ਬ੍ਰਿਟੇਨ ’ਚ ਤੇਜ਼ ਹਵਾਵਾਂ ਨੇ ਠਾਰੇ ਲੋਕ, ਡਿੱਗਿਆ ਪਾਰਾ ਤੇ ਆਵਾਜਾਈ ਠੱਪ (ਤਸਵੀਰਾਂ)

12/09/2017 3:57:24 PM

ਲੰਡਨ (ਏਜੰਸੀ)- ਬਰਤਾਨੀਆ ਵਿਚ ਇਨੀਂ ਦਿਨੀਂ ਐਨਾ ਤੂਫਾਨ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ। ਲੋਕ ਬੀਤੇ 10 ਦਿਨਾਂ ਵਿਚ ਦੂਜੇ ਤੂਫਾਨ ਦਾ ਸਾਹਮਣਾ ਕਰ ਰਹੇ ਹਨ ਇਸ ਦੌਰਾਨ ਠੰਡੀਆਂ ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਟੀ.ਵੀ. ਚੈਨਲਾਂ ਅਤੇ ਅਖਬਾਰਾਂ ’ਤੇ ਐਨਾ ਤੂਫਾਨ ਬਾਰੇ ਚਿਤਾਵਨੀ ਦਿੱਤੀ ਗਈ ਹੈ। ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਸੜਕਾਂ ’ਤੇ 8 ਸੈਂਟੀਮੀਟਰ ਤੱਕ ਬਰਫ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਵਾਹਨਾਂ ਦਾ ਲਾਂਘਾ ਮੁਸ਼ਕਲ ਹੋ ਰਿਹਾ ਹੈ। ਉੱਤਰੀ ਇੰਗਲੈਂਡ ਦੇ ਮਿਡਲੈਂਡ, ਸਕਾਟਲੈਂਡ, ਉੱਤਰੀ ਆਇਰਲੈਂਡ ਵੀ ਇਸ ਤੂਫਾਨ ਕਾਰਨ ਪ੍ਰਭਾਵਿਤ ਹੋ ਰਹੇ ਹਨ। ਠੰਡੀਆਂ ਅਤੇ ਤੇਜ਼ ਹਵਾਵਾਂ ਕਾਰਨ ਤਾਪਮਾਨ ਵਿਚ ਗਿਰਾਵਟ ਆਈ ਹੈ। ਤੂਫਾਨ ਕਾਰਨ ਸਕੂਲਾਂ ਨੂੰ ਬੰਦ ਰੱਖਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸੜਕ ’ਤੇ ਬਰਫ ਕਾਰਨ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੜਕ ’ਤੇ ਡਰਾਈਵਿੰਗ ਕਰਨਾ ਖਤਰਨਾਕ ਸਾਬਿਤ ਹੋ ਸਕਦਾ ਹੈ। ਹੱਡੀਆਂ ਜਮਾ ਦੇਣ ਵਾਲਾ ਤਾਪਮਾਨ ਇਸ ਹਫਤੇ ਦੇ ਅਖੀਰ ਵਿਚ ਸ਼ਨੀਵਾਰ ਰਾਤ ਤੱਕ ਆਪਣਾ ਕਹਿਰ ਵਰਾਉਂਦਾ ਰਹੇਗਾ।


Related News