ਇਟਲੀ 'ਚ 4 ਭਾਰਤੀਆਂ ਨੂੰ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਮਿਲੀ ਸਜ਼ਾ

10/04/2017 9:10:03 AM

ਰੋਮ, (ਕੈਂਥ)— ਕਦੇ ਸਮਾਂ ਸੀ ਇਟਲੀ ਵਿਚ ਇਟਾਲੀਅਨ ਲੋਕਾਂ ਦੇ ਨਾਲ-ਨਾਲ ਇਟਾਲੀਅਨ ਪ੍ਰਸ਼ਾਸਨ ਵੀ ਭਾਰਤੀ ਲੋਕਾਂ ਦੀ ਇਮਾਨਦਾਰੀ ਅਤੇ ਬੇਦਾਗ ਸ਼ਖਸੀਅਤ ਨੂੰ ਸੱਜਦਾ ਕਰਦਾ ਸੀ । ਅੱਜ ਉਹ ਹੀ ਪ੍ਰਸ਼ਾਸਾਨ ਭਾਰਤੀ ਨੌਜਵਾਨਾਂ ਨੂੰ ਜੇਹਲਾ ਵਿਚ ਡੱਕਣ ਲਈ ਮਜ਼ਬੂਰ ਅਤੇ ਬੇਬਸ ਲੱਗ ਰਿਹਾ ਹੈ ਕਿਉਂਕਿ ਕੁਝ ਇਟਲੀ ਵਿਚ ਅਪਰਾਧਕ ਬਿਰਤੀ ਵਾਲੇ  ਨੌਜਵਾਨ ਲਗਾਤਾਰ ਹੀ ਬਦਨਾਮ ਕਰਨ ਤੇ ਤੁਲੇ ਹੋਏ ਹਨ। ਇਨ੍ਹਾਂ ਭਾਰਤੀ ਨੌਜਵਾਨਾਂ ਨੂੰ ਨਾ ਆਪਣੇ ਮਾਪਿਆਂ ਤੇ ਨਾ ਦੇਸ਼ ਦੀ ਇੱਜਤ ਨਾਲ ਕੋਈ ਵਾਹ ਵਾਸਤਾ ਹੈ।
ਅਜਿਹੇ ਹੀ 4 ਨੌਜਵਾਨਾਂ ਨੂੰ ਇਟਲੀ ਦੀ ਅਦਾਲਤ ਨੇ ਕ੍ਰਮਵਾਰ 5 ਅਤੇ 2-2 ਸਾਲ ਦੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਅਨੁਸਾਰ ਅਪ੍ਰੀਲੀਆ ਵਿਖੇ ਬੀਤੀ 12 ਫਰਵਰੀ ਨੂੰ ਅਫੀਮ ਨਾਲ ਚਾਰ ਦੋਸ਼ੀ, ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਨ। ਇਸ ਕੇਸ ਸਬੰਧੀ ਲਾਤੀਨਾ ਵਿਖੇ, ਜੱਜ ਜੁਸੇਪੇ ਕਾਰੀਓ ਦੀ ਅਦਾਲਤ ਵਿਚ ਸੁਣਾਏ ਗਏ ਫੈਸਲੇ ਅਧੀਨ ਜਸਪਾਲ ਸਿੰਘ, ਜੋ ਕਿ ਉਸ ਸਮੇਂ ਮਰਸਡੀਜ਼ ਕਲਾਸ ਈ ਕਾਰ ਚਲਾ ਰਿਹਾ ਸੀ, ਨੂੰ 30,000 ਯੂਰੋ ਅਤੇ 5 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਜੱਜ ਵੱਲੋਂ ਇਹ ਸਜ਼ਾ ਜਸਪਾਲ ਸਿੰਘ ਨੂੰ ਇਸ ਘਟਨਾ ਦਾ ਮੁੱਖ ਦੋਸ਼ੀ ਮੰਨਦੇ ਹੋਏ ਸੁਣਾਈ ਗਈ ਹੈ। ਕਾਰ ਵਿਚੋਂ ਪੁਲਸ ਨੇ ਉਸ ਸਮੇਂ 1 ਕਿਲੋ 200 ਗ੍ਰਾਮ ਅਫੀਮ ਅਤੇ 4,642 ਯੂਰੋ ਦੀ ਨਗਦ ਰਾਸ਼ੀ ਬਰਾਮਦ ਕੀਤੀ ਸੀ। ਬਾਕੀ ਤਿੰਨ ਦੋਸ਼ੀਆਂ ਗੁਰਪ੍ਰੀਤ ਸਿੰਘ, ਕਮਲਜੀਤ ਸ਼ਰਮਾ ਅਤੇ ਐਸ. ਸਿੰਘ ਨੂੰ 15,000 ਯੂਰੋ ਦਾ ਜੁਰਮਾਨਾ ਅਤੇ 2 ਸਾਲ 4 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਕਾਂਪੋਵੇਰਦੇ ਦੀ ਪੁਲਸ ਯੂਨਿਟ ਕਾਰਾਬਿਨੇਰੀ ਨੇ ਇਨ੍ਹਾਂ ਭਾਰਤੀਆਂ ਨੂੰ ਲਾ ਕੋਨੀਆ ਵਿਖੇ ਰੁਕਣ ਲਈ ਕਿਹਾ ਸੀ, ਪਰ ਕਾਰ ਡਰਾਈਵਰ ਨੇ ਰੁਕਣ ਦੀ ਥਾਂ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਜਾਰੀ ਰੱਖੀ। ਪੋਨਤੀਨੀਆ ਦੀ ਸੇਧ ਵੱਲ ਵੀਆ ਜੇਨੀਓ ਚੀਵੀਲੇ ਵਿਖੇ ਇਕ ਕਾਰ ਬਰੇਕਰ ਨੂੰ ਉਡਾਇਆ, ਬਾਅਦ ਵਿਚ ਪੁਲਸ ਦੀ ਕਾਰ ਨੂੰ ਓਵਰ ਟੇਕ ਕਰਨ ਵੇਲੇ ਸੰਤੁਲਨ ਗੁਆ ਲੈਣ 'ਤੇ ਕੱਚੇ ਰਸਤੇ ਉੱਤੇ ਜਾ ਕੇ ਰੁੜ ਜਾਣ ਕਾਰਨ ਰੁਕ ਗਈ। ਇਸ ਹਾਦਸੇ ਵਿਚ ਪੁਲਸ ਵਾਲਿਆਂ ਨੂੰ ਵੀ ਸੱਟਾਂ ਲੱਗੀਆਂ ਸਨ, ਆਪਣੀਆਂ ਸੱਟਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਪੁਲਸ ਨੇ ਉਸੇ ਸਮੇਂ ਚਾਰਾਂ ਭਾਰਤੀਆਂ ਨੂੰ ਡਰੱਗਜ਼ ਅਤੇ ਨਗਦ ਰਾਸ਼ੀ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਦੀ ਸਜ਼ਾ ਇਨ੍ਹਾਂ ਨੂੰ ਹੁਣ ਅਦਾਲਤ ਵੱਲੋਂ ਸੁਣਾਈ ਗਈ ਹੈ।


Related News