ਸੋਮਾਲੀਆ ਹਮਲੇ ਤੋਂ ਬਾਅਦ ਅਮਰੀਕੀ ਡਰੋਨਾਂ ਨੇ ਅਲ-ਸ਼ਬਾਬ ਨੂੰ ਬਣਾਇਆ ਨਿਸ਼ਾਨਾ

10/20/2017 4:47:53 PM

ਮੋਗਾਦਿਸ਼ੂ (ਸੋਮਾਲੀਆ) (ਏ.ਪੀ.)— ਅਮਰੀਕੀ ਫੌਜ ਨੇ ਕਿਹਾ ਹੈ ਕਿ ਇਸ ਹਫਤੇ ਉਸ ਨੇ ਸੋਮਾਲੀਆ 'ਚ ਅਲ-ਸ਼ਬਾਬ ਦੇ ਖਿਲਾਫ ਡਰੋਨ ਹਮਲਾ ਕੀਤਾ ਸੀ। ਹਾਲ 'ਚ ਇਥੇ ਹੋਏ ਇਕ ਹਮਲੇ ਲਈ ਇਸ ਸੰਗਠਨ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਅਮਰੀਕੀ ਅਫਰੀਕੀ ਕਮਾਨ ਦੇ ਦਿ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਰਾਜਧਾਨੀ ਮੋਗਾਦਿਸ਼ੂ ਤੋਂ ਦੱਖਣੀ-ਪੱਛਮ 'ਚ ਲਗਭਗ 35 ਮੀਲ ਦੂਰ ਸੋਮਵਾਰ ਨੂੰ ਇਹ ਹਮਲਾ ਕੀਤਾ ਗਿਆ। ਅਮਰੀਕਾ ਨੇ ਕਿਹਾ ਕਿ ਅਜੇ ਇਸ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। 
ਮੋਗਾਦਿਸ਼ੂ 'ਚ ਸ਼ਨੀਵਾਰ ਨੂੰ ਹੋਏ ਟਰੱਕ ਬੰਬ ਹਮਲੇ 'ਚ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ ਅਤੇ ਲਗਭਗ 400 ਹੋਰ ਫੱਟੜ ਹੋ ਗਏ ਸਨ। ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਸ ਸਾਲ ਇਸ ਸੰਗਠਨ ਖਿਲਾਫ ਫੌਜੀ ਮੁਹਿੰਮ ਨੂੰ ਵਧਾਉਣ ਬਾਰੇ ਮਨਜ਼ੂਰੀ ਦੇਣ ਤੋਂ ਬਾਅਦ ਇਸ ਅਫਰੀਕੀ ਦੇਸ਼ 'ਚ ਅਮਰੀਕਾ ਕਈ ਡਰੋਨ ਹਮਲਿਆਂ ਨੂੰ ਅੰਜਾਮ ਦੇ ਚੁੱਕਾ ਹੈ। ਅਲ-ਸ਼ਬਾਬ ਨੇ ਟਰੱਕ ਬੰਬ ਹਮਲੇ ਦੇ ਸਬੰਧ 'ਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਹਾਲਾਂਕਿ ਸੋਮਾਲੀਆ ਦੇ ਖੁਫੀਆ ਅਧਿਕਾਰੀਆਂ ਮੁਤਾਬਕ ਹਮਲੇ ਦਾ ਮਕਸਦ ਮੋਗਾਦਿਸ਼ੂ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣਾ ਸੀ। ਉਥੇ ਕਈ ਦੇਸ਼ਾਂ ਦੇ ਸਫਾਰਤਖਾਨੇ ਹਨ।


Related News