ਮਨੀ ਐਕਸਚੇਂਜਰ ਤੋਂ ਲੁੱਟੇ ਲੱਖਾਂ ਰੁਪਏ ਸਣੇ 6 ਦੋਸ਼ੀ ਗ੍ਰਿਫਤਾਰ

08/18/2017 4:20:02 AM

ਲੁਧਿਆਣਾ, (ਪੰਕਜ)- ਮਾਡਲ ਟਾਊਨ ਇਲਾਕੇ ਵਿਚ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਲਈ ਮਨੀ ਐਕਸਚੇਂਜਰ ਨੂੰ ਦੂਜੀ ਵਾਰ ਲੁੱਟਣ ਦਾ ਲਾਲਚ ਮਹਿੰਗਾ ਪੈ ਗਿਆ। ਦੋਸ਼ੀਆਂ ਦੀਆਂ ਹਰਕਤਾਂ ਸੀ. ਸੀ. ਟੀ. ਵੀ. ਵਿਚ ਕੈਦ ਹੋਈਆਂ ਦੇਖ ਕੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੇ ਕਬਜ਼ੇ ਤੋਂ ਲੁੱਟੀ ਗਈ ਰਕਮ ਵਿਚੋਂ 9 ਲੱਖ 61 ਹਜ਼ਾਰ ਰੁਪਏ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਦੱਸਿਆ ਕਿ ਗਿੱਲ ਚੌਕ ਸਥਿਤ ਫੋਰੈਕਸ ਮਨੀ ਐਕਸਚੇਂਜਰ ਦਾ ਮਾਲਕ ਅਮਿਤ ਮਲਹੋਤਰਾ 6 ਜੁਲਾਈ ਨੂੰ 21 ਲੱਖ ਦੀ ਨਕਦੀ ਲੈ ਕੇ ਸਕੂਟਰ 'ਤੇ ਮਾਡਲ ਟਾਊਨ ਸਥਿਤ ਘਰ ਵੱਲ ਜਾ ਰਿਹਾ ਸੀ ਤਾਂ ਅੱਧਾ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਨੇ ਉਸ ਨੂੰ ਘਰ ਦੇ ਨਜ਼ਦੀਕ ਘੇਰ ਲਿਆ ਅਤੇ ਜ਼ਖਮੀ ਕਰ ਕੇ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਉਸ ਦੀ ਸ਼ਿਕਾਇਤ 'ਤੇ ਥਾਣਾ ਮਾਡਲ ਟਾਊਨ ਵਿਚ ਪਰਚਾ ਦਰਜ ਕੀਤਾ ਗਿਆ ਸੀ ਪਰ ਦੋਸ਼ੀ ਪੁਲਸ ਦੀ ਗ੍ਰਿਫਤ ਵਿਚ ਨਹੀਂ ਆਏ ਸਨ। ਰੇਕੀ ਕਰ ਕੇ ਮੁੱਢਲੇ ਰੂਪ ਨਾਲ ਜ਼ਿਆਦਾ ਕੈਸ਼ ਲਿਆਉਣ-ਲਿਜਾਣ ਵਾਲੇ ਮਨੀ ਐਕਸਚੇਂਜਰਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਵਿਚ ਸਰਗਰਮ ਇਸੇ ਗਿਰੋਹ ਨੇ 10 ਅਗਸਤ ਨੂੰ ਪਾਲ ਮਨੀ ਐਕਸਚੇਂਜ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਿਉਂ ਹੀ ਉਸ ਦਾ ਮਾਲਕ ਨਰੇਸ਼ ਕੁਮਾਰ ਮਲਹੋਤਰਾ ਆਪਣੀ ਕਾਰ ਵਿਚ ਮਾਡਲ ਟਾਊਨ ਡੀ-ਬਲਾਕ ਸਥਿਤ ਘਰ ਵੱਲ ਨਿਕਲਿਆ ਤਾਂ ਦੋਸ਼ੀਆਂ ਨੇ ਖਾਲੀ ਜਗ੍ਹਾ ਦੇ ਕੋਲ ਉਸ ਨੂੰ ਘੇਰ ਲਿਆ ਅਤੇ ਉਸ ਦੀ ਕਾਰ ਦੇ ਸ਼ੀਸ਼ੇ ਤੋੜਨ ਤੋਂ ਬਾਅਦ ਨਕਦੀ ਵਾਲਾ ਬੈਗ ਖੋਹਣ ਦਾ ਯਤਨ ਕੀਤਾ ਪਰ ਨਰੇਸ਼ ਨੇ ਬਹਾਦੁਰੀ ਦਿਖਾਉਂਦੇ ਹੋਏ ਗੱਡੀ ਭਜਾ ਲਈ, ਜਿਸ ਕਾਰਨ ਦੋਸ਼ੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ। ਇਲਾਕੇ ਵਿਚ ਦੂਜੀ ਵਾਰ ਮਨੀ ਐਕਸਚੇਂਜਰ ਨੂੰ ਨਿਸ਼ਾਨਾ ਬਣਾਉਣ ਵਾਲੇ ਦੋਸ਼ੀਆਂ ਦੀ ਭਾਲ ਵਿਚ ਜੁਟੀ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਹਰਬੰਸ ਸਿੰਘ, ਪ੍ਰਦੀਪ ਕੁਮਾਰ ਉਰਫ ਬਾਊ ਪੁੱਤਰ ਵਰਿੰਦਰ ਕੁਮਾਰ, ਮੁਨੀਸ਼ ਕੁਮਾਰ ਰੋਨੀ ਪੁੱਤਰ ਅਸ਼ੋਕ ਕੁਮਾਰ, ਗੁਰਸੇਵਕ ਗਿਆਨੀ ਪੁੱਤਰ ਅਮਰਜੀਤ ਸਿੰਘ, ਅਨਰੁੱਧ ਉਰਫ ਪ੍ਰਿੰਸ ਮੋਟਾ ਪੁੱਤਰ ਸੁਰਿੰਦਰਪਾਲ ਸਿੰਘ ਅਤੇ ਵਿਵੇਕ ਕੁਮਾਰ ਉਰਫ ਬੈਟਰੀ ਪੁੱਤਰ ਕਿਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਸ਼ੀਆਂ ਨੇ ਆਪਣਾ ਜੁਰਮ ਕਬੂਲ ਲਿਆ। ਪੁਲਸ ਨੇ ਦੋਸ਼ੀਆਂ ਤੋਂ ਲੁੱਟੀ ਗਈ 21 ਲੱਖ ਦੀ ਰਕਮ ਵਿਚੋਂ 9 ਲੱਖ 61 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ ਜੋ ਕਿ ਦੋਸ਼ੀਆਂ ਨੇ ਆਪਸ ਵਿਚ ਵੰਡ ਲਏ ਸਨ।


Related News