ਬੀਮਾਰੀ ਦਾ ਕਾਰਨ ਦੱਸ ਕੇ ਅਕਸਰ ਛੁੱਟੀਆਂ ਲੈਂਦਾ ਹੈ ਅਸਧਾਰਨ ਵਰਤਾਓ ਤੋਂ ਪੀੜਤ ਮੁਲਾਜ਼ਮ

12/09/2017 5:34:31 AM

ਲੰਡਨ - ਜੇ ਕਿਸੇ ਮੁਲਾਜ਼ਮ ਨੂੰ ਲੱਗਦਾ ਹੈ ਕਿ ਦਫਤਰ ਵਿਚ ਉਸ ਨਾਲ ਸਹੀ ਵਰਤਾਓ ਨਹੀਂ ਹੋ ਰਿਹਾ ਤਾਂ ਹੋ ਸਕਦਾ ਹੈ ਕਿ ਉਹ ਬੀਮਾਰੀ ਦਾ ਕਾਰਨ ਦੱਸ ਕੇ ਲੰਮੀ ਛੁੱਟੀ ਲੈ ਲਵੇ। ਇਕ ਨਵੇਂ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਕੰਪਨੀਆਂ ਅਤੇ ਸੰਸਥਾਵਾਂ ਲਈ ਮੁਲਾਜ਼ਮਾਂ ਦੀਆਂ ਬੀਮਾਰੀ ਵਾਲੀਆਂ ਛੁੱਟੀਆਂ ਚਿੰਤਾ ਦਾ ਵਿਸ਼ਾ ਹਨ। ਕੰਮ ਦੇ ਮਾਹੌਲ 'ਤੇ ਇਸ ਦਾ ਖਾਸ ਅਸਰ ਪੈਂਦਾ ਹੈ। ਜੇ ਕਿਸੇ ਮੁਲਾਜ਼ਮ ਦਾ ਆਪਣੇ ਕੰਮ 'ਤੇ ਘੱਟ ਕੰਟਰੋਲ ਹੋਵੇ ਜਾਂ ਫਿਰ ਉਸ ਦੇ ਕੋਲ ਫੈਸਲੇ ਲੈਣ ਦੇ ਮੌਕੇ ਘੱਟ ਹੋਣ ਤਾਂ ਇਸ ਨਾਲ ਬੀਮਾਰੀ ਵਾਲੀਆਂ ਛੁੱਟੀਆਂ ਲੈਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਜੇ ਦੂਜੇ ਸ਼ਬਦਾਂ ਵਿਚ ਕਹੀਏ ਤਾਂ ਜੇ ਮੁਲਾਜ਼ਮ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਦਫਤਰ ਲਈ ਉਹ ਜ਼ਿਆਦਾ ਅਹਿਮ ਨਹੀਂ ਹੈ ਤਾਂ ਉਹ ਅਕਸਰ ਇਸ ਤਰ੍ਹਾਂ ਦੀ ਛੁੱਟੀ ਲੈਂਦਾ ਹੈ। 
ਬ੍ਰਿਟੇਨ ਦੀ ਯੂਨੀਵਰਸਿਟੀ ਆਫ ਈਸਟ ਇੰਗਲੀਆ ਅਤੇ ਸਵੀਡਨ ਦੀ ਸਟਾਕਹੋਮ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਖੇਤਰ ਵਿਚ ਇਕ ਨਵਾਂ ਕਾਰਕ ਜੁੜਿਆ ਹੈ, ਜਿਸ ਨੂੰ ਅਸੀਂ 'ਇੰਸਟੀਚਿਊਸ਼ਨਲ ਜਸਟਿਸ' ਜਾਂ 'ਸਿਮੀਲੈਰਿਟੀਜ਼ ਆਨ ਦਿ ਵਰਕ ਪਲੇਸ' ਕਹਿ ਸਕਦੇ ਹਾਂ। ਬੀ. ਐੱਮ. ਸੀ. ਪਬਲਿਕ ਹੈਲਥ ਪ੍ਰਕਾਸ਼ਿਤ ਇਸ ਅਧਿਐਨ ਵਿਚ ਇਸ ਨਵੇਂ ਤੱਥ 'ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਇਹ ਪ੍ਰਬੰਧਕਾਂ ਵਲੋਂ ਮੁਲਾਜ਼ਮਾਂ ਨਾਲ ਵਰਤਾਓ ਦਾ ਵਿਸ਼ਲੇਸ਼ਣ ਕਰਦਾ ਹੈ। ਅਧਿਐਨ ਲਈ 19 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਚ ਮੁਲਾਜ਼ਮਾਂ ਨਾਲ ਸਬੰਧਾਂ ਆਦਿ ਤੋਂ ਇਲਾਵਾ ਬੀਮਾਰੀ ਲਈ ਲਈਆਂ ਗਈਆਂ ਛੁੱਟੀਆਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ।


Related News