ਅਮਰੀਕਾ ''ਚ ਬੁਲੰਦ ਹੋਈ ਦਸਤਾਰ ਦੀ ਸਰਦਾਰੀ, ਹਜ਼ਾਰਾਂ ਲੋਕਾਂ ਨੇ ਸਿਰਾਂ ''ਤੇ ਸਜਾਈਆਂ ਪਗੜੀਆਂ (ਦੇਖੋ ਤਸਵੀਰਾਂ)

Monday, April 17, 2017 12:27 PM
ਨਿਊਯਾਰਕ— ਅਮਰੀਕਾ ''ਚ ਸਿੱਖਾਂ ਦੇ ਵਿਰੁੱਧ ਵਧੇ ਨਫ਼ਰਤ ਅਪਰਾਧਾਂ ਦੇ ਵਿਚਕਾਰ ਸ਼ਨੀਵਾਰ ਨੂੰ ਟਾਈਮਜ਼ ਸਕੁਏਅਰ ਸਿੱਖੀ ਸੱਭਿਆਚਾਰ ਅਤੇ ਰਿਵਾਇਤਾਂ ਦੀ ਰੰਗਤ ''ਚ ਡੁੱਬ ਗਿਆ। ਇੱਥੇ ਭਾਈਚਾਰੇ ਦੇ ਮੈਂਬਰਾਂ ਨੇ ਨਿਊਯਾਰਕ ਦੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਅਤੇ ਸੈਲਾਨੀਆਂ ਦੇ ਸਿਰਾਂ ''ਤੇ ਦਸਤਾਰਾਂ ਸਜਾ ਕੇ ਸਿੱਖਾਂ ਦੀ ਵੱਖਰੀ ਪਛਾਣ ਪ੍ਰਤੀ ਜਾਗਰੂਕ ਕੀਤਾ। ਟਾਈਮਜ਼ ਸਕੁਏਅਰ ''ਤੇ ਇਸ ਸਮਾਗਮ ਦਾ ਆਯੋਜਨ ਗ਼ੈਰ ਸਰਕਾਰੀ ਸੰਗਠਨ ''ਦਿ ਸਿੱਖਸ ਆਫ ਨਿਊਯਾਰਕ'' ਵਲੋਂ ਕੀਤਾ ਗਿਆ ਸੀ। ਵਿਸਾਖੀ ਮੌਕੇ 4 ਘੰਟਿਆਂ ਤੱਕ ਚੱਲੇ ਇਸ ਸਮਾਗਮ ''ਚ ਸੰਗਠਨ ਦੇ ਮੈਂਬਰਾਂ ਨੇ 8000 ਅਮਰੀਕੀਆਂ ਅਤੇ ਵੱਖ-ਵੱਖ ਦੇਸ਼ਾਂ ਤੇ ਜਾਤੀ-ਭਾਈਚਾਰਿਆਂ ਦੇ ਲੋਕਾਂ ਨੂੰ ਰੰਗ-ਬਿਰੰਗੀਆਂ ਪੱਗਾਂ ਬੰਨ੍ਹੀਆਂ। ਇਸ ਦਾ ਉਦੇਸ਼ ਅਮਰੀਕੀਆਂ ਅਤੇ ਹੋਰ ਦੇਸ਼ਾਂ ਦੇ ਲੋਕਾਂ ਵਿਚਕਾਰ ਸਿੱਖ ਧਰਮ ਅਤੇ ਇਸ ''ਚ ਪਵਿੱਤਰ ਮੰਨੀਆਂ ਜਾਣ ਵਾਲੀਆਂ ਵਸਤੂਆਂ ਜਿਵੇਂ ਕਿ ਪੱਗ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨਾ ਸੀ। ਅਮਰੀਕਾ ''ਚ ਹਾਲ ਹੀ ਦੇ ਸਮੇਂ ''ਚ ਸਿੱਖਾਂ ਪ੍ਰਤੀ ਨਫ਼ਰਤ ਅਪਰਾਧਾਂ ਦੀਆਂ ਘਟਨਾਵਾਂ ''ਚ ਵਾਧਾ ਹੋਇਆ ਹੈ ਅਤੇ ਲੋਕਾਂ ''ਚ ਦਸਤਾਰ ਸੰਬੰਧੀ ਜਾਣਕਾਰੀ ਪੈਦਾ ਕਰਕੇ ਇਨ੍ਹਾਂ ਘਟਨਾਵਾਂ ਨੂੰ ਰੋਕਣ ''ਚ ਕਾਫੀ ਮਦਦ ਮਿਲ ਸਕਦੀ ਹੈ। ਦੱਸਣਯੋਗ ਹੈ ਕਿ 9/11 ਅੱਤਵਾਦੀ ਹਮਲੇ ਤੋਂ ਬਾਅਦ ਪੱਗ ਨੂੰ ਲੈ ਕੇ ਗ਼ਲਤ ਧਾਰਣਾ ਬਣ ਗਈ ਹੈ ਅਤੇ ਇਸ ਨੂੰ ਆਮ ਤੌਰ ''ਤੇ ਅੱਤਵਾਦ ਨਾਲ ਜੋੜ ਦਿੱਤਾ ਜਾਂਦਾ ਹੈ।
ਇਸ ਸਮਾਰੋਹ ''ਚ ਕਾਂਗਰਸੀ ਜਾਰਜ ਮੀਕਸ ਨੇ 15 ਅਪ੍ਰੈਲ, 2017 ਨੂੰ ''ਟਰਬਨ ਡੇਅ'' (ਦਸਤਾਰ ਦਿਵਸ) ਐਲਾਨਿਆ। ਸੰਗਠਨ ਦੇ ਸੰਸਥਾਪਕ ਚੰਨਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਸਤਾਰ ਦਿਵਸ ਦੀ ਸ਼ੁਰੂਆਤ ਸਾਲ 2013 ''ਚ ਕੀਤੀ ਗਈ ਸੀ। ਉਨ੍ਹਾਂ ਕਿਹਾ, ''ਸਿੱਖਾਂ ਦੀ ਪੱਗ ਅਤੇ ਧਰਮ ਦੇ ਸੱਭਿਆਚਾਰ ਬਾਰੇ ''ਚ ਅਸੀਂ ਜਾਗਰੂਕਤਾ ਲਿਆ ਰਹੇ ਹਨ। ਪੱਗ ਹਰ ਸਿੱਖ ਦਾ ਤਾਜ ਹੰਦੀ ਹੈ ਅਤੇ ਇਹ ਸਾਡੇ ਲਈ ਮਾਣ ਅਤੇ ਦਲੇਰੀ ਦਾ ਪ੍ਰਤੀਕ ਹੈ। ਜਿਹੜੇ ਲੋਕ ਪੱਗ ਨਹੀਂ ਬੰਨ੍ਹਦੇ, ਉਨ੍ਹਾਂ ਨੂੰ ਦਸਤਾਰ ਦਿਵਸ ਇਸ ਨੂੰ ਬੰਨ੍ਹਣ ਦਾ ਅਨੁਭਵ ਲੈਣ ਅਤੇ ਇਸ ਦੇ ਮਹੱਤਵ ਨੂੰ ਸਮਝਾਉਣ ਦਾ ਮੌਕਾ ਦਿੰਦਾ ਹੈ।''


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!