ਇਹ ਸਿੱਖ ਬਣ ਸਕਦੈ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ!

08/17/2017 11:53:27 PM

ਓਨਟਾਰੀਓ— ਪੰਜਾਬੀਆਂ ਨੇ ਪੂਰੀ ਦੁਨੀਆ 'ਚ ਆਪਣੀ ਮਿਹਨਤ ਦੇ ਦਮ 'ਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੁਹਿਆ ਹੈ। ਇਸੇ 'ਚ ਇਕ ਨਵਾਂ ਅਧਿਆਏ ਜੁੜ ਸਕਦਾ ਹੈ। ਜਿਥੇ ਦੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਸ਼ਾਇਦ ਇਕ ਸਿੱਖ ਹੋ ਸਕਦਾ ਹੈ। ਅਜਿਹੇ 'ਚ ਜੇਕਰ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਇਕ ਸਿੱਖ ਹੋਵੇ ਇਹ ਪੂਰੀ ਦੁਨੀਆ ਦੇ ਪੰਜਾਬੀਆਂ ਲਈ ਇਕ ਵੱਖਰੇ ਹੀ ਮਾਣ ਵਾਲੀ ਗੱਲ ਹੋਵੇਗੀ।
ਇਥੇ ਦੱਸ ਦੇਈਏ ਐੱਨਡੀਪੀ ਫੈਡਰਲ ਦੀ ਲੀਡਰਸ਼ਿਪ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਹੇ ਜਗਮੀਤ ਸਿੰਘ ਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣਨ ਲਈ ਮੈਂਬਰਸ਼ਿਪ ਮੁਹਿੰਮ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਹੈ। ਜਗਮੀਤ ਸਿੰਘ ਨੂੰ ਹਰ ਵਰਗ, ਹਰ ਖੇਤਰ ਨਾਲ ਜੁੜੇ ਲੋਕਾਂ ਦਾ ਭਰਪੂਰ ਸਮਰਥਨ ਹਾਸਲ ਹੋ ਰਿਹਾ ਹੈ। ਇਸ ਮੰਤਵ ਲਈ ਬਹੁਤ ਘੱਟ ਸਮਾਂ ਬਾਕੀ ਹੈ ਅਤੇ ਜਗਮੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਸ ਮੁਹਿੰਮ ਨਾਲ ਜੁੜਨ ਦਾ ਸੁਨੇਹਾ ਵੀ ਦਿੱਤਾ ਹੈ।
ਜਗਮੀਤ ਸਿੰਘ ਦੀ ਇਹ ਮੈਂਬਰਸ਼ਿਪ ਮੁਹਿੰਮ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਸੀ ਅਤੇ ਜਗਮੀਤ ਦਾ ਕਹਿਣਾ ਹੈ ਕਿ ਬੀਤੇ ਮਹੀਨਿਆਂ ਦਾ ਇਹ ਸਫਰ ਬਹੁਤ ਵਧੀਆ ਨਿੱਕਲਿਆ ਹੈ। ਉਨ੍ਹਾਂ ਅਗਲੇ 24 ਘੰਟਿਆਂ 'ਚ ਵੱਧ ਤੋਂ ਵੱਧ ਲੋਕਾਂ ਨੂੰ ਮੈਂਬਰ ਬਣਨ ਦੀ ਅਪੀਲ ਕੀਤੀ। ਜਗਮੀਤ ਨੇ ਕਿਹਾ ਕਿ ਮੈਂਬਰਸ਼ਿਪ ਨਾਲ ਅਸੀਂ ਇਹ ਇਤਿਹਾਸਿਕ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਬਣਾ ਸਕਦੇ ਹਾਂ। 
ਜ਼ਿਕਰਯੋਗ ਹੈ ਕਿ ਐੱਨਡੀਪੀ ਦੀ ਫੈਡਰਲ ਲੀਡਰਸ਼ਿਪ ਦੌੜ 'ਚ ਸ਼ਾਮਲ ਜਗਮੀਤ ਸਿੰਘ ਨੇ ਫੰਡਰੇਜ਼ਿੰਗ ਮਾਮਲੇ 'ਚ ਵੀ ਆਪਣਾ ਪੂਰਾ ਦਮ ਦਿਖਾਇਆ ਹੈ। ਇਲੈਕਸ਼ਨ ਕੈਨੇਡਾ ਕੋਲ 2017 ਦੀ ਤਿਮਾਹੀ ਲਈ ਦਰਜ ਕਰਵਾਈਆਂ ਫਾਇਨਾਂਸ਼ੀਅਲ ਰਿਪੋਰਟਾਂ ਮੁਤਾਬਕ ਮਈ ਮਹੀਨੇ 'ਚ ਟੌਮ ਮਲਕੇਅਰ ਦੀ ਜਗ੍ਹਾ 'ਤੇ ਮੈਦਾਨ 'ਚ ਆਏ ਓਨਟਾਰੀਓ ਦੇ ਐੱਮ. ਪੀ. ਪੀ. ਨੇ ਪਹਿਲੀ ਤਿਮਾਹੀ ਦੌਰਾਨ 3,53,944 ਡਾਲਰ ਇੱਕਠੇ ਕਰ ਲਏ ਹਨ ਅਤੇ ਇਸ ਦਰਮਿਆਨ ਉੱਤਰੀ ਓਨਟਾਰੀਓ ਦੇ ਐੱਮ.ਪੀ. ਚਾਰਲੀ ਐਂਗਸ 1,23,574 ਡਾਲਰ ਹੀ ਜੁਟਾ ਸਕੇ।


Related News