ਥੈਰੇਸਾ ਮੇਅ ਨੇ ਕਿਹਾ— ਇਸਲਾਮਿਕ ਸਟੇਟ ਕਮਜ਼ੋਰ ਹੋਇਆ ਹੈ, ਅਜੇ ਹਾਰਿਆ ਨਹੀਂ

12/10/2017 5:14:12 PM

ਲੰਡਨ (ਏਜੰਸੀ)— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸ਼ਨੀਵਾਰ ਨੂੰ ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) 'ਤੇ ਜਿੱਤ ਹਾਸਲ ਕਰਨ ਦੀ ਵਧਾਈ ਦਿੱਤੀ। ਥੈਰੇਸਾ ਨੇ ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਕਿ ਇਸਲਾਮਿਕ ਸਟੇਟ ਕਮਜ਼ੋਰ ਹੋਇਆ ਹੈ, ਅਜੇ ਤੱਕ ਹਾਰਿਆ ਨਹੀਂ ਹੈ। ਥੈਰੇਸਾ ਨੇ ਇਕ ਬਿਆਨ ਵਿਚ ਕਿਹਾ ਕਿ ਅੱਤਵਾਦੀ ਸੀਰੀਆ ਦੀ ਸਰਹੱਦ ਦੇ ਪਾਰ ਤੋਂ ਅਜੇ ਵੀ ਇਰਾਕ ਲਈ ਵੱਡਾ ਖਤਰਾ ਬਣੇ ਹੋਏ ਹਨ। 
ਦੱਸਣਯੋਗ ਹੈ ਕਿ ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੇ ਬੀਤੇ ਸ਼ੁੱਕਰਵਾਰ ਨੂੰ ਅੱਤਵਾਦੀ ਸਮੂਹ ਵਿਰੁੱਧ ਜੰਗ ਦੀ ਸਮਾਪਤੀ ਦਾ ਐਲਾਨ ਕੀਤਾ ਹੈ। ਅਬਾਦੀ ਨੇ ਐਲਾਨ ਕੀਤਾ ਸੀ ਕਿ ਇਸਲਾਮਿਕ ਸਟੇਟ ਦਾ ਹੁਣ ਇਰਾਕ ਦੇ ਮਹੱਤਵਪੂਰਨ ਖੇਤਰ 'ਚ ਕੰਟਰੋਲ ਨਹੀਂ ਰਿਹਾ ਹੈ ਅਤੇ ਇਸਲਾਮਿਕ ਸਟੇਟ ਵਿਰੁੱਧ ਜੰਗ 3 ਸਾਲ ਤੋਂ ਵਧ ਸਮੇਂ ਤੱਕ ਚਲੀਆਂ ਮੁਹਿੰਮਾਂ ਤੋਂ ਬਾਅਦ ਖਤਮ ਹੋ ਗਈ ਹੈ। ਅਬਾਦੀ ਦੇ ਇਸ ਐਲਾਨ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਮੇਅ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਅਬਾਦੀ ਅਤੇ ਸਾਰੇ ਇਰਾਕੀਆਂ ਨੂੰ ਇਸ ਇਤਿਹਾਸਕ ਪਲ ਲਈ ਵਧਾਈ ਦਿੰਦੀ ਹਾਂ।


Related News