ਇਟਲੀ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਵਿਆਹ ਪੁਰਬ ਮਨਾਇਆ ਗਿਆ

09/28/2017 11:21:39 AM

ਰੋਮ, (ਕੈਂਥ)— ਇਟਲੀ 'ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ (ਵਿਚੈਂਸਾ) ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਵਿਆਹ ਪੁਰਬ ਮਨਾਇਆ ਗਿਆ। ਇਸ ਵਿੱਚ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਇਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੁਖਦੇਵ ਜੀ ਕੌਮੀ ਪ੍ਰਧਾਨ ਅਖਿਲ ਭਾਰਤੀ ਰਵਿਦਾਸੀਆ ਧਰਮ ਨੇ ਕਿਹਾ ਕਿ ਸਮੁੱਚੀ ਕੌਮ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।ਗੁਰੂ ਜੀ ਦੇ ਵਿਆਹ ਪੁਰਬ ਸੰਬਧੀ ਸ਼੍ਰੀ ਸੁਖਦੇਵ ਜੀ ਨੇ ਚਾਨਣਾ ਪਾਉਂਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਧਰਮਪਤਨੀ ਮਾਤਾ ਲੋਨਾ ਜੀ ਦੀ ਯਾਦ ਨੂੰ ਸਮਰਪਿਤ ਬਹੁਤ ਹੀ ਸੁੰਦਰ ਅਤੇ ਅਦਭੁੱਤ ਮੰਦਿਰ ਭਾਰਤ ਦੇ ਸੂਬੇ ਹਿਮਾਚਲ ਜ਼ਿਲ੍ਹਾ ਮੰਡੀ ਨੇੜੇ ਕੁਲੂ ਮਨਾਲੀ ਰੋਡ ਉਪੱਰ ਬਣ ਰਿਹਾ ਹੈ। ਮਾਤਾ ਲੋਨਾ ਜੀ ਦੀ ਯਾਦ ਨੂੰ ਸਮਰਪਿਤ ਇਹ ਮੰਦਰ ਦੁਨੀਆਂ ਦਾ ਪਹਿਲਾ ਮੰਦਿਰ ਹੈ ਜਿਹੜਾ ਉਹਨਾਂ ਨੂੰ ਸਮਰਪਿਤ ਹੋਵੇਗਾ।ਸ਼੍ਰੀ ਸੁਖਦੇਵ ਜੀ ਨੇ ਕਿਹਾ ਕਿ ਇਹ ਸਿਰਫ਼ ਮੰਦਿਰ ਹੀ ਨਹੀਂ ਹੋਵੇਗਾ ਸਗੋਂ ਸਮੁੱਚੀ ਰਵਿਦਾਸੀਆ ਕੌਮ ਲਈ ਇੱਕ ਤੀਰਥ ਅਸਥਾਨ ਵੀ ਹੋਵੇਗਾ ਜਿਹੜਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਗੁਰੂ ਜੀ ਦੇ ਮਿਸ਼ਨ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਰਹੇਗਾ।

ਇਸ ਮੌਕੇ ਮਿਸ਼ਨਰੀ ਗਾਇਕ ਸ਼੍ਰੀ ਪਰਮਜੀਤ ਪਰਲ ਨੇ ਗੁਰੂ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਆਪਣਾ ਵਿਸ਼ੇਸ਼ ਮਿਸ਼ਨਰੀ ਪ੍ਰੋਗਰਾਮ ਵੀ ਪੇਸ਼ ਕੀਤਾ। ਗੁਰੂਘਰ ਦੇ ਸੇਵਾਦਾਰ ਸ਼੍ਰੀ ਬੱਗਾ ਰਾਮ ਨੇ ਵੀ ਇੱਕ ਧਾਰਮਿਕ ਇਨਕਲਾਬੀ ਕਵਿਤਾ ਪੇਸ਼ ਕੀਤੀ। ਵਿਆਹ ਪੁਰਬ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਜਸਵੀਰ ਬੱਬੂ ਨੇ ਕਿਹਾ ਕਿ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਦ ਹੀ ਗੁਰੂ ਜੀ ਦੇ ਸੁਪਨ ਸ਼ਹਿਰ ਬੇਗਮਪੁਰਾ ਸ਼ਹਿਰ ਕੋ ਨਾਉ ਦੀ ਸਥਾਪਨਾ ਸੰਭਵ ਹੋ ਸਕਦੀ ਹੈ। ਉਹਨਾਂ ਗੁਰਦੁਆਰਾ ਸਾਹਿਬ ਵਿਆਹ ਪੁਰਬ ਵਿੱਚ ਆਈਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਭਾਰਤ ਤੋਂ ਇਸ ਸਮਾਗਮ ਵਿੱਚ ਉਚੇਚੇ ਤੌਰ 'ਤੇ ਆਏ ਅਖਿਲ ਭਾਰਤੀ ਰਵਿਦਾਸੀਆ ਧਰਮ ਦੇ ਕੌਮੀ ਪ੍ਰਧਾਨ ਸ਼੍ਰੀ ਸੁਖਦੇਵ ਜੀ ਦਾ ਵਿਸ਼ੇਸ਼ ਧੰਨਵਾਦ ਅਤੇ ਸਨਮਾਨ ਵੀ ਕੀਤਾ। ਸਟੇਜ ਸਕੱਤਰ ਕੁਲਜਿੰਦਰ ਬੱਬਲੂ ਨੇ ਸਭ ਸੰਗਤਾਂ ਨੂੰ ਸ਼੍ਰੀ ਅੰਮ੍ਰਿਤਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।


Related News