ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਗ੍ਰੇਵਜੈਂਡ ਵਲੋਂ ਸਿੱਖਿਆ ਦਾ ਇਕ ਟੂਰ ਦਾ ਆਯੋਜਨ

06/26/2017 4:26:48 PM

ਲੰਡਨ (ਮਨਦੀਪ ਖੁਰਮੀ)— ਗ੍ਰੇਵਜੈਂਡ ਦੀ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਵਲੋਂ ਆਪਣੀਆਂ ਸਰਗਰਮੀਆਂ ਨੂੰ ਵਿਸਥਾਰ ਦਿੰਦਿਆਂ ਬੀਬੀਆਂ ਦੇ ਇੱਕ ਰੋਜ਼ਾ ਟੂਰ ਦਾ ਆਯੋਜਨ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜੈਂਡ ਤੋਂ ਦੋ ਦਰਜਨ ਦੇ ਲਗਭਗ ਬੀਬੀਆਂ ਦਾ ਜੱਥਾ ਲੰਡਨ ਦੇ ਹਾਰਨੀਮਾਨ ਮਿਊਜ਼ੀਅਮ ਲਈ ਸੰਸਥਾ ਦੇ ਅਹੁਦੇਦਾਰਾਂ ਦੀ ਅਗਵਾਈ 'ਚ ਰਵਾਨਾ ਹੋਇਆ। ਪਰਮਿੰਦਰ ਸਿੰਘ ਮੰਡ ਅਤੇ ਸੁਖਬੀਰ ਸਿੰਘ ਨੇ ਪ੍ਰੈੱਸ  ਵਾਰਤਾ ਦੌਰਾਨ ਕਿਹਾ ਕਿ ਸੰਸਥਾਵਾਂ ਦਾ ਅਸਲ ਮਕਸਦ ਸਾਡੇ ਜੀਵਨ ਨਾਲ ਜੁੜੀਆਂ ਗੱਲਾਂ, ਜ਼ਰੂਰਤਾਂ ਦੀ ਨਿਸ਼ਾਨਦੇਹੀ ਕਰਨਾ ਹੁੰਦਾ ਹੈ। ਇਸੇ ਤਹਿਤ ਹੀ ਅਸੀਂ ਹੋਰਨਾਂ ਗਤੀਵਿਧੀਆਂ ਦੇ ਨਾਲ-ਨਾਲ ਇਸ ਟੂਰ ਪ੍ਰੋਗਰਾਮ ਦਾ ਬੰਦੋਬਸਤ ਕੀਤਾ ਹੈ ਤਾਂ ਜੋ ਬਰਤਾਨਵੀ ਸਮਾਜ ਵਲੋਂ ਸਤਿਕਾਰ ਸਹਿਤ ਸਾਂਭੇ ਹੋਏ ਆਪਣੇ ਅਤੀਤ ਨੂੰ ਨੇੜਿਓਂ ਹੋ ਕੇ ਦੇਖਿਆ ਜਾ ਸਕੇ। ਅਜਿਹੇ ਦੌਰੇ ਵੱਖ-ਵੱਖ ਸੱਭਿਆਚਾਰਾਂ, ਵਿਰਸਿਆਂ, ਬੋਲੀਆਂ, ਭਾਸ਼ਾਵਾਂ, ਰੀਤੀ-ਰਿਵਾਜ਼ਾਂ, ਬੌਧਿਕ ਪੱਧਰਾਂ ਪ੍ਰਤੀ ਨਵੇਂ ਤੋਂ ਨਵਾਂ ਪੱਖ ਦੇਖਣ ਸਮਝਣ ਦਾ ਸਬੱਬ ਬਣਦੇ ਹਨ। ਉੱਥੇ ਸਾਡੇ ਮਨ ਨੂੰ ਵਧੇਰੇ ਹੋਰ ਵਧੇਰੇ ਸਿੱਖਣ ਦੀ ਚੇਟਕ ਵੀ ਲਾਉਂਦੇ ਹਨ। ਹਰ ਵੇਲੇ ਸਿੱਖਦੇ ਰਹਿਣਾ ਹੀ ਅਸਲ ਸਿੱਖ ਦਾ ਮਕਸਦ ਹੋਣਾ ਚਾਹੀਦਾ ਹੈ। ਇਸ ਟੂਰ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਾਊਥਾਲ ਦੇ ਦੇਸੀ ਰੇਡੀਓ, ਪੰਜਾਬੀ ਸੈਂਟਰ, ਅਮਰਜੀਤ ਕੌਰ ਖਹਿਰਾ, ਕੁਲਵੰਤ ਕੌਰ ਢਿੱਲੋਂ, ਐਨ. ਕੇ. ਆਦਿ ਦਾ ਭਰਪੂਰ ਸਹਿਯੋਗ ਰਿਹਾ। ਸੰਸਥਾ ਦੇ ਸੇਵਾਦਾਰਾਂ ਤਜਿੰਦਰਜੀਤ ਕੌਰ ਸੰਘੇੜਾ, ਸਿਕੰਦਰ ਸਿੰਘ ਬਰਾੜ, ਸੁਖਬੀਰ ਸਿੰਘ ਸਹੋਤਾ, ਨਿਰਮਲ ਸਿੰਘ ਖਾਬੜਾ ਆਦਿ ਨੇ ਨੇੜ ਭਵਿੱਖ ਵਿੱਚ ਵੀ ਅਜਿਹੇ ਹੋਰ ਪ੍ਰੋਗਰਾਮ ਉਲੀਕਣ ਦੀ ਪ੍ਰਤੀਬੱਧਤਾ ਦੁਹਰਾਈ।


Related News