ਗ੍ਰੀਨ ਟ੍ਰਿਬਿਊਨਲ ਨੇ ਕਿਸਾਨਾਂ ਦੇ ਨੱਕ ''ਚ ਕੀਤਾ ਦਮ

10/16/2017 12:41:21 PM

ਅਜੀਤਵਾਲ (ਗਰੋਵਰ/ਰੱਤੀ) - 7 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਪਿੰਡ ਝੰਡੇਆਣਾ ਸ਼ਰਕੀ, ਨੱਥੂਵਾਲਾ ਜਦੀਦ ਅਤੇ ਮਟਵਾਣੀ ਵਿਖੇ ਜ਼ਿਲਾ ਪ੍ਰਧਾਨ ਟਹਿਲ ਸਿੰਘ ਝੰਡੇਆਣਾ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਦੇ ਭੱਖਦੇ ਮਸਲਿਆਂ 'ਤੇ ਵਿਚਾਰ-ਚਰਚਾ ਕੀਤੀ ਗਈ, ਜਿਸ 'ਚ ਗਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਨਾ ਸਾੜਨ ਦੇ ਹੁਕਮਾਂ 'ਤੇ ਪ੍ਰਤੀਕਰਮ ਦਿੰਦਿਆਂ ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਕਿਸਾਨਾਂ ਨੂੰ ਪਰਾਲੀ ਵਾਹੁਣ ਲਈ ਰੀਪਰ ਆਦਿ ਸਬਸਿਡੀ 'ਤੇ ਮੁਹੱਈਆ ਨਹੀਂ ਕਰਵਾਏ ਗਏ ਅਤੇ ਨਾ ਹੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਜਦੋਂ ਤੱਕ ਇਹ ਚੀਜ਼ਾਂ ਜ਼ਮੀਨੀ ਹਕੀਕਤ ਦਾ ਰੂਪ ਨਹੀਂ ਧਾਰਦੀਆਂ, ਉਦੋਂ ਤੱਕ ਗ੍ਰੀਨ ਟ੍ਰਿਬਿਊਨਲ ਅਤੇ ਪੰਜਾਬ ਸਰਕਾਰ ਦੇ ਫੈਸਲੇ ਨਾਦਰਸ਼ਾਹੀ ਫਰਮਾਨ ਹਨ।  ਪੰਜਾਬ ਦੀ ਕਿਸਾਨੀ ਵੀ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਸਹਿਯੋਗ ਦੇਣ ਲਈ ਤਿਆਰ ਹੈ ਪਰ ਪੰਜਾਬ ਸਰਕਾਰ ਇਸ ਦਾ ਬਣਦਾ ਮੁਆਵਜ਼ਾ ਦੇਵੇ ਨਹੀਂ ਤਾਂ ਕਿਸਾਨ ਪਰਾਲੀ ਸਾੜਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਅਤੇ ਕੇਂਦਰ ਸਰਕਾਰ ਦੀ ਹੋਵੇਗੀ, ਜੇਕਰ ਕਿਸਾਨਾਂ ਖਿਲਾਫ ਕੋਈ ਕਾਰਵਾਈ ਕੀਤੀ ਗਈ ਤਾਂ ਕਿਸਾਨ ਇਸ ਖਿਲਾਫ ਵੱਡੀ ਤੋਂ ਵੱਡੀ ਲੜਾਈ ਲੜਨ ਲਈ ਮਜਬੂਰ ਹੋਣਗੇ। ਮੀਟਿੰਗ 'ਚ ਇਹ ਵੀ ਵਿਚਾਰਿਆ ਗਿਆ ਕਿ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਂਦੀ ਸੀ ਕਿ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਅਜੇ ਤੱਕ ਕਿਸਾਨਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ।  ਇਸ ਮੀਟਿੰਗ 'ਚ ਜ਼ਿਲਾ ਪ੍ਰਧਾਨ ਗੁਰਨਾਮ ਸਿੰਘ ਮੱਦੋਕੇ, ਬਲਾਕ ਪ੍ਰਧਾਨ ਬਲਵੀਰ ਸਿੰਘ ਨੱਥੂਵਾਲਾ ਜਦੀਦ, ਪ੍ਰਧਾਨ ਹਰਭਾਗ ਸਿੰਘ ਚੂਹੜਚੱਕ, ਪਿੰਡ ਇਕਾਈ ਸਕੱਤਰ ਸੁਰਜੀਤ ਸਿੰਘ ਆਦਿ ਮੌਜੂਦ ਸਨ।


Related News