ਯੂ.ਕੇ. ’ਚ 52000 ਡਰਾਈਵਰਾਂ ਦੀ ਲੋੜ, ਕੰਪਨੀਆਂ ਦੇ ਰਹੀਆਂ ਹਨ ਲੁਭਾਵਣੇ ਆਫਰ

12/09/2017 4:35:57 PM

ਲੰਡਨ (ਏਜੰਸੀ)- ਯੂ.ਕੇ. ਵਿਚ ਡਰਾਈਵਰਾਂ ਦੀ ਸਖ਼ਤ ਜ਼ਰੂਰਤ ਹੈ। ਇਸ ਸਬੰਧੀ ਕੰਪਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਘਾਟ ਨੂੰ ਪੂਰਾ ਨਾ ਕੀਤਾ ਗਿਆ ਤਾਂ ਯੂ.ਕੇ. ਵਿਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਕਮੀ ਕੌਮੀ ਪੱਧਰ ’ਤੇ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਕਾਰਨ ਸਮੇਂ ਸਿਰ ਕ੍ਰਿਸਮਸ ਦੇ ਤੌਹਫੇ ਪਰਿਵਾਰਾਂ ਤੱਕ ਨਹੀਂ ਪਹੁੰਚਾਏ ਜਾ ਸਕਣਗੇ। ਇਸ ਤਿਓਹਾਰੀ ਸੀਜ਼ਨ ਕਾਰਨ ਕੰਪਨੀਆਂ ਨੂੰ ਡਰਾਈਵਰਾਂ ਦੀ ਘਾਟ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਰਤੀ ਅਤੇ ਰੁਜ਼ਗਾਰ ਕਨਫੈਡਰੇਸ਼ਨ ਵਲੋਂ ਕੀਤੇ ਗਏ ਇਕ ਸਰਵੇ ਮੁਤਾਬਕ ਇਹ ਪਤਾ ਲੱਗਾ ਹੈ ਕਿ ਸਿਰਫ 50 ਫੀਸਦੀ ਹੀ ਡਰਾਈਵਰਾਂ ਦੀ ਭਰਤੀ ਹੁੰਦੀ ਹੈ। ਕਨਫੈਡਰੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇਵਿਨ ਗ੍ਰੀਨ ਨੇ ਦੱਸਿਆ ਕਿ ਪਰਿਵਾਰਾਂ ਨੂੰ ਸਮੇਂ ਸਿਰ ਤੌਹਫੇ ਨਾ ਮਿਲਣ ਕਾਰਨ ਉਨ੍ਹਾਂ ਦੇ ਬੱਚੇ ਕ੍ਰਿਸਮਸ ਵਾਲੇ ਉਦਾਸ ਹੋ ਜਾਣਗੇ। ਹਾਲ ਹੀ ਵਿਚ ਯੂ.ਕੇ. ਵਿਚ ਲਾਰੀ ਡਰਾਈਵਰਾਂ ਦੀ ਕਮੀ ਵੇਖਣ ਨੂੰ ਮਿਲੀ ਹੈ, ਜਿਸ ਕਾਰਨ ਸਮੇਂ ਸਿਰ ਸਾਮਾਨ ਨਹੀਂ ਪਹੁੰਚੇਗਾ ਅਤੇ ਦੁਕਾਨਾਂ ਅਤੇ ਵੱਡੇ-ਵੱਡੇ ਮਾਲਾਂ ਵਿਚ ਸਾਮਾਨ ਦੀ ਘਾਟ ਆ ਜਾਵੇਗੀ।
ਮਾਲ ਟਰਾਂਸਪੋਰਟ ਐਸੋਸੀਏਸ਼ਨ ਮੁਤਾਬਕ ਸਾਮਾਨ ਲਿਜਾਣ ਅਤੇ ਪਹੁੰਚਾਉਣ ਦੇ ਖੇਤਰ ਵਿਚ 52000 ਲਾਰੀ ਡਰਾਈਵਰਾਂ ਦੀ ਘਾਟ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਹੀ ਹੈ। ਜ਼ਰੂਰਤਮੰਦ ਕੰਪਨੀਆਂ ਵਲੋਂ ਨੌਜਵਾਨ ਪੀੜ੍ਹੀ ਨੂੰ ਇਸ ਖੇਤਰ ਵਿਚ ਲਿਆਉਣ ਲਈ ਨਵੇਂ ਤਰੀਕਿਆਂ ਦੀ ਭਾਲ ਕੀਤੀ ਜਾ ਰਹੀ ਹੈ।


Related News