ਆਰਮੇਨੀਆ ਪੁੱਜੇ ਉੱਪ-ਰਾਸ਼ਟਰਪਤੀ ਹਾਮਿਦ ਅੰਸਾਰੀ, ਹੋਣਗੇ ਕਈ ਸਮਝੌਤੇ

04/25/2017 1:10:09 AM

ਯੇਰੇਵਾਨ (ਆਰਮੇਨੀਆ), (ਅਵਿਨਾਸ਼ ਚੋਪੜਾ) — ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੇ ਪੋਲੈਂਡ ਦੌਰੇ ਦੌਰਾਨ ਪ੍ਰਮਾਣੂ ਸਪਲਾਈਕਰਤਾ ਗਰੁੱਪ (ਐੱਨ. ਐੱਸ. ਜੀ.)''ਚ ਸ਼ਾਮਲ ਹੋਣ ਦੇ ਭਾਰਤ ਦੇ ਯਤਨਾਂ ਨੂੰ ਲੈ ਕੇ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ। ਅਰਮੀਨੀਆ ਅਤੇ ਪੋਲੈਂਡ ਦੇ 5 ਦਿਨਾ ਦੌਰੇ ''ਤੇ ਸੋਮਵਾਰ ਦੇਰ ਰਾਤ ਯੇਰੇਵਾਨ ਪੁੱਜੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵੱਖ-ਵੱਖ ਬੈਠਕਾਂ ਅਤੇ ਸਮਾਰੋਹਾਂ ਵਿਚ ਸ਼ਾਮਲ ਹੋਣ  ਦੇ ਨਾਲ ਹੀ ਦੋਵਾਂ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ਵੀ ਕਰਨਗੇ। ਹਾਮਿਦ ਅੰਸਾਰੀ ਪਹਿਲੀ ਵਾਰ ਆਰਮੇਨੀਆ ਅਤੇ ਪੋਲੈਂਡ ਦੌਰੇ ''ਤੇ ਹਨ। ਉਂਝ ਪਿਛਲੇ 10 ਸਾਲ ਦੌਰਾਨ ਉਪ ਰਾਸ਼ਟਰਪਤੀ ਪੱਧਰ ਦੇ ਕਿਸੇ ਭਾਰਤੀ ਨੇਤਾ ਦੀ ਆਰਮੇਨੀਆ ਦੀ ਇਹ ਦੂਜੀ ਯਾਤਰਾ ਹੈ। ਉਪ ਰਾਸ਼ਟਰਪਤੀ  26  ਅਪ੍ਰੈਲ ਤੱਕ ਆਰਮੇਨੀਆ ਵਿਖੇ ਹੀ ਰਹਿਣਗੇ। ਉਨ੍ਹਾਂ ਦੀ ਧਰਮ ਪਤਨੀ ਸਲਮਾ ਅੰਸਾਰੀ ਵੀ ਉਕਤ ਦੇਸ਼ਾਂ ਦੇ ਦੌਰੇ ''ਤੇ ਨਾਲ ਆਈ ਹੈ। ਅੰਸਾਰੀ ਦੇ ਨਾਲ ਆਰਮੇਨੀਆ ਅਤੇ ਪੋਲੈਂਡ ਦੇ ਦੌਰੇ ''ਤੇ ਛੋਟੇ, ਦਰਮਿਆਨੇ ਅਤੇ ਸੂਖਮ ਉਦਯੋਗ ਰਾਜ ਮੰਤਰੀ ਗਿਰੀਰਾਜ ਸਿੰਘ ਵੀ ਆਏ ਹਨ। 
ਉਪ ਰਾਸ਼ਟਰਪਤੀ ਦੇ ਨਾਲ  ਹੀ ਇਕ ਸੰਸਦੀ ਵਫਦ ਵੀ ਆਇਆ ਹੈ, ਜਿਸ ਵਿਚ ਮਾਕਪਾ ਦੇ ਐੱਮ. ਪੀ. ਸੀਤਾਰਾਮ ਯੇਚੁਰੀ, ਐੱਨ. ਸੀ. ਪੀ. ਦੇ ਐੱਮ. ਪੀ. ਡੀ. ਪੀ. ਤ੍ਰਿਪਾਠੀ, ਕਾਂਗਰਸ ਦੇ ਐੱਮ. ਪੀ. ਵਿਵੇਕ ਅਤੇ ਭਾਜਪਾ ਦੇ ਐੱਮ. ਪੀ. ਥੁਪਸਟਾਨ ਅਤੇ ਮੀਡੀਆ ਮੁਲਾਜ਼ਮ ਵੀ ਸ਼ਾਮਲ ਹਨ।
ਅੰਸਾਰੀ 26 ਅਪ੍ਰੈਲ ਨੂੰ ਪੋਲੈਂਡ ਪੁੱਜਣਗੇ ਅਤੇ ਉਥੇ ਅਗਲੇ ਦੋ ਦਿਨ ਦੌਰਾਨ ਪੋਲੈਂਡ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਉਕਤ ਦੋਵੇਂ ਆਗੂ ਹਾਮਿਦ ਅੰਸਾਰੀ ਦੇ ਮਾਣ ਵਿਚ ਭੋਜ ਦਾ ਆਯੋਜਨ ਵੀ ਕਰਨਗੇ। ਅੰਸਾਰੀ ਸੈਨੇਟ ਦੇ ਸਪੀਕਰ ਨਾਲ ਵੀ ਮੁਲਾਕਾਤ ਕਰਨਗੇ।
ਇਕ ਗੈਰ-ਰਸਮੀ ਗੱਲਬਾਤ ਦੌਰਾਨ ਅੰਸਾਰੀ ਨੇ ਕਿਹਾ ਕਿ ਆਰਮੇਨੀਆ ਅਤੇ ਪੋਲੈਂਡ ਭਾਰਤ ਦੇ ਮਿੱਤਰ ਦੇਸ਼ ਹਨ। ਆਰਮੇਨੀਆ ਇਕ ਗਰੀਬ ਦੇਸ਼ ਹੈ ਅਤੇ ਉਹ ਆਪਣੇ ਦੇਸ਼ ਵਿਚ ਸਥਿਤ ਉਦਯੋਗਾਂ ਦੇ ਵਿਕਾਸ ਅਤੇ ਵਪਾਰ ਲਈ ਭਾਰਤ ਨਾਲ ਸਹਿਯੋਗ ਵਧਾਉਣ ਦਾ ਇੱਛੁਕ ਹੈ। ਕੇਂਦਰੀ ਯੂਰਪ ਵਿਚ ਆਰਮੇਨੀਆ ਇਕ ਅਜਿਹਾ ਦੇਸ਼ ਹੈ ਜੋ ਸ਼ੁਰੂ ਤੋਂ ਹੀ ਭਾਰਤ ਦਾ ਹਮਦਰਦ ਰਿਹਾ ਹੈ। ਇਥੋਂ ਤੱਕ ਕਿ ਜਦੋਂ ਉਹ ਸੋਵੀਅਤ ਸੰਘ ਦੇ ਅਧੀਨ ਸੀ, ਉਦੋਂ ਤੋਂ ਭਾਰਤ ਨਾਲ ਆਪਣੀ ਦੋਸਤੀ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਅ ਰਿਹਾ ਹੈ।
ਦੂਜੇ ਪਾਸੇ ਪੋਲੈਂਡ ਇਕ ਅਜਿਹਾ ਬਦਨਸੀਬ ਦੇਸ਼ ਹੈ ਜੋ ਪਿਛਲੇ 10 ਸਾਲਾਂ ਦੌਰਾਨ ਦੋ ਵਾਰ ਢਹਿ ਢੇਰੀ ਹੋ ਚੁੱਕਾ ਹੈ। ਇਥੋਂ ਦੇ ਲੋਕਾਂ ਨੇ ਔਖੇ ਹਾਲਾਤ ਵਿਚ ਵੀ ਆਪਣੀ ਮਿਹਨਤ ਦੇ ਜ਼ੋਰ ''ਤੇ ਇਸ ਦੀ ਮੁੜ ਉਸਾਰੀ ਕੀਤੀ ਅਤੇ ਰੂਸ ਤੇ ਜਰਮਨ ਦੇ ਕਬਜ਼ੇ ਤੋਂ ਮੁਕਤ ਕਰਵਾ ਕੇ ਇਸ ਨੂੰ ਤੇਜ਼ ਅਰਥਵਿਵਸਥਾ ਵਾਲੀ ਲੀਹ ''ਤੇ ਲਿਆਂਦਾ।

ਉਪ ਰਾਸ਼ਟਰਪਤੀ ਦੇ ਨਾਲ ਆਰਮੇਨੀਆ ਦੇ ਦੌਰੇ ''ਤੇ ਪੁੱਜੇ ਵਫਦ ਨੇ ਭਾਰਤੀ ਸਮੇਂ ਮੁਤਾਬਕ ਸੋਮਵਾਰ ਦੇਰ ਰਾਤ ਰਿਪਬਲਿਕ ਸਕੁਏਅਰ ਸਥਿਤ ਇਤਿਹਾਸਕ ਇਮਾਰਤਾਂ ਦਾ ਦੌਰਾ ਕੀਤਾ ਅਤੇ ਉਥੋਂ ਦੇ ਭੋਜਨ ਦਾ ਲੁਤਫ ਲਿਆ। 


Related News