ਪਾਕਿਸਤਾਨੀ ਪੰਜਾਬ ਸਰਕਾਰ ਹੋਈ ਸ਼ਰਮਸਾਰ,ਔਰਤ ਨੂੰ ਸੜਕ 'ਤੇ ਦੇਣਾ ਪਿਆ ਬੱਚੇ ਨੂੰ ਜਨਮ

10/22/2017 11:42:44 AM

ਲਾਹੌਰ, (ਬਿਊਰੋ)— ਪਾਕਿਸਤਾਨ ਦੇ ਸੂਬੇ ਪੰਜਾਬ 'ਚ ਲੋਕਾਂ ਦੀ ਹਾਲਤ ਕਿਹੋ-ਜਿਹੀ ਹੈ ਇਸ ਦਾ ਅੰਦਾਜ਼ਾ ਤੁਸੀਂ ਉੱਥੋਂ ਦੀਆਂ ਮੁੱਢਲੀਆਂ ਸਹੂਲਤਾਂ ਤੋਂ ਲਾ ਸਕਦੇ ਹੋ। ਇੱਥੋਂ ਦੇ ਰਾਇਵਿੰਡ ਕਸਬੇ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹਨ ਨਾਲ ਤੁਹਾਨੂੰ ਹਸਪਤਾਲ ਅਤੇ ਉੱਥੇ ਦੀ ਸਰਕਾਰ ਪ੍ਰਤੀ ਗੁੱਸਾ ਆਵੇਗਾ। ਇਸ ਮਾਮਲੇ ਨੂੰ ਲੈ ਕੇ ਲਾਹੌਰ ਸਰਕਾਰ ਦੀ ਜਗ੍ਹਾ-ਜਗ੍ਹਾ ਕਿਰਕਿਰੀ ਹੋ ਰਹੀ ਹੈ, ਭਾਵੇਂ ਕਿ ਹਸਪਤਾਲ 'ਚ ਐਂਟਰੀ ਨਾ ਦੇਣ ਵਾਲੀ ਸਟਾਫ ਔਰਤ ਅਤੇ ਡਾਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦਰਅਸਲ, 17 ਅਕਤੂਬਰ ਨੂੰ ਰਾਇਵਿੰਡ ਕਸਬੇ 'ਚ ਇਕ ਔਰਤ ਨੂੰ ਹਸਪਤਾਲ ਦੇ ਬਾਹਰ ਸੜਕ 'ਤੇ ਬੱਚੇ ਨੂੰ ਜਨਮ ਦੇਣ ਲਈ ਮਜ਼ਬੂਰ ਹੋਣਾ ਪਿਆ। 
ਜਾਣਕਾਰੀ ਮੁਤਾਬਕ, ਰਾਇਵਿੰਡ ਦੇ ਸਰਕਾਰੀ ਹਸਪਤਾਲ 'ਚ ਇਕ ਭੱਠੀ ਮਜ਼ਦੂਰ ਸਵੇਰੇ 6 ਵਜੇ ਦਰਦ ਨਾਲ ਤੜਫ ਰਹੀ ਆਪਣੀ ਗਰਭਵਤੀ ਪਤਨੀ ਨੂੰ ਲੈ ਕੇ ਹਸਪਤਾਲ ਪੁੱਜਾ ਪਰ ਉੱਥੇ ਕੰਮ ਕਰਨ ਵਾਲੀ ਸਟਾਫ ਔਰਤ ਨੇ ਇਹ ਕਹਿ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਕਿ ਹਸਪਤਾਲ 'ਚ ਨਾ ਕੋਈ ਨਰਸ ਹੈ ਅਤੇ ਨਾ ਹੀ ਕੋਈ ਡਾਕਟਰ ਹੈ। ਉਸ ਨੇ ਉਨ੍ਹਾਂ ਨੂੰ ਹੋਰ ਹਸਪਤਾਲ 'ਚ ਜਾਣ ਲਈ ਕਿਹਾ। ਜਣੇਪੇ ਦੀ ਦਰਦ ਨਾ ਸਹਿਣ ਕਰ ਰਹੀ ਔਰਤ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਹ ਹੋਰ ਅੱਗੇ ਨਹੀਂ ਜਾ ਸਕਦੀ ਸੀ, ਮਜ਼ਬੂਰੀ 'ਚ ਉਸ ਨੇ ਬੱਚੇ ਨੂੰ ਸੜਕ 'ਤੇ ਹੀ ਜਨਮ ਦੇ ਦਿੱਤਾ। 
ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸਿਹਤ ਮੰਤਰੀ ਨੇ ਹਸਪਤਾਲ ਦੀ ਮਹਿਲਾ ਵਰਕਰ ਨੂੰ ਸਸਪੈਂਡ ਕਰ ਦਿੱਤਾ ਜਿਸ ਨੇ ਗਰਭਵਤੀ ਔਰਤ ਅਤੇ ਉਸ ਦੇ ਪਤੀ ਨੂੰ ਹਸਪਤਾਲ 'ਚੋਂ ਜਾਣ ਲਈ ਕਿਹਾ ਸੀ। ਜਾਣਕਾਰੀ ਮੁਤਾਬਕ, ਹਸਪਤਾਲ ਦੇ ਸੁਪਰਡੈਂਟ ਡਾਕਟਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਰਾਇਵਿੰਡ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਹੋਮਟਾਊਨ ਰਿਹਾ ਹੈ ਅਤੇ ਸਿਆਸੀ ਤੌਰ 'ਤੇ ਇਸ ਸ਼ਹਿਰ ਦਾ ਖਾਸ ਮਹੱਤਵ ਹੈ।
 


Related News