ਸ਼ਹਿਰ ''ਚ ਸਫ਼ਾਈ ਰੱਖਣ ਦੇ ਨਿਯਮਾਂ ਨੂੰ ਨਗਰ ਕੌਂਸਲ ਨੇ 100 ਸਾਲਾਂ ਬਾਅਦ ਕੀਤਾ ਲਾਗੂ

10/17/2017 7:52:17 PM

ਫ਼ਰੀਦਕੋਟ (ਹਾਲੀ)-ਨਗਰ ਕੌਂਸਲ ਨੇ ਕਰੀਬ 100 ਸਾਲਾਂ ਬਾਅਦ ਸ਼ਹਿਰ 'ਚ ਸਫ਼ਾਈ ਰੱਖਣ ਸਬੰਧੀ ਬਣਾਏ ਗਏ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਹੈ। ਨਗਰ ਕੌਂਸਲ ਨੇ ਜਨਤਕ ਥਾਂ 'ਤੇ ਕੂੜਾ ਤੇ ਮਲਬਾ ਸੁੱਟਣ ਦੇ ਮਾਮਲੇ 'ਚ ਸ਼ਹਿਰ ਦੇ ਇਕ ਵਸਨੀਕ ਦਾ ਚਲਾਨ ਕੱਟਿਆ ਹੈ। ਨਗਰ ਕੌਂਸਲ ਦੇ ਰਿਕਾਰਡ ਮੁਤਾਬਿਕ ਇਹ ਪਹਿਲਾ ਚਲਾਨ ਹੈ।
ਜਾਣਕਾਰੀ ਅਨੁਸਾਰ ਨਗਰ ਕੌਂਸਲ ਨੇ ਅੰਬੇਡਕਰ ਨਗਰ ਦੇ ਵਸਨੀਕ ਗੁਰਮੀਤ ਸਿੰਘ ਨੂੰ ਨੋਟਿਸ ਨੰ. 2782 ਜਾਰੀ ਕੀਤਾ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੇ ਪੰਜਾਬ ਮਿਊਂਸੀਪਲ ਐਕਟ 1911 ਦੀ ਧਾਰਾ 156 ਤਹਿਤ ਇਹ ਨੋਟਿਸ ਜਾਰੀ ਕਰ ਕੇ ਦੋਸ਼ ਲਾਏ ਹਨ ਕਿ ਉਕਤ ਵਿਅਕਤੀ ਵੱਲੋਂ ਨਗਰ ਕੌਂਸਲ ਦੇ ਸੈਕੰਡਰੀ ਪੁਆਇੰਟ ਕਿਲੇ ਨਜ਼ਦੀਕ ਸਥਾਪਤ ਕੀਤੇ ਡੰਪ ਕੋਲ ਅਣਅਧਿਕਾਰਤ ਤਰੀਕੇ ਨਾਲ ਕੂੜਾ ਤੇ ਮਲਬਾ ਸੁੱਟਿਆ ਗਿਆ, ਜੋ 1911 ਵਿਚ ਬਣੇ ਨਗਰ ਕੌਂਸਲ ਐਕਟ ਦੀ ਧਾਰਾ 156 ਦੀ ਉਲੰਘਣਾ ਹੈ।
ਨਗਰ ਕੌਂਸਲ ਦੀ ਪ੍ਰਧਾਨ ਓਮਾ ਗਰੋਵਰ ਨੇ ਇਸ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਨਤਕ ਥਾਂ 'ਤੇ ਕੂੜਾ ਸੁੱਟਣ ਵਾਲੇ ਵਿਅਕਤੀ ਨੂੰ ਲਿਖਤੀ ਨੋਟਿਸ ਜਾਰੀ ਕਰ ਕੇ ਜੁਆਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਿਅਕਤੀ ਦਾ ਜੁਆਬ ਗੈਰ ਤਸੱਲੀਬਖਸ਼ ਪਾਇਆ ਗਿਆ ਤਾਂ ਇਹ ਚਲਾਨ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਵਜੋਂ ਦਰਜ ਕਰਵਾਇਆ ਜਾਵੇਗਾ। 
ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਜਨਤਕ ਥਾਵਾਂ 'ਤੇ ਅਣਅਧਿਕਾਰਤ ਤਰੀਕੇ ਨਾਲ ਕੂੜਾ ਸੁੱਟਣ ਵਾਲਿਆਂ ਖਿਲਾਫ਼ ਹੁਣ ਸਖ਼ਤ ਕਾਰਵਾਈ ਹੋਵੇਗੀ।
ਜਾਣਕਾਰੀ ਅਨੁਸਾਰ ਐਡਵੋਕੇਟ ਮੰਗਤ ਅਰੋੜਾ ਨੇ ਨਗਰ ਕੌਂਸਲ ਦੇ ਅਧਿਕਾਰਤ ਕੂੜਾ ਡੰਪਾਂ ਦੇ ਆਲੇ-ਦੁਆਲੇ ਲੱਗ ਰਹੇ ਕੂੜੇ ਦੇ ਢੇਰਾਂ 'ਤੇ ਇਤਰਾਜ਼ ਕੀਤਾ ਸੀ, ਜਿਸ 'ਤੇ ਨਗਰ ਕੌਂਸਲ ਨੇ ਮੌਕੇ 'ਤੇ ਛਾਪੇਮਾਰੀ ਕਰ ਕੇ ਇਕ ਵਿਅਕਤੀ ਨੂੰ ਡੰਪ ਤੋਂ ਬਾਹਰ ਅਣਅਧਿਕਾਰਤ ਤਰੀਕੇ ਨਾਲ ਕੂੜਾ ਸੁੱਟਦਿਆਂ ਰੰਗੇ ਹੱਥੀਂ ਫੜ ਲਿਆ ਸੀ, ਜਿਸ ਤੋਂ ਬਾਅਦ ਇਸ ਵਿਅਕਤੀ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ ਹੈ।
 


Related News