ਰਸਾਇਣਕ ਹਥਿਆਰਾਂ ਦੇ ਹਮਲੇ ਨੂੰ ਲੈ ਕੇ ਅਮਰੀਕਾ ਨੇ ਸੀਰੀਆ ਨੂੰ ਦਿੱਤੀ ਚਿਤਾਵਨੀ

06/27/2017 11:53:45 AM

ਵਾਸ਼ਿੰਗਟਨ— ਅਮਰੀਕੀ ਵ੍ਹਾਈਟ ਹਾਊਸ ਨੇ ਸੀਰੀਆ ਵਲੋਂ ਇਕ ਹੋਰ ਰਸਾਇਣਕ ਹਥਿਆਰਾਂ ਦੇ ਹਮਲੇ ਦੀ ਤਿਆਰੀ ਦੀ ਸ਼ੰਕਾ ਜ਼ਾਹਰ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵ੍ਹਾਈਟ ਹਾਊਸ ਨੇ ਇਸ ਲਈ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਅਜਿਹਾ ਫਿਰ ਹੋਇਆ ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਸੋਮਵਾਰ ਰਾਤ ਜਾਰੀ ਵ੍ਹਾਈਟ ਹਾਊਸ ਦੇ ਬਿਆਨ ਦੇ ਹਵਾਲੇ ਤੋਂ ਇਕ ਨਿਊਜ਼ ਚੈਨਲ ਨੇ ਕਿਹਾ, ''ਅਸਦ ਸ਼ਾਸਨ ਵਲੋਂ ਨਾਗਰਿਕਾਂ ਦੀ ਸਮੂਹਕ ਹੱਤਿਆ ਲਈ ਕੀਤੇ ਜਾਣ ਵਾਲੇ ਹੋਰ ਰਸਾਇਣਕ ਹਥਿਆਰਾਂ ਦੇ ਹਮਲੇ ਲਈ ਸੰਭਾਵਿਤ ਤਿਆਰੀ ਦੀ ਪਛਾਣ ਕੀਤੀ ਗਈ ਹੈ।'' 
ਬਿਆਨ 'ਚ ਇਹ  ਵੀ ਕਿਹਾ ਗਿਆ ਹੈ ਕਿ ਅਮਰੀਕਾ ਪਹਿਲਾਂ ਹੀ ਸੀਰੀਆ ਨਾਲ ਅੱਤਵਾਦੀ ਸਮੂਹ ਆਈ. ਐੱਸ. ਨੂੰ ਖਤਮ ਕਰਨ ਲਈ ਵਚਨਬੱਧ ਹੈ। ਵ੍ਹਾਈਟ ਹਾਊਸ ਪ੍ਰਸ਼ਾਸਨ ਦੇ ਸੂਤਰਾਂ ਦਾ ਇਹ ਮੰਨਣਾ ਹੈ ਕਿ ਇਕ ਹਮਲਾ ਛੇਤੀ ਹੀ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਅਮਰੀਕਾ ਆਪਣੇ ਬਿਆਨ ਮੁਤਾਬਕ ਇਸ ਹਮਲੇ ਨੂੰ ਰੋਕਦਾ ਹੈ, ਤਾਂ ਕਾਫੀ ਜ਼ਿੰਦਗੀਆਂ ਬਚ ਸਕਦੀਆਂ ਹਨ।
ਜੇਕਰ ਅਸਦ ਸਰਕਾਰ ਰਸਾਇਣਕ ਹਥਿਆਰਾਂ ਦੀ ਵਰਤੋਂ ਕਰ ਕੇ ਇਕ ਹੋਰ ਸਮੂਹਕ ਹੱਤਿਆ ਨੂੰ ਅੰਜ਼ਾਮ ਦਿੰਦਾ ਹੈ ਤਾਂ ਉਸ ਨੂੰ ਅਤੇ ਉਸ ਦੀ ਫੌਜ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਦੱਸਣ ਯੋਗ ਹੈ ਕਿ ਬੀਤੀ 4 ਅਪ੍ਰੈਲ ਨੂੰ ਸੀਰੀਆ ਦੇ ਇਦਬਿਲ ਸੂਬੇ 'ਚ ਕੀਤੇ ਗਏ ਹਮਲੇ 'ਚ 25 ਬੱਚਿਆਂ ਸਮੇਤ 100 ਲੋਕ ਮਾਰੇ ਗਏ ਸਨ। ਇਸ ਤੋਂ ਦੋ ਦਿਨ ਬਾਅਦ ਅਮਰੀਕਾ ਨੇ ਸੀਰੀਆ ਦੇ ਹਵਾਈ ਖੇਤਰ 'ਚ 59 ਟਾਮਹੌਕ ਕਰੂਜ਼ ਮਿਜ਼ਾਈਲਾਂ ਨਾਲ ਹਮਲੇ ਕੀਤੇ ਸਨ। ਇਹ ਅਮਰੀਕੀ ਸਰਕਾਰ ਵਲੋਂ ਸੀਰੀਆਈ ਸਰਕਾਰ 'ਤੇ ਪਹਿਲਾ ਅਮਰੀਕੀ ਹਮਲਾ ਸੀ। ਹਾਲਾਂਕਿ ਅਸਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਤੋਂ ਇਨਕਾਰ ਕਰ ਦਿੱਤਾ ਸੀ।


Related News