ਮੈਡੀਕਲ ਜਾਂਚ ਤੋਂ ਬਾਅਦ ਟਰੰਪ ਨੂੰ ਡਾਕਟਰਾਂ ਨੇ ਦਿੱਤੀ ਇਹ ਸਲਾਹ

01/18/2018 5:29:22 AM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੈਡੀਕਲ ਚੈਕਅੱਪ ਦੀ ਰਿਪੋਰਟ ਜਨਤਕ ਕਰ ਦਿੱਤੀ ਗਈ ਹੈ। ਟਰੰਪ ਪੂਰੀ ਤਰ੍ਹਾਂ ਫਿੱਟ ਹਨ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਆਪਣਾ ਭਾਰ ਘੱਟ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੂੰ ਜ਼ਿਆਦਾ ਭਾਰ ਦੇ ਚੱਲਦੇ 'ਮੋਟਾ' ਦੱਸਿਆ ਗਿਆ। ਰਾਸ਼ਟਰਪਤੀ ਦਾ ਭਾਰ 108 ਕਿਲੋਗ੍ਰਾਮ ਅਤੇ ਕੱਦ 6.3 ਫੁੱਟ ਹੈ। 
ਟਰੰਪ ਨੂੰ 4.6 ਕਿਲੋਂ ਤੋਂ ਲੈ ਕੇ  6.8 ਕਿਲੋ ਭਾਰ ਘਟਾਉਣ ਅਤੇ ਰੋਜ਼ ਕਸਰਤ ਕਰਨ ਦੀ ਸਲਾਹ ਦਿੱਤੀ ਗਈ ਹੈ। ਵ੍ਹਾਈਟ ਹਾਊਸ ਦੇ ਡਾਕਟਰ ਨੇ ਕਿਹਾ ਕਿ ਟਰੰਪ ਦੀ ਸਿਹਤ ਕਾਫੀ ਚੰਗੀ ਹੈ। ਉਨ੍ਹਾਂ ਦੀ ਮਾਨਸਿਕ ਸਿਹਤ ਵੀ ਠੀਕ ਹੈ। ਰਾਸ਼ਟਰਪਤੀ ਬਣਨ ਤੋਂ ਇਕ ਸਾਲ ਬਾਅਦ 71 ਸਾਲਾਂ ਟਰੰਪ ਦੀ ਪਹਿਲੀ ਡਾਕਟਰੀ ਜਾਂਚ ਪਿਛਲੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਸਥਿਤ ਇਕ ਫੌਜੀ ਹਸਪਤਾਲ 'ਚ ਹੋਈ ਸੀ। ਇਹ ਜਾਂਚ ਅਜਿਹੇ ਸਮੇਂ ਹੋਈ ਜਦੋਂ ਉਨ੍ਹਾਂ ਦੀ ਸਿਹਤ ਅਤੇ ਮਾਨਸਿਕ ਸਥਿਤੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਸਨ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਸਵਾਲਾਂ 'ਤੇ ਟਵੀਟ ਕਰ ਖੁਦ ਨੂੰ 'ਜੀਨੀਅਸ' ਕਰਾਰ ਦਿੱਤਾ ਸੀ। 
ਟਰੰਪ ਦੀ ਮੈਡੀਕਲ ਰਿਪੋਰਟ ਨੂੰ ਸਾਂਝਾ ਕਰਦੇ ਹੋਏ ਨੇਵੀ ਦੇ ਰੀਅਰ ਐਡਮੀਰਲ ਡਾ. ਰੈਨੀ ਜੈਕਸਨ ਨੇ ਦੱਸਿਆ, 'ਸਾਰੇ ਕਲੀਨਿਕਲ ਡਾਟਾ ਤੋਂ ਸੰਕੇਤ ਮਿਲਦਾ ਹੈ ਕਿ ਰਾਸ਼ਟਰਪਤੀ ਦੀ ਸਿਹਤ ਹਲੇਂ ਕਾਫੀ ਚੰਗੀ ਹੈ। ਉਨ੍ਹਾਂ ਦੀ ਸਿਹਤ ਰਾਸ਼ਟਰਪਤੀ ਦੇ ਕਾਰਜਕਾਲ ਤੱਕ ਅਜਿਹੀ ਹੀ ਬਣੀ ਰਹੇਗੀ।'
ਉਨ੍ਹਾਂ ਦੱਸਿਆ ਕਿ ਫੌਜ ਦੇ ਡਾਕਟਰਾਂ ਨੇ ਟਰੰਪ ਦੀ ਸਿਹਤ ਦੀ ਕਰੀਬ 3 ਘੰਟੇ ਤੱਕ ਜਾਂਚ ਕੀਤੀ। ਡਾ. ਜੈਕਸਨ ਮੁਤਾਬਕ ਟਰੰਪ ਨੇ ਮਾਨਸਿਕ ਸਥਿਤੀ ਨੂੰ ਲੈ ਕੇ ਖੁਦ ਜ਼ਿਕਰ ਕਰ ਮਾਂਟ੍ਰੀਅਲ ਕਾਗਨੀਟਿਵ ਅਸੈਂਸਮੈਂਟ ਜਾਂਚ ਕਰਾਈ। ਇਸ 'ਚ ਉਨ੍ਹਾਂ ਨੂੰ 30 'ਚੋਂ 30 ਅੰਕ ਹਾਸਲ ਹੋਏ। ਇਹ ਜਾਂਚ ਆਮ ਤੌਰ 'ਤੇ ਅਲਜ਼ਾਈਮਰ ਜਿਹੀ ਬੀਮਾਰੀ ਨਾਲ ਪੀੜਤ ਬਜ਼ੁਰਗਾਂ ਦੀ ਕੀਤੀ ਜਾਂਦੀ ਹੈ। ਟਰੰਪ ਦੇ ਲਈ ਇਸ ਜਾਂਚ ਦੀ ਜ਼ਰੂਰਤ ਨਹੀਂ ਸੀ। 
ਫਿਲਮਕਾਰ ਜੇਮਸ ਗਨ ਨੇ ਟਰੰਪ ਦੀ ਡਾਕਟਰੀ ਜਾਂਚ ਰਿਪੋਰਟ 'ਤੇ ਯਕੀਨ ਨਾ ਕਰਦੇ ਹੋਏ ਉਨ੍ਹਾਂ ਦੇ ਭਾਰ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। 'ਗਾਰਜੀਅਨ ਆਫ ਦਿ ਗਲੈਕਸੀ' ਦੇ ਡਾਇਰੈਕਟਰ ਨੇ ਰਾਸ਼ਟਰਪਤੀ ਦਾ ਸਹੀ ਭਾਰ ਦੱਸਣ 'ਤੇ '1 ਲੱਖ ਡਾਲਰ (ਕਰੀਬ 64 ਲੱਖ ਰੁਪਏ)' ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।


Related News