ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ

08/18/2017 7:09:18 AM

ਗੁਰੂ ਕਾ ਬਾਗ,  (ਨਿਰਵੈਲ)-   ਗੁਰੂ ਕਾ ਬਾਗ ਵਿਖੇ ਜ਼ਿਲਾ ਅੰਮ੍ਰਿਤਸਰ ਦੇ ਕੰਬਾਈਨ ਮਾਲਕਾਂ ਦੀ ਹੋਈ ਅਹਿਮ ਇਕੱਤਰਤਾ ਦੌਰਾਨ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਵੱਲੋਂ ਕੰਬਾਈਨਾਂ 'ਤੇ ਐੱਸ. ਐੱਮ. ਐੱਸ. ਸਿਸਟਮ (ਪਰਾਲੀ ਦਾ ਕਚਰਾ ਕਰਨ ਵਾਲਾ ਯੰਤਰ) ਲਾਉਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਕੰਬਾਈਨ ਆਪ੍ਰੇਟਰ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ ਅਤੇ ਝੋਨੇ ਦੇ ਸੀਜ਼ਨ 'ਚ ਸਮੁੱਚੇ ਜ਼ਿਲੇ 'ਚੋਂ ਕੋਈ ਵੀ ਕੰਬਾਈਨ ਆਪ੍ਰੇਟਰ ਕੰਬਾਈਨ ਨਹੀਂ ਚਲਾਏਗਾ।
ਕੰਬਾਈਨ ਆਪ੍ਰੇਟਰਾਂ ਨੇ ਕਿਹਾ ਕਿ ਸਰਕਾਰ ਇਕਦਮ ਨਾਦਰਸ਼ਾਹੀ ਫੈਸਲਾ ਥੋਪ ਕੇ ਕੰਬਾਈਨ ਆਪ੍ਰੇਟਰਾਂ ਤੇ ਹਜ਼ਾਰਾਂ ਦੀ ਗਿਣਤੀ 'ਚ ਕਾਮਿਆਂ ਨੂੰ ਬਰਬਾਦ ਕਰਨ 'ਤੇ ਤੁਲੀ ਹੋਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਚੱਲ ਰਹੀਆਂ ਕੰਬਾਈਨਾਂ 'ਤੇ ਉਕਤ ਸਿਸਟਮ ਲਾਉਣ ਲਈ ਹਰੇਕ ਕੰਬਾਈਨ ਮਾਲਕ ਨੂੰ ਕਰੀਬ 2 ਲੱਖ ਰੁਪਏ ਦਾ ਖਰਚਾ ਕਰਨਾ ਪਵੇਗਾ ਅਤੇ ਕੰਬਾਈਨ ਚਲਾਉਣ ਲਈ ਲੱਗੇ ਇੰਜਣ ਦੀ ਹਾਰਸਪਾਵਰ ਸਮਰੱਥਾ ਮੁਤਾਬਕ ਇਹ ਇਕੱਲਾ ਇੰਜਣ ਦੋਵੇਂ ਸਿਸਟਮ ਚਲਾਉਣ ਦੇ ਕਾਬਿਲ ਨਹੀਂ ਹੋਵੇਗਾ। ਇਸ ਨਾਲ ਲਾਗਤ 'ਚ ਵੱਡਾ ਵਾਧਾ ਹੋਵੇਗਾ ਅਤੇ ਫਸਲ ਕੱਟਣ ਦੇ ਰੇਟ ਦੁੱਗਣੇ ਹੋ ਜਾਣਗੇ, ਜੋ ਕਿਸਾਨਾਂ ਲਈ ਸਹਿਣਯੋਗ ਨਹੀਂ ਹੋਣਗੇ। ਕੰਬਾਈਨ ਮਾਲਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਿਸਟਮ ਤੋਂ ਛੋਟ ਦੇ ਕੇ ਹਜ਼ਾਰਾਂ ਲੋਕਾਂ ਦਾ ਕਾਰੋਬਾਰ ਤਬਾਹ ਹੋਣ ਤੋਂ ਬਚਾਇਆ ਜਾਵੇ।
ਇਕਬਾਲ ਸਿੰਘ ਰਮਦਾਸ ਜ਼ਿਲਾ ਪ੍ਰਧਾਨ, ਬਲਵਿੰਦਰ ਸਿੰਘ ਬੱਬੂ ਸੀਨੀਅਰ ਮੀਤ ਪ੍ਰਧਾਨ, ਮਲੂਕ ਸਿੰਘ ਮੀਤ ਪ੍ਰਧਾਨ, ਗੁਰਦੀਪ ਸਿੰਘ ਕਲੇਰ ਖਜ਼ਾਨਚੀ, ਬਲਵਿੰਦਰ ਸਿੰਘ ਮਾਕੋਵਾਲ ਤੇ ਜਗਦੀਸ਼ ਸਿੰਘ ਨੇ ਸੰਬੋਧਨ ਵੀ ਕੀਤਾ। ਇਸ ਮੌਕੇ ਇਕਬਾਲ ਅਰਾਇਆ, ਸੁਖਬੀਰ ਸਿੰਘ ਛੀਨਾ, ਬਲਜੀਤ ਸਿੰਘ, ਗੁਰਬੀਰ ਸਿੰਘ, ਸੁਖਬੀਰ ਸਿੰਘ ਰਮਦਾਸ, ਬੱਬੂ ਸਿੰਘ, ਸੁੱਖ, ਹਰਿੰਦਰ ਸਿੰਘ ਬਾਉਲੀ ਆਦਿ ਹਾਜ਼ਰ ਸਨ।


Related News