ਪੰਜਾਬੀ-ਕੈਨੇਡੀਅਨ ਨੌਜਵਾਨਾਂ ਨੇ ਪੁਲਸ ਨੂੰ ਕੱਢੀਆਂ ਗਾਲ੍ਹਾਂ, ਵੀਡੀਓ ਹੋਈ ਵਾਇਰਲ

10/18/2017 3:14:27 PM

ਸਰੀ,(ਬਿਊਰੋ) — ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਹਨ। ਕਈ ਵਾਰ ਕੁੱਝ ਲੋਕਾਂ ਦੀਆਂ ਗਲਤੀਆਂ ਕਾਰਨ ਸਭ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਟਰੋ ਵੈਨਕੁਵਰ ਟਰਾਂਜ਼ਿਟ ਦੇ ਅਫਸਰਾਂ ਅਤੇ ਪੰਜਾਬੀ-ਕੈਨੇਡੀਅਨ ਨੌਜਵਾਨਾਂ ਦੀ ਇਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੁਲਸ ਵਾਲਿਆਂ ਨੇ ਸਰੀ ਦੇ 88ਵੇਂ ਅਵੈਨਿਊ ਅਤੇ ਕਿੰਗ ਜੌਰਜ ਹਾਈਵੇਅ 'ਤੇ 12 ਅਕਤੂਬਰ ਨੂੰ ਜੀਪ ਐੱਸ.ਯੂ.ਵੀ. 'ਚ ਜਾ ਰਹੇ 2 ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੀ ਗੱਡੀ ਦੀ ਜਾਂਚ ਕੀਤੀ। ਇਨ੍ਹਾਂ ਪੁਲਸ ਅਧਿਕਾਰੀਆਂ ਨੇ ਨੌਜਵਾਨਾਂ ਦੀ ਸਪੀਡ ਟਿਕਟ ਕੱਟ ਦਿੱਤੀ ਅਤੇ ਇਸ ਕਾਰਨ ਇਹ ਨੌਜਵਾਨ ਗੁੱਸੇ 'ਚ ਆ ਗਏ। ਨੌਜਵਾਨਾਂ ਨੇ ਪੁਲਸ ਵਾਲਿਆਂ ਨਾਲ ਝਗੜਾ ਸ਼ੁਰੂ ਕਰ ਦਿੱਤਾ। ਪੁਲਸ ਵਾਲਿਆਂ ਨੇ ਉਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਨੌਜਵਾਨ ਗਾਲ੍ਹਾਂ ਕੱਢਣ ਲੱਗ ਗਏ। ਪੁਲਸ ਅਧਿਕਾਰੀਆਂ ਨੇ ਕਿਹਾ ਵੀ ਕਿ ਇਹ ਭਾਰਤ ਨਹੀਂ ਕੈਨੇਡਾ ਹੈ ਪਰ ਉਹ ਨਾ ਰੁਕੇ ਤੇ ਕਹਿਣ ਲੱਗੇ ਕਿ ਉਹ ਉਨ੍ਹਾਂ ਨਾਲੋਂ ਵਧੇਰੇ ਕਮਾਈ ਕਰਦੇ ਹਨ।

ਉਨ੍ਹਾਂ ਕਿਹਾ,''ਸਾਡੀ ਟਿਕਟ ਇਸ ਲਈ ਕੱਟੀ ਗਈ ਹੈ ਕਿਉਂਕਿ ਤੁਸੀਂ ਸਾਡੇ ਤੋਂ ਸੜਦੇ ਹੋ ਅਤੇ ਕਿਉਂਕਿ ਅਸੀਂ ਮਹਿੰਗੀਆਂ ਗੱਡੀਆਂ 'ਚ ਘੁੰਮਦੇ ਹਾਂ। ਮੈਂ ਟਰੱਕ ਚਲਾਉਂਦਾ ਹਾਂ ਅਤੇ 3 ਮਹੀਨੇ 'ਚ ਇੰਨੀ ਕਮਾਈ ਕਰ ਲੈਂਦਾ ਹਾਂ, ਜਿੰਨੀ ਤੁਸੀਂ ਸਾਲ 'ਚ ਵੀ ਨਹੀਂ ਕਰ ਸਕਦੇ।''
ਉਂਝ ਕੈਨੇਡਾ 'ਚ ਕਾਂਸਟੇਬਲ ਤੋਂ ਲੈ ਕੇ ਟਰਾਂਸ ਪੁਲਸ ਅਧਿਕਾਰੀ 20 ਸਾਲਾਂ 'ਚ ਸਲਾਨਾ 65,136 ਡਾਲਰ ਤੋਂ 104,040 ਡਾਲਰ ਤਕ ਕਮਾਉਂਦੇ ਹਨ। 
ਮੈਟਰੋ ਵੈਨਕੁਵਰ ਪੁਲਸ ਦੇ ਬੁਲਾਰੇ ਨੇ ਕਿਹਾ,''ਮੈਂ ਆਪਣੇ ਅਫਸਰਾਂ ਦੀ ਉਨ੍ਹਾਂ ਦੇ ਸਬਰ ਅਤੇ ਸਥਿਤੀ ਨੂੰ ਸੰਭਾਲਣ ਦੀ ਸ਼ਲਾਘਾ ਕਰਦਾ ਹਾਂ। ਉਨ੍ਹਾਂ ਨੇ ਮੁਸ਼ਕਲ ਹਾਲਾਤਾਂ 'ਚ ਇਸ ਸਥਿਤੀ ਨੂੰ ਸੰਭਾਲਿਆ ਹੈ।'' ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ ਸਿਰਫ ਸਪੀਡ ਟਿਕਟ ਹੀ ਕੱਟੀ ਗਈ ਸੀ, ਇਸ ਤੋਂ ਇਲਾਵਾ ਕੋਈ ਹੋਰ ਜ਼ੁਰਮਾਨਾ ਨਹੀਂ ਲਗਾਇਆ ਗਿਆ ਪਰ ਉਨ੍ਹਾਂ ਨੇ ਪੁਲਸ ਵਾਲਿਆਂ ਨਾਲ ਗਲਤ ਵਿਵਹਾਰ ਕੀਤਾ।


Related News