ । ਉਂਝ ਤਾਂ ਹਫਤਾ ਭਰ ਕੰਮਾਂ 'ਚ ਸੁਰਤ ਰਹਿੰਦੀ ਏ ਪਰ ਕਦੇ-ਕਦੇ ਤਾਂ ਚਿੰਤਾਵਾਂ ਐਨੀਆਂ ਵੱਧ ਜਾਂਦੀਆ ਕਿ ਜੀਅ ਕਰਦਾ ਸਭ ਛੱਡ ਕੇ ਪਿੰਡ ਭੱਜ ਜਾਵਾਂ । ਪਰ ਇਹੀ ਤਾਂ ਪਰਦੇਸ ਆ, ਨਾ ਰਿਹਾ ਜਾਂਦਾ ਤੇ ਨਾ ਹੀ ਛੱਡਿਆ ਜਾਂਦਾ । ਕਦੇ-ਕਦੇ ਦਿਲੀ ਕਬੂਤਰ ਜਦ ਉਡਾਰੀ ਮਾਰ ਕੇ ਪਿੰਡ ਵੱਲ ਨੂੰ ਹੋ ਲੈਂਦਾ ਤਾਂ ਅੱਖਾਂ ਭਿੱਜ ਜਾਂਦੀਆਂ । ਸਾਰੇ ਦੋਸਤ ਮਿੱਤਰ ਜਦ ਵੀ ਿਕਤੇ ਇਕੱਠੇ ਬਹਿੰਦੇ ਆ ਤਾਂ ਆਪੋ ਆਪਣੇ ਪਿੰਡਾਂ, ਆਪਣੇ ਬੇਲੀਆਂ ਦੀ ਗੱਲ ਤੋਰਦੇ ਆ । ਹਰ ਕਿਸੇ ਦੇ ਹਿੱਸੇ ਆਪਣੀਆਂ ਯਾਦਾਂ ਨੇ, ਜਦ ਉਹਨਾਂ ਯਾਦਾਂ ਦੀਆਂ ਪਰਤਾਂ ਨੂੰ ਫੋਲੀਦਾ ਤਾਂ ਅਸਲ ਅਮੀਰੀ ਉੱਥੋਂ ਨਿੱਕਲਦੀ ਆ । ਕਿਸੇ ਨੂੰ ਪੱਠੇਵੱਢੇ ਯਾਦ ਆਉਂਦੇ ਨੇ, ਕਿਸੇ ਨੂੰ ਖੁੰਢ ਤੇ ਬਹਿ ਕੇ ਕੀਤੀਆਂ ਮਸ਼ਕਰੀਆਂ । ਫਿਰ ਮਹਿਫਲ 'ਚ ਜੁੜਿਆ ਹਰੇਕ ਮਿੱਤਰ ਆਪੋ-ਆਪਣੇ ਹਿੱਸੇ ਦਾ ਯੋਗਦਾਨ ਪਾਉਂਦਾ । ਪਹਿਲੋਂ-ਪਹਿਲ ਪਰਦੇਸੀ ਪੁੱਤ ਤੋਰ ਕੇ ਮਾਵਾਂ ਰਾਹ ਹੀ ਤੱਕਦੀਆਂ ਰਹਿੰਦੀਆਂ ਸੀ, ਪਰ ਹੁਣ ਨੈੱਟ ਨੇ ਕੁੱਝ ਕੁ ਕੰਮ ਸੁਖਾਲਾ ਕਰ ਦਿੱਤਾ ਏ । ਤਸਵੀਰਾਂ, ਵੀਡਿਉ ਕਾਲ ਨਾਲ ਬੰਦਾ ਆਪਣਿਆਂ ਨੂੰ ਸੁੱਖ-ਸਾਂਦ ਦੱਸਦਾ ਰਹਿੰਦਾ । ਕੱਲ ਸਾਡੇ ਆਲੇ ਨੇ ਵਟਸਐਪ ਤੇ ਫੋਟੋਆਂ ਭੇਜੀਆਂ । ਮੈਂ ਕੰਮ ਤੋਂ ਘਰ ਆਇਆ ਹੀ ਸੀ, ਫੋਟੋਆਂ ਦੇਖਦੇ ਹੀ ਮੇਰੇ ਚਿਹਰੇ ਤੇ ਚਮਕ ਆ ਗਈ ਤੇ ਜਿਉਂ ਹੀ ਮੇਰੀ ਸਾਰੀ ਥਕਾਵਟ ਲੱਥ ਗਈ । ਮਾਮੇ ਵਰਗੇ ਖੇਸੀਆਂ ਦੀ ਬੁੱਕਲ ਮਾਰੀ ਖੜੇ ਸੀ । ਵੱਡਾ ਮਾਮਾ ਸੁਭਾਅ ਮੁਤਾਬਿਕ ਪੂਰਾ ਖੁੱਲ ਕੇ ਹੱਸਰਿਹਾ ਸੀ । ਬੇਬੇ ਨਾਨਕੀ ਗਈ ਵੀ ਸੀ, ਆਪਣੀ ਮਾਂ ਨੂੰ ਮਿਲਣ ।ਮਾਪੇ ਤਾਂ ਸਦਾ ਹੀ ਲੋੜੀਦੇਂ ਨੇ । ਫੋਟੋ 'ਚ ਬੇਬੇ ਛਿਟੀਆਂ ਚੁੱਕੀ ਆਉਂਦੀ ਦਿਸਦੀ ਆ ਤੇ ਮਾਸੀ ਖੋਆ ਮਾਰਣ ਦੀ ਤਿਆਰੀ ਕਰ ਰਹੀ ਸੀ । ਮੈਨੂੰ ਵੇਲਾ ਯਾਦ ਆ ਗਿਆ, ਜਦ ਆਹ ਸਿਆਲਾਂ ਆਲੀਆ ਛੁੱਟੀਆ ਹੁੰਦੀਆ ਸੀ ਤਾਂ ਪਹਿਲੀ ਛੁੱਟੀ ਨੂੰ ਹੀ ਨਾਨਕੀਂ ਚਲੇ ਜਾਣਾ । ਚਾਰ ਵਜੇ ਆਲੀ ਵਿਰਕ ਬੱਸ ਨੂੰ ਮਾਮੀ ਵਰਗੀਆਂ ਨੇ ਉਡੀਕਣਾ ਵੀ
ਏਸੇ ਤੇ ਆਉਣਗੇ । ਜੇ ਕੋਈ ਅੱਡੇ ਵੱਲੋਂ ਨਾਂ ਆਉਂਦਾ ਦਿਸਣਾ ਤਾਂ ਉਹਨਾਂ ਨੇ ਅਗਲੇ ਦਿਨ ਤੇ ਆਸ ਰੱਖ ਲੈਣੀ । ਸਾਡਾ ਆਉਣ ਸਾਰ ਸੱਸਰੀਕਾਲ ਦਾ ਦੌਰ ਪਸ਼ੂਆਂ 'ਚ ਫਿਰਦੇ ਮਾਮੇ ਵਰਗਿਆਂ ਤੋਂ ਲੈ ਕੇ ਸਵਾਤ 'ਚ ਬੈਠੀ ਨਾਨੀ ਕੋਲ ਜਾ ਕੇ ਮੁੱਕਣਾ । ਆਪਾਂ ਪਾਣੀ ਫੇਰ ਪੀਣਾ, ਪਹਿਲਾਂ ਹੱਟੀ ਨੂੰ ਭੱਜ ਲੈਣਾ । ਬੇਬੇ ਦੇ ਕੱਲਕੱਤੇ ਵਾਲੇ ਚਾਚੇ ਕੇ ਦਰਵਾਜੇ 'ਚ ਲਾਲੇ ਦੀ ਹੱਟੀ ਸੀ । ਉਹਨੇ ਮੈਨੂੰ ਦੇਖ ਕੇ ਖੁਸ਼ ਹੋ ਜਾਣਾ ਤੇ ਇੱਕ ਗੱਲ ਪੱਕੀ ਪੁੱਛਣੀ ਹੁੰਦੀ “ਕੀਹਦੇ ਨਾਲ ਆਇਆ? ਕਦੋ ਆਇਆ?“ ਮੈਂ ਗੰਜਾ, ਲਾਲ ਜੀਰਾ ਤੇ ਚੂਰਣ ਲੈ ਕੇ ਕਹਿਣਾ, “ਲਾਲੇ ਪੈਸੇ ਲਿਖਲੀਂ, ਮਾਮਾ ਆਪੇ ਦੇਜੂ“ । ਅੱਜ ਐਥੇ ਬੈਕਾਂ ਚੋ ਲੋਨ ਚੱਕੇ ਵੇ ਨੇ, ਪਿੰਡ ਲਿਮਟਾਂ । ਪਰ ਉਹ ਅਮੀਰੀ, ਉਹ ਸਰਦਾਰੀ ਸੀ ਸਾਡੀ ।ਕਰਮਾਂ ਵਾਲੇ ਨੇ ਉਹ ਦੋਹਤੇ, ਭਾਣਜੇ, ਜਿੰਨਾਂ ਦੇ ਮਾਮੇ ਨੇ । ਫੇਰ ਰਾਤ ਨੂੰ ਸਾਰਿਆ ਨੇ ਸਵਾਤ 'ਚ ਮੰਜੇ ਡਾਹ ਲੈਣੇ । ਸਾਰਿਆ ਨੇ ਰਜਾਈਆਂ 'ਚ ਬਹਿ ਜਾਣਾ । ਦੋਹਤੇ ਦਾ ਤਿਉ ਬਾਹਲਾ ਸੀ । ਮੈਨੂੰ ਸਭ ਨੇ ਵਾਰੋ ਵਾਰੀ ਕਹਿਣਾ “ਪੈਰ ਰਜਾਈ ਵਿੱਚ ਕਰਲਾ, ਪੁੱਤ ਠੰਡ ਲੱਗਜੂ “। ਪਹਿਲੀ ਰਾਤ ਤਾਂ ਮਾਂ ਵਰਗੀਆਂ ਪਿੰਡ ਦੀ ਸੁੱਖ ਸਾਂਦ ਲੈਂਦੀਆ । ਅੱਜ-ਕੱਲ ਗੱਲਾਂ ਹੋਰ ਹੋ ਗਈਆ । ਪਰ ਮਾਂ ਵਰਗੀਆਂ ਨੂੰ ਸਭ ਦੀਆ ਸਕੀਰੀਆਂ ਦਾ ਪਤਾ ਹੁੰਦਾ ਸੀ । ਜੇ ਕਿਸੇ ਦੇ ਸੁੱਖ ਦੀ ਖਬਰ ਮਿਲਣੀ ਤਾਂ ਕਹਿਣਾ “ਚੱਲ ਨੀ ਚੰਗਾ ਹੋਇਆ, ਬਹੁਤ ਨਰਕ ਭੋਗਿਆ ਸੀ ਉਹਨੇ ਵੀ, ਸੁਣਲੀ ਮਾਹਰਾਜ ਨੇ“ । ਜੇ ਕਿਸੇ ਦੀ ਮਰਗ ਦਾ ਪਤਾ ਲੱਗਣਾ ਤਾਂ ਬੋਲਾਂ 'ਚ ਈ ਸੋਗ ਦਿਸਣਾ “ਹਾਏ ਨੀ ! ਉਹਨੂੰ ਕੀ ਹੋ ਗਿਆ । ਉਹ ਤਾਂ ਸੁੱਖ ਨਾਲ ਤਕੜਾ ਪਿਆ ਸੀ “ । ਮੈਂ ਤਾਂ ਸੁਣਦਾ-ਸੁਣਦਾ ਸੌਂ ਜਾਂਦਾ ਸੀ ।ਅਗਲੇ ਦਿਨ ਤੜਕੇ ਸੇਵੀਆਂ ਬਣਨੀਆ । ਰੋਟੀ ਖਾ ਕੇ ਦੂਜੇ ਮਾਮੇ ਕੇ ਘਰ ਨੂੰ ਚਾਲੇ ਪਾ ਦੇਣੇ । ਰਾਹ 'ਚ ਜਿੰਨੇ ਬੰਦੇ ਟੱਕਰਨੇ, ਸਭ ਨੇ ਬੇਬੇ ਦਾ ਸਿਰ ਪਲੋਸਣਾ ਤੇ ਸੁੱਖ ਸਾਂਦ ਪੁੱਛਣੀ । ਮੈਨੂੰ ਕਲਾਵੇ 'ਚ ਲੈਂਦਿਆ ਮਾਂ ਨੂੰ ਕਹਿਣਾ, “ਕੁੜੇ ਮੁੰਡਾ ਸੁੱਖ ਨਾਲ ਚੋਬਰ ਹੋ ਗਿਆ ਤੇਰਾ “। ਮੈਂ ਤਿੜ ਜਾਣਾ, ਦੋ ਲਾਘਾਂ ਦੀ ਫੇਰ ਇੱਕ ਪੱਟਣੀ । ਆਥਣੇ ਜੇ ਕਰਿਕਟ ਕੁੱਟਣੀ । ਬਹੁਤ ਕਰਿਕਟ ਖੇਡੇ ਆਂ ਨਾਨਕੀ । ਤਕਰੀਬਨ ਦੂਜੇ ਤੀਜੇ ਦਿਨ ਖੋਏ ਦੀ ਸਲਾਹ ਬਣ ਜਾਣੀ । ਉਦਣ ਨੂੰ ਮਾਸੀ ਵਰਗੀਆਂ ਵੀ ਆ ਜਾਂਦੀਆਂ । ਸਾਡੀ ਬੱਚਾ ਪਾਰਟੀ ਦੀ ਟੋਲੀ ਵੀ ਵੱਧ ਜਾਣੀ । ਬਰਫ ਪਾਣੀ ਖੇਡੀ ਜਾਣਾ । ਨਾ ਚੰਦਰੀ ਉਦੋ ਠੰਡ ਲੱਗਦੀ ਸੀ । ਫੇਰ ਆਪਾਂ ਬੇਬੇ
ਵਰਗੀਆਂ ਦੇ ਨੇੜੇ ਉਦੋ ਈ ਜਾਂਦੇ ਸੀ, ਜਦੋਂ ਦੁੱਧ ਕੜ-ਕੜ ਕੇ ਮਹਿਕਾਂ ਮਾਰਣ ਲੱਗ ਜਾਂਦਾ । ਮਿੱਠਾ ਰਲਾਉਣ ਤੋਂ ਪਹਿਲਾਂ ਬਾਬੇ ਦਾ ਭੋਗ ਲੱਗਣ ਸਾਰ ਅਗਲਾ ਭੋਗ ਆਪਾਂ ਲਾ ਦੇਣਾ । ਹਫਤੇ ਕੁ ਦੀਆ ਛੁੱਟੀਆ ਝੱਟ ਮੁੱਕ ਜਾਣੀਆਂ । ਪਰ ਪਿੰਡ ਆਕੇ ਜਦ ਖੋਆ ਖਾਂਦੇ ਤਾਂ ਗੱਲਾਂ ਨਾਨਕਿਆਂ ਦੀਆਈ ਕਰਨੀਆਂ । ਅੱਜ ਵੀ ਜਦ ਦਿਲ ਭਰ ਆਉਂਦਾ ਤਾਂ ਦਿਲ ਦੇ ਸੰਦੂਕ ਚੋ ਉਹ ਯਾਦਾਂ ਕੱਢ ਕੇ ਬਹਿ ਜਾਨਾ । ਯਾਦਾਂ, ਯਾਦਾਂ ਵੀ ਕਿੰਨੀਆ ਅਮੀਰ ਹੁੰਦੀਆਂ ਨੇ, ਹਰ ਕਿਸੇ ਦੇ ਹਿੱਸੇ ਨਹੀ ਆਉਦੀਆਂ । ਨਾ ਉਹ ਦਿਨ ਕਿਸੇ ਮੁੱਲ ਮਿਲਣੇ ਆ ਹੁਣ । ਮਾਮਿਆਂ ਨਾਲ ਇੱਦਾਂ ਹੀ ਮੋਹ ਬਣਿਆ ਰਹੇ । ਮਾਸੀਆ ਨਾਲ ਪਿਆਰ ਬਣਿਆ ਰਹੇ । ਨਾਨੀ ਸਾਡੀ ਜਿਉਂਦੀ-ਵੱਸਦੀ ਰਹੇ । ਚੜਦੀ ਕਲਾ 
ਜਸ਼ਨਦੀਪ ਸਿੰਘ ਬਰਾੜ 
ਸੰਪਰਕ— +17787981994


Related News