ਟਰੰਪ ਨੇ ਕਿਹਾ— ਅਮਰੀਕੀਆਂ ਨੂੰ ਚੰਦਰਮਾ ਅਤੇ ਮੰਗਲ ਗ੍ਰਹਿ ''ਤੇ ਭੇਜਾਂਗੇ

12/12/2017 11:33:33 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਨਵੀਂ ਪੁਲਾੜ ਨੀਤੀ 'ਤੇ ਦਸਤਖਤ ਕੀਤੇ ਹਨ। ਟਰੰਪ ਦੀ ਇਹ ਨੀਤੀ ਨਾਸਾ ਨੂੰ ਅਮਰੀਕੀ ਨਾਗਰਿਕਾਂ ਨੂੰ ਪਹਿਲਾ ਚੰਦਰਮਾ ਅਤੇ ਫਿਰ ਮੰਗਲ ਗ੍ਰਹਿ 'ਤੇ ਭੇਜਣ ਦਾ ਨਿਰਦੇਸ਼ ਦਿੰਦੀ ਹੈ। ਪਿਛਲੇ ਕਈ ਦਹਾਕਿਆਂ ਤੋਂ ਚੰਦਰਮਾ 'ਤੇ ਕਿਸੇ ਵੀ ਅਮਰੀਕੀ ਨੂੰ ਨਹੀਂ ਭੇਜਿਆ ਗਿਆ ਹੈ ਅਤੇ ਇਹ ਨੀਤੀ ਅਮਰੀਕੀ ਪੁਲਾੜ ਯਾਤਰੀਆਂ ਨੂੰ ਫਿਰ ਤੋਂ ਉੱਥੇ ਭੇਜਣ ਦੀ ਦਿਸ਼ਾ 'ਚ ਪਹਿਲ ਹੈ। 
ਵ੍ਹਾਈਟ ਹਾਊਸ 'ਚ ਟਰੰਪ ਨੇ ਕਿਹਾ, ''ਮੈਂ ਜਿਸ ਦਿਸ਼ਾ ਨਿਰਦੇਸ਼ 'ਤੇ ਦਸਤਖਤ ਕਰ ਰਿਹਾ ਹਾਂ, ਉਹ ਅਮਰੀਕੀ ਪੁਲਾੜ ਪ੍ਰੋਗਰਾਮ ਦੇ ਮਨੁੱਖਾਂ ਜ਼ਰੀਏ ਖੋਜ 'ਤੇ ਬਲ ਦੇਵੇਗਾ। ਇਹ 1972 ਤੋਂ ਬਾਅਦ ਪਹਿਲੀ ਵਾਰ ਅਮਰੀਕੀ ਪੁਲਾੜ ਯਾਤਰੀਆਂ ਦੇ ਲੰਬੇ ਸਮੇਂ ਲਈ ਚੰਦਰਮਾ 'ਤੇ ਜਾਣ ਅਤੇ ਖੋਜ ਕਰਨ ਦਾ ਮਹੱਤਵਪੂਰਨ ਕਦਮ ਹੋਵੇਗਾ। ਇਸ ਤੋਂ ਪਹਿਲਾਂ ਅਪੋਲੋ ਮਿਸ਼ਨ ਦੌਰਾਨ 1960 ਅਤੇ 1970 ਦੇ ਦਹਾਕੇ ਵਿਚ ਅਮਰੀਕੀ ਪੁਲਾੜ ਯਾਤਰੀ ਚੰਦਰਮਾ 'ਤੇ ਗਏ ਸਨ।''  ਟਰੰਪ ਨੇ ਇਸ ਦੇ ਨਾਲ ਹੀ ਕਿਹਾ ਕਿ ਇਸ ਵਾਰ ਅਸੀਂ ਉੱਥੇ ਸਿਰਫ ਆਪਣਾ ਝੰਡਾ ਲਾ ਕੇ ਆਪਣਾ ਨਿਸ਼ਾਨ ਨਹੀਂ ਛੱਡਾਂਗੇ, ਸਗੋਂ ਕਿ ਮੰਗਲ ਮਿਸ਼ਨ ਅਤੇ ਭਵਿੱਖ 'ਚ ਹੋਰ ਗ੍ਰਹਾਂ ਦੀ ਯਾਤਰਾ ਲਈ ਨੀਂਹ ਰੱਖ ਰਹੇ ਹਾਂ। ਦੱਸਣਯੋਗ ਹੈ ਕਿ 21 ਜੁਲਾਈ 1969 ਨੂੰ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਨੇ ਚੰਦਰਮਾ 'ਤੇ ਪਹਿਲਾ ਕਦਮ ਰੱਖਿਆ ਸੀ। ਓਧਰ ਉੱਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਪੁਲਾੜ ਨੀਤੀ ਨਿਰਦੇਸ਼ ਇਹ ਯਕੀਨੀ ਕਰਨਗੇ ਕਿ ਅਮਰੀਕਾ ਇਕ ਵਾਰ ਫਿਰ ਪੁਲਾੜ ਦੀ ਅਗਵਾਈ ਕਰੇਗਾ। 


Related News