ਦੀਨਾਨਗਰ ''ਚ ਅੱਗ ਲੱਗਣ ਕਾਰਨ 10 ਕਿਲੇ ਕਣਕ ਦੀ ਫਸਲ ਸੜ ਕੇ ਸੁਆਹ

04/21/2017 7:39:53 PM

ਦੀਨਾਨਗਰ (ਦੀਪਕ ਕੁਮਾਰ)—ਸ਼ੁੱਕਰਵਾਰ ਨੂੰ ਦੀਨਾ ਨਗਰ ਹਲਕੇ ਦੇ ਪਿੰਡ ਰਾਮਪੁਰ ਦੇ ਖੇਤਾਂ ''ਚ ਅਚਾਨਕ ਲੱਗੀ ਅੱਗ ਕਾਰਨ ਕਿਸਾਨਾਂ ਦੀ 10 ਕਿਲੇ ਦੇ ਕਰੀਬ ਕਣਕ ਦੀ ਖੜੀ ਫਸਲ ਸੜ ਕੇ ਸੁਆਹ ਹੋ ਗਈ । ਕਿਸਾਨਾਂ ਵਲੋਂ ਇਸਦੀ ਜਾਣਕਾਰੀ ਤੁਰੰਤ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ ਪਰ ਉਨ੍ਹਾਂ ਦੀ ਗੱਡੀ ਹਮੇਸ਼ਾ ਦੀ ਤਰਾਂ ਕਰੀਬ ਇਕ ਘੰਟੇ ਦੇਰੀ ਨਾਲ ਪਹੁੰਚੀ । ਜਿਸ ਕਾਰਨ ਕਿਸਾਨ ''ਚ ਭਾਰੀ ਰੋਸ਼ ਦੇਖਣ ਨੂੰ ਮਿਲਿਆ ਪਰ ਅੱਗ ਲੱਗਣ ਸਮੇਂ ਹਵਾ ਨਾ ਚੱਲਦੀ ਹੋਣ ਕਰਕੇ ਆਲੇ ਦੁਆਲੇ ਦੇ ਕਿਸਾਨਾਂ ਨੇ ਟਰੈਕਟਰਾਂ ਦੀ ਸਹਾਇਤਾ ਨਾਲ ਵਾਹ ਕੇ ਅੱਗ ਨੂੰ ਅੱਗੇ ਫੈਲਣ ਤੋਂ ਰੋਕ ਲਿਆ । ਘਟਨਾ ਦੀ ਸੂਚਨਾ ਮਿਲਦਿਆਂ ਹੀ ਮਾਲ ਮਹਿਕਮੇ ਦੇ ਅਧਿਕਾਰੀ ਅਤੇ ਖੇਤੀਬਾੜੀ ਅਫਸਰ ਐਡੀਓ ਬਲਜਿੰਦਰ ਸਿੰਘ ਘਟਨਾ ਸਥਾਨ ਤੇ ਪਹੁੰਚੇ ਤੇ ਉਨ੍ਹਾਂ ਵਲੋਂ ਰਿਪੋਰਟ ਤਿਆਰ ਕੀਤੀ ਗਈ। 
ਇਸ ਸਬੰਧ ''ਚ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਅਦ ਦੁਪਹਿਰ ਬਾਅਦ ਖੇਤਾਂ ''ਚ ਲੱਗੀ ਅਚਾਨਕ ਅੱਗ ਦੇ ਕਾਰਨ ਵੇਖਦੇ ਵੇਖਦੇ ਹੀ ਭਾਂਬੜ ਦਾ ਰੂਪ ਧਾਰਨ ਕਰ ਲਿਆ, ਆਲੇ ਦੁਆਲੇ ਦੇ ਕਿਸਾਨਾਂ ਨੇ ਤੁਰੰਤ ਅੱਗ ਲੱਗਣ ਵਾਲੇ ਸਥਾਨ ਦੇ ਆਲੇ ਦੁਆਲੇ ਦੇ ਖੇਤਾਂ ਨੂੰ ਟਰੈਕਟਰਾਂ ਦੀ ਸਹਾਇਤਾ ਨਾਲ ਵਾਹ ਕੇ ਅੱਗ ਨੂੰ ਅੱਗੇ ਫੈਲਣ ਤੋਂ ਰੋਕ ਲਿਆ। ਅੱਗ ਲੱਗਣ ਨਾਲ ਸੜੀ ਕਣਕ ਦੀ ਫਸਲ ਬਦਲੇ ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜੇ ਦੀ ਮੰਗ ਕਰਦਿਆਂ ਕਿਹਾ ਕਿ ਵੇਖਦਿਆਂ ਵੇਖਦਿਆਂ ਹੀ ਉਨ੍ਹਾਂ ਦੀ ਛੇ ਮਹੀਨਿਆਂ ਤੋਂ ਕੀਤੀ ਗਈ ਮਿਹਨਤ ਸੁਆਹ ਹੋ ਗਈ ਜਿਸ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਰਿਹਾ ਉਨ੍ਹਾਂ ਨੂੰ ਇਸ ਦੀ ਵੱਡੀ ਸੱਟ ਵੱਜੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ''ਤੇ ਪਹੁੰਚੇ ਅਧਿਕਾਰੀਆਂ ਵਲੋਂ ਘਟਨਾ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿਸਾਨਾਂ ਨੂੰ ਇਸਦਾ ਬਣਦਾ ਮੁਆਵਜਾ ਦਿੱਤਾ ਜਾਵੇਗਾ।

Related News