ਸਿਹਤਮੰਦ ਰਹਿਣਾ ਹੈ ਤਾਂ ਫਿਰ ਦੇਰ ਕਿਉਂ, ਆ ਜਾਓ ਇਟਲੀ

06/20/2017 5:56:13 PM

ਰੋਮ,(ਕੈਂਥ)— ਦੁਨੀਆ ਵਿਚ ਹਰ ਇਨਸਾਨ ਇਹ ਹੀ ਚਾਹੁੰਦਾ ਹੈ ਕਿ ਉਹ ਜਿੱਥੇ ਆਰਥਿਕ ਪੱਖੋਂ ਕਾਮਯਾਬੀ ਦੇ ਮੀਲ ਪੱਥਰ ਸਥਾਪਿਤ ਕਰੇ, ਉੱਥੇ ਹੀ ਉਹ ਸਦਾ ਤੰਦਰੁਸਤੀ ਭਰਿਆ ਜੀਵਨ ਵੀ ਬਤੀਤ ਕਰੇ। ਅਫ਼ਸੋਸ ਇਹ ਸੁਪਨਾ ਸਭ ਦਾ ਪੂਰਾ ਨਹੀਂ ਹੁੰਦਾ ਪਰ ਪਾਠਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਟਲੀ ਦੁਨੀਆ ਦਾ ਅਜਿਹਾ ਦੇਸ਼ ਹੈ, ਜਿਹੜਾ ਕਿ ਤੁਹਾਨੂੰ ਤੰਦਰੁਸਤੀ ਅਤੇ ਖੁਸ਼ਹਾਲ ਜੀਵਨ ਪ੍ਰਦਾਨ ਕਰਨ 'ਚ ਕਾਫ਼ੀ ਹੱਦ ਤੱਕ ਸਫਲ ਮੰਨਿਆ ਜਾ ਰਿਹਾ ਹੈ। ਇਹ ਤੱਥ 163 ਦੇਸ਼ਾਂ 'ਤੇ ਕੀਤੇ ਗਏ ਇਕ ਸਰਵੇ ਦੌਰਾਨ ਸਾਹਮਣੇ ਆਏ ਹਨ। 
ਸਰਵੇ 'ਚ ਦੱਸਿਆ ਗਿਆ ਹੈ ਕਿ ਇਟਾਲੀਅਨ ਲੋਕ, ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਦੇ ਲੋਕਾਂ ਨਾਲੋਂ ਬਿਹਤਰੀਨ ਅਤੇ ਸਿਹਤਮੰਦ ਜ਼ਿੰਦਗੀ ਬਤੀਤ ਕਰਦੇ ਹਨ। ਇਟਲੀ ਵਿਚ ਜਨਮ ਲੈਣ ਵਾਲਾ ਬੱਚਾ ਆਪਣੀ ਜ਼ਿੰਦਗੀ ਦੇ 80 ਸਾਲ ਜਿਉਣ ਦੀ ਉਮੀਦ ਕਰ ਸਕਦਾ ਹੈ, ਜਦਕਿ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ 'ਚ ਇਹ ਦਰ ਸਿਰਫ 52 ਤੱਕ ਹੀ ਸੀਮਤ ਹੈ।
ਇਟਲੀ, ਦੁਨੀਆ ਦੇ ਵਿਕਸਤ ਦੇਸ਼ਾਂ ਵਿਚੋਂ ਇਕ ਹੈ, ਇੱਥੇ ਕਈ ਦਹਾਕਿਆਂ ਤੋਂ ਵਿਕਾਸ ਸਥਿਰ ਰੂਪ ਵਿਚ ਚੱਲ ਰਿਹਾ ਹੈ। ਇਟਲੀ ਦੀ ਕਰੰਸੀ ਵੀ ਦੁਨੀਆ ਦੀ ਉੱਚ ਸ਼੍ਰੇਣੀ ਦੀ ਕਰੰਸੀ ਵਿਚ ਆਉਂਦੀ ਹੈ। ਇਟਾਲੀਅਨ ਲੋਕ, ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਦੇ ਲੋਕਾਂ ਨਾਲੋਂ ਬਿਹਤਰ ਹਨ, ਜਦਕਿ ਇਨ੍ਹਾਂ ਦੇਸ਼ਾਂ ਦੇ ਲੋਕ ਹਾਈ ਬਲੱਡ ਪ੍ਰੈੱਸ਼ਰ, ਕੋਲੈਸਟ੍ਰਾਲ ਅਤੇ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹਨ। 'ਗਲੋਬਲ ਰਿਲੀਫ ਆਰਗੇਨਾਈਜੇਸ਼ਨ' ਦੇਮਾਹਰਾਂ ਦਾ ਕਹਿਣਾ ਹੈ ਕਿ ਇਟਲੀ ਵਿਚ ਡਾਕਟਰਾਂ ਦੀ ਗਿਣਤੀ ਵੀ ਵਧੇਰੇ ਹੈ, ਜਿਸ ਨਾਲ ਇੱਥੋਂ ਦੇ ਨਾਗਰਿਕਾਂ ਨੂੰ ਬਿਹਤਰ ਸਿਹਤ ਸੁਰੱਖਿਆ ਪ੍ਰਦਾਨ ਕਰਵਾਈ ਜਾ ਸਕਦੀ ਹੈ।
ਬਸ ਇੰਨਾ ਹੀ ਨਹੀਂ ਇਟਾਲੀਅਨ ਲੋਕਾਂ ਵੱਲੋਂ ਸੇਵਨ ਕੀਤਾ ਜਾਣ ਵਾਲਾ ਆਹਾਰ ਵੀ ਉੱਚ ਸ਼੍ਰੇਣੀ ਦਾ ਹੈ, ਜਿਸ ਨੂੰ ਦੁਨੀਆ ਵਿਚ ਪਹਿਲਾ ਸਥਾਨ ਪ੍ਰਾਪਤ ਹੈ। ਇਥੋਂ ਦਾ ਜੈਤੂਨ ਦਾ ਤੇਲ ਅਤੇ ਫਲ, ਸਬਜ਼ੀਆਂ ਦੀ ਗੁਣਵੱਤਾ ਵੀ ਵਧੀਆ ਹੈ। ਹਰ ਇਕ ਦੇਸ਼ ਵਿਚ ਉੱਥੋਂ ਦੇ ਰਹਿਣ-ਸਹਿਣ, ਖਾਣ-ਪੀਣ, ਜਲਵਾਯੂ, ਆਹਾਰ ਤਿਆਰ ਕਰਨ ਲਈ ਵਰਤੇ ਜਾਂਦੇ ਪਾਣੀ 'ਤੇ ਹੀ ਦੇਸ਼ ਦੇ ਨਾਗਰਿਕਾਂ ਦੀ ਸਿਹਤ ਅਤੇ ਜਨਮ-ਮਰਨ ਦੀ ਦਰ ਤੈਅ ਕੀਤੀ ਜਾਂਦੀ ਹੈ। ਆਇਸਲੈਂਡ, ਸਵਿਟਜ਼ਰਲੈਂਡ, ਸਿੰਗਾਪੁਰ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਨੂੰ ਵੀ ਸਿਹਤਮੰਦ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।


Related News