ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਦੀ ਫਲਾਈਟ 15 ਨਵੰਬਰ ਤੋਂ ਸ਼ੁਰੂ ਹੋਵੇਗੀ

10/17/2017 8:02:25 PM

ਪਟਿਆਲਾ (ਬਲਜਿੰਦਰ)-ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਸ਼੍ਰੀ ਅਸ਼ੋਕ ਗਜਾਪਤੀ ਰਾਜੂ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਲੰਬੀ ਮੀਟਿੰਗ ਤੋਂ ਬਾਅਦ ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਦੀ ਫਲਾਈਟ 15 ਨਵੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਣ ਸਿੱਖ ਸੰਗਤ ਮੋਹਾਲੀ ਤੋਂ ਸਿੱਧੇ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਹਵਾਈ ਜਹਾਜ਼ ਰਾਹੀਂ ਜਾ ਸਕੇਗੀ। ਇਸ ਤੋਂ ਪਹਿਲਾਂ ਸ੍ਰੀ ਨੰਦੇੜ ਸਾਹਿਬ ਜਾਣ ਲਈ ਦਿੱਲੀ ਤੋਂ ਮੁੰਬਈ ਜਾਣਾ ਪੈਂਦਾ ਸੀ। ਅੱਗੇ ਜ਼ਿਆਦਾਤਰ ਸੜਕ ਮਾਰਗ ਰਾਹੀਂ ਹੀ ਸ੍ਰੀ ਨੰਦੇੜ ਸਾਹਿਬ ਜਾਣਾ ਪੈਂਦਾ ਸੀ। 
ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਦੀ ਫਲਾਈਟ ਸ਼ੁਰੂ ਕਰਵਾਉਣ ਲਈ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪਿਛਲੇ ਕਾਫੀ ਸਮੇਂ ਤੋਂ ਯਤਨਸ਼ੀਲ ਸਨ। ਉਨ੍ਹਾਂ ਨੇ ਲੋਕ ਸਭਾ ਵਿਚ ਵੀ ਇਹ ਮਾਮਲਾ ਕਈ ਵਾਰ ਉਠਾਇਆ ਸੀ। ਇਸ ਤੋਂ ਇਲਾਵਾ ਇਹ ਫਲਾਈਟ ਸ਼ੁਰੂ ਕਰਵਾਉਣ ਲਈ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਅਸ਼ੋਕ ਗਜਾਪਤੀ ਰਾਜੂ ਅਤੇ ਬਾਕੀ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ। ਅੱਜ ਵੀ ਦਿੱਲੀ ਵਿਖੇ ਇਸ ਮਾਮਲੇ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਲੰਬੀ ਮੀਟਿੰਗ ਕੇਂਦਰੀ ਮੰਤਰੀ ਅਸ਼ੋਕ ਗਜਾਪਤੀ ਰਾਜੂ ਨਾਲ ਕੀਤੀ। ਇਸ ਵਿਚ ਆਖਰ ਫੈਸਲਾ ਲੈ ਕੇ ਕੇਂਦਰੀ ਮੰਤਰੀ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਲਈ ਫਲਾਈਟ 15 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ। ਇਸ ਤੋਂ ਪਹਿਲਾਂ ਪ੍ਰੋ. ਚੰਦੂਮਾਜਰਾ ਨੇ ਮੋਹਾਲੀ ਅੰਤਰਰਾਸ਼ਟਰੀ ਏਅਰਪੋਰਟ ਨੂੰ ਸ਼ੁਰੂ ਕਰਵਾਉਣ ਲਈ ਵੀ ਕਾਫੀ ਯਤਨ ਕੀਤੇ ਸਨ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਨਾਮ-ਲੇਵਾ ਸੰਗਤ ਵਿਚ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਹਮੇਸ਼ਾ ਹੀ ਤਾਂਘ ਰਹੀ ਹੈ। ਹੁਣ ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਵਿਖੇ ਸਿੱਧੀ ਫਲਾਈਟ ਨਾਲ ਇਹ ਕਾਫੀ ਆਸਾਨ ਹੋ ਜਾਵੇਗਾ। ਸਿੱਖ ਸੰਗਤ ਦੀ ਇਹ ਪੁਰਾਣੀ ਮੰਗ ਸੀ, ਜਿਸ ਨੂੰ ਪੂਰਾ ਕਰਵਾਉਣ ਲਈ ਉਹ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਸਨ। ਆਖਰ ਅੱਜ ਕੇਂਦਰੀ ਮੰਤਰੀ ਨੇ ਸਿੱਧੀ ਫਲਾਈਟ ਦਾ ਐਲਾਨ ਕਰ ਦਿੱਤਾ ਹੈ। 
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਤਾ ਸਵਾਗਤ
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਯਤਨਾਂ ਸਦਕਾ ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਲਈ ਸ਼ੁਰੂ ਹੋਣ ਜਾ ਰਹੀ ਫਲਾਈਟ ਦੇ ਐਲਾਨ ਦਾ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਿੱਖ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਅਬਰਿੰਦਰ ਸਿੰਘ ਕੰਗ ਪ੍ਰਧਾਨ ਗੁਰਦੁਆਰਾ ਕੇਂਦਰੀ ਸਿੰਘ ਸਭਾ ਰਾਜਪੁਰਾ, ਸਤਵਿੰਦਰ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਮੈਂਬਰ, ਜਸਮੇਰ ਸਿੰਘ ਲਾਛੜੂ ਸ਼੍ਰੋਮਣੀ ਕਮੇਟੀ ਮੈਂਬਰ, ਗੁਰਦੁਆਰਾ ਬਹਾਦਰਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਹਰਪਾਲ ਜੁਨੇਜਾ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਸਾਬਕਾ ਮੇਅਰ ਜਸਪਾਲ ਪ੍ਰਧਾਨ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਿੱਖ ਸੰਗਤ ਦੀ ਇਹ ਕਾਫੀ ਪੁਰਾਣੀ ਮੰਗ ਸੀ, ਜਿਸ ਦੀ ਪੈਰਵੀ ਕਰ ਕੇ ਪ੍ਰੋ. ਚੰਦੂਮਾਜਰਾ ਨੇ ਇਸ ਨੂੰ ਪੂਰਾ ਕਰਵਾਇਆ।


Related News