ਦੁਨੀਆ ਦੇ ਪਹਿਲੇ ਮਨੁੱਖੀ ਸਿਰ ਦਾ ਕੀਤਾ ਗਿਆ ਸਫਲ ਟਰਾਂਸਪਲਾਂਟ, ਇਟਲੀ ਦੇ ਡਾਕਟਰ ਦਾ ਦਾਅਵਾ

11/19/2017 3:57:17 PM

ਬੀਜਿੰਗ- ਦੁਨੀਆ ਵਿਚ ਪਹਿਲੀ ਵਾਰ ਮਨੁੱਖੀ ਸਿਰ ਦਾ ਟਰਾਂਸਪਲਾਂਟ ਕੀਤਾ ਗਿਆ ਹੈ। ਇਸ ਸਰਜਰੀ ਨੂੰ ਇਟਲੀ ਦੇ ਨਿਊਰੋਸਰਜਨ ਸਰਜੀਓ ਕੈਨੇਵਰੋ ਅਤੇ ਉਨ੍ਹਾਂ ਦੀ ਟੀਮ ਵਲੋਂ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਨੇ ਚੀਨ ਵਿਚ ਇਕ ਬਾਡੀ ਦੀ ਸਰਜਰੀ ਕੀਤੀ, ਜੋ 18 ਘੰਟੇ ਤਕ ਚਲੀ। ਡਾਕਟਰ ਸਰਜੀਓ ਦਾ ਦਾਅਵਾ ਹੈ ਕਿ ਆਪ੍ਰੇਸ਼ਨ ਸਫਲ ਰਿਹਾ ਹੈ। ਇਸ ਸਰਜਰੀ ਦਾ ਸਿੱਧਾ ਪ੍ਰਸਾਰਣ ਵੀ ਹੋਇਆ। ਉਨ੍ਹਾਂ ਨੇ ਦੱਸਿਆ, ਆਪ੍ਰੇਸ਼ਨ ਵਿਚ ਡਾਕਟਰਾਂ ਨੋ ਸਾਬਿਤ ਕੀਤਾ ਕਿ ਮਨੁੱਖੀ ਰੀੜ, ਮਾਸਪੇਸ਼ੀਆਂ ਅਤੇ ਬਲੱਡ ਵੈਸੇਲਸ ਨੂੰ ਦੁਬਾਰਾ ਜੋੜਣਾ ਸੰਭਵ ਹੈ। ਇਕ ਨਿਊਜ਼ ਰਿਪੋਰਟ ਮੁਤਾਬਕ ਡਾਕਟਰ ਕੈਨੇਵਰੋ ਨੇ ਇਸ ਪ੍ਰੀਖਣ ਦੀ ਸਫਲਤਾ ਦੇ ਦਾਅਵੇ ਦਾ ਕੋਈ ਪੱਕਾ ਸਬੂਤ ਨਹੀਂ ਦਿੱਤਾ। ਉਨ੍ਹਾਂ ਨੇ ਇਹ ਭਰੋਸਾ ਜ਼ਰੂਰ ਦਿੱਤਾ ਕਿ ਉਹ ਕੁਝ ਦਿਨ ਬਾਅਦ ਪ੍ਰੀਖਣ ਨਾਲ ਜੁੜੇ ਦਸਤਾਵੇਜ਼ ਮੁਹੱਈਆ ਕਰਵਾ ਦਿੱਤੇ ਜਾਣਗੇ। ਡਾਕਟਰ ਸਰਜੀਓ ਹੁਣ ਆਉਣ ਵਾਲੇ ਦਸੰਬਰ ਮਹੀਨੇ ਵਿਚ ਜੀਵਤ ਇਨਸਾਨ ਦਾ ਸਿਰ ਟਰਾਂਸਪਲਾਂਟ ਕਰਨ ਦੀ ਤਿਆਰੀ ਵਿਚ ਲੱਗੇ ਹੋਏ ਹਨ। ਟੂਰਿਨ ਐਡਵਾਂਸਡ ਨਿਊਰੋਮਾਡਿਊਲੇਸ਼ਨ ਗਰੁੱਪ ਦੇ ਡਾਇਰੈਕਟਰ ਅਤੇ ਇਟਲੀ ਦੇ ਪ੍ਰੋਫੈਸਰ ਕੈਨੇਵਰੋ ਨੇ ਦੱਸਿਆ ਕਿ ਹਾਰਬਿਨ ਮੈਡੀਕਲ ਯੂਨੀਵਰਸਿਟੀ ਦੇ ਦਰਜਨਾਂ ਡਾਕਟਰਾਂ ਦੀ ਟੀਮ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਅਗਲੇ ਪੜਾਅ ਵਿਚ ਬ੍ਰੇਨ ਡੈਡ ਵਿਅਕਤੀ ਦੇ ਦਾਨ ਕੀਤੇ ਗਏ ਅੰਗਾਂ ਨਾਲ ਟਰਾਂਸਪਲਾਂਟ ਕੀਤਾ ਜਾਵੇਗਾ। ਇਹ ਸਿਰ ਟਰਾਂਸਪਲਾਂਟ ਦਾ ਆਖਰੀ ਪੜਾਅ ਹੋਵੇਗਾ। ਉਮੀਦ ਹੈ ਕਿ ਆਪ੍ਰੇਸ਼ਨ ਸਫਲ ਹੋਵੇਗਾ ਅਤੇ ਇਸ ਡਾਕਟਰੀ ਕਾਰਵਾਈ ਨੂੰ ਮਨਜ਼ੂਰੀ ਮਿਲ ਸਕੇਗੀ। 
ਪੈਰਾਲਿਸਿਸ ਦੇ ਸਫਲ ਇਲਾਜ ਦੀ ਉਮੀਦ ਬੱਝੀ
ਡਾਕਟਰ ਕੈਨੇਵਰੋ ਵਲੋਂ ਇਸ ਸਰਜਰੀ ਦੀ ਸਫਲਤਾ ਦੇ ਦਾਅਵੇ ਨਾਲ ਇਨਸਾਨ ਦੇ ਸਿਰ ਟਰਾਂਸਪਲਾਂਟ ਦੇ ਸਫਲ ਹੋਣ ਦੀਆਂ ਉਮੀਦਾਂ ਨੂੰ ਹੋਰ ਜ਼ੋਰ ਮਿਲ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਪ੍ਰੀਖਣ ਸਫਲ ਰਿਹਾ ਤਾਂ ਲਕਵੇ ਦੇ ਸ਼ਿਕਾਰ ਲੋਕਾਂ ਦੇ ਠੀਕ ਹੋਣ ਦੀਆਂ ਉਮੀਦਾਂ ਬੱਝ ਗਈਆਂ।
ਰੂਸ ਦੇ ਕੰਪਿਊਟਰ ਸਾਈਂਟਿਸਟ ਹੋਣਗੇ ਪਹਿਲੇ ਮਰੀਜ਼
ਡਾਕਟਰ ਕੈਨੇਵਰੋ ਨੇ ਕਿਹਾ ਸਾਰੇ ਇਹੀ ਕਹਿੰਦੇ ਹਨ ਕਿ ਸਿਰ ਦਾ ਟਰਾਂਸਪਲਾਂਟ ਕਰਨਾ ਮੁਸ਼ਕਲ ਹੈ, ਪਰ ਇਹ ਆਪ੍ਰੇਸ਼ਨ ਸਫਲ ਰਿਹਾ ਹੈ। ਜੀਵਤ ਇਨਸਾਨ ਦੇ ਰੂਪ ਵਿਚ ਰੂਸ ਦੇ 31 ਸਾਲ ਦੇ ਕੰਪਿਊਟਰ ਸਾਇੰਟਿਸਟ ਵਲੇਰੀ ਰਿਪਰਿਡੋਨੋਵ ਦੇ ਸਿਰ ਟਰਾਂਸਪਲਾਂਟ ਦੀ ਸਰਜਰੀ ਹੋਵੇਗੀ। ਉਹ ਮਾਸਪੇਸ਼ੀ ਨੁਕਸਾਨੇ ਜਾਣ ਕਾਰਨ ਬੀਮਾਰੀ ਨਾਲ ਪੀੜਤ ਹਨ ਅਤੇ ਉਨ੍ਹਾਂ ਨੇ ਖੁਦ ਉੱਤੇ ਪ੍ਰੀਖਣ ਕੀਤੇ ਜਾਣ ਲਈ ਸਹਿਮਤੀ ਦਿੱਤੀ ਹੈ।
ਬੀਤੇ ਸਾਲ ਬਾਂਦਰ ਦਾ ਕੀਤਾ ਸੀ ਸਿਰ ਟਰਾਂਸਪਲਾਂਟ ਪ੍ਰੀਖਣ
ਬੀਤੇ ਸਾਲ ਜਨਵਰੀ ਵਿਚ ਚੀਨ ਵਿਚ ਹੀ ਡਾਕਟਰ ਕੈਨੇਵਰੋ ਦੀ ਟੀਮ ਨੇ ਬਾਂਦਰ ਦੇ ਸਿਰ ਦਾ ਸਫਲ ਟਰਾਂਸਪਲਾਂਟ ਕੀਤਾ ਸੀ। ਉਸ ਸਮੇਂ ਬਾਂਦਰ 20 ਘੰਟੇ ਤੱਕ ਜੀਵਤ ਰਿਹਾ ਸੀ। ਡਾ. ਕੈਨੇਵਰੋ ਨੇ ਉਦੋਂ ਕਿਹਾ ਸੀ, ਮੈਂ ਮਨੁੱਖ ਦੇ ਸਿਰ ਦਾ ਟਰਾਂਸਪਲਾਂਟ ਕਰਨਾ ਚਾਹੁੰਦਾ ਹਾਂ। ਇਹ ਸਫਲਤਾ ਵੱਡੀ ਹੈ। ਅਸੀਂ ਪੈਰਾਲਿਸਿਸ ਉੱਤੇ ਕੰਟਰੋਲ ਕਰਨ ਵਿਚ ਸਮਰੱਥ ਹੋ ਜਾਵਾਂਗੇ। 1970 ਵਿਚ ਰਾਬਰਟ ਜੇ ਵ੍ਹਾਈਟ ਨੇ ਵੀ ਇਕ ਬਾਂਦਰ ਉੱਤੇ ਪ੍ਰੀਖਣ ਕੀਤਾ ਸੀ। ਉਸ ਸਮੇਂ ਉਹ ਆਪ੍ਰੇਸ਼ਨ ਸਫਲ ਨਹੀਂ ਹੋ ਸਕਿਆ ਸੀ।


Related News