ਅਮਰੀਕਾ ਕਰਨ ਲੱਗਾ ਪ੍ਰਵਾਸੀ ਡਾਕਟਰਾਂ ਨੂੰ ਵੀਜ਼ੇ ਦੇਣ ਤੋਂ ਆਨਾਕਾਨੀ

08/18/2017 9:37:09 PM

ਨਿਊਯਾਰਕ— ਅਮਰੀਕੀ ਸਰਕਾਰ ਵਲੋਂ ਵਿਦੇਸ਼ੀ ਡਾਕਟਰਾਂ ਨੂੰ ਵੀਜ਼ਾ ਦੇਣ 'ਚ ਆਨਾਕਾਨੀ ਕੀਤੇ ਜਾਣ ਕਾਰਨ ਹਸਪਤਾਲਾਂ 'ਚ ਸਿਹਤ ਸੇਵਾਵਾਂ ਪ੍ਰਭਾਵਤ ਹੋਣ ਲੱਗੀਆਂ ਹਨ। ਅਮਰੀਕਾ 'ਚ ਕੰਮ ਕਰਦੇ 25 ਫੀਸਦੀ ਡਾਕਟਰ ਵਿਦੇਸ਼ਾਂ 'ਚ ਪੈਦੇ ਹੋਏ ਹਨ ਜਿਨ੍ਹਾਂ ਨੂੰ ਜੇ-1 ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਇਹ ਇਕ ਗੈਰ-ਇੰਮੀਗ੍ਰੈਂਟ ਵੀਜ਼ਾ ਹੈ। ਜਿਸ ਦੀ ਮਿਆਦ ਪੂਰੀ ਹੋਣ 'ਤੇ ਡਾਕਟਰ ਨੂੰ ਦੋ ਸਾਲ ਲਈ ਆਪਣੇ ਜੱਦੀ ਮੁਲਕ ਜਾਣਾ ਪੈਂਦਾ ਹੈ।
ਅਮਰੀਕਾ ਜਾਣ ਵਾਲੇ ਡਾਕਟਰ ਉਥੇ ਪੱਕਾ ਵਸਣ ਦਾ ਇਰਾਦਾ ਰੱਖਦੇ ਹਨ, ਜਦਕਿ ਡਾਕਟਰਾਂ ਨੂੰ ਜਾਰੀ ਹੋਣ ਵਾਲੇ ਵੀਜ਼ਾ ਨਿਯਮਾਂ ਦੀ ਪਹਿਲੀ ਸ਼ਰਤ ਹੀ ਇਹ ਹੁੰਦੀ ਹੈ ਕਿ ਉਕਤ ਡਾਕਟਰ ਅਮਰੀਕਾ 'ਚ ਪੱਕੇ ਤੌਰ 'ਤੇ ਵਸਣ ਦੀ ਕੋਸ਼ਿਸ਼ ਨਹੀਂ ਕਰੇਗਾ। ਇਹੀ ਇਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਡਾਕਟਰਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕਰ ਰਿਹਾ ਹੈ।
ਅਮਰੀਕਾ ਦੇ ਛੋਟੇ ਕਸਬੇ ਦੇਸੀ ਡਾਕਟਰਾਂ ਦੀ ਕਮੀ ਕਾਰਨ ਹਮੇਸ਼ਾ ਤੋਂ ਹੀ ਵਿਦੇਸ਼ੀ ਡਾਕਟਰਾਂ 'ਚੇ ਨਿਰਭਰ ਕਰ ਰਹੇ ਹਨ। ਇਸ ਸਭ ਦੇ ਬਾਵਜੂਦ ਅਮਰੀਕਾ 'ਚ ਹਮੇਸ਼ਾਂ ਡਾਕਟਰਾਂ ਦੀ ਕਮੀ ਰਹਿੰਦੀ ਹੈ। ਕਾਨੂੰਨ ਮਾਹਿਰਾਂ ਦਾ ਮੰਨਨਾ ਹੈ ਕਿ ਅਮਰੀਕਾ ਦੇ ਮੈਡੀਕਲ ਕਾਲਜ ਇੰਨੇ ਡਾਕਟਰ ਤਿਆਰ ਨਹੀਂ ਕਰਦੇ ਜਿਨ੍ਹੇ ਦੇਸ਼ ਨੂੰ ਲੋੜੀਂਦੇ ਹਨ। ਅਜਿਹੇ ਵਿਚ ਜੇਕਰ ਦੇਸ਼ ਪ੍ਰਵਾਸੀ ਡਾਕਟਰਾਂ ਨੂੰ ਵੀਜ਼ਾ ਦੇਣ ਤੋਂ ਆਨਾਕਾਨੀ ਕਰੇਗਾ ਤਾਂ ਇਹ ਸੁਭਾਵਿਕ ਹੈ ਕਿ ਇਸ ਦਾ ਸਿੱਧਾ ਅਸਰ ਅਮਰੀਕੀ ਸਿਹਤ ਸੰਭਾਲ ਪ੍ਰਣਾਲੀ 'ਤੇ ਪਵੇਗਾ ਤੇ ਸਭ ਤੋਂ ਵੱਧ ਪ੍ਰੇਸ਼ਾਨੀ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਆਵੇਗੀ। ਜਿਥੇ ਸਿਹਤ ਸੇਵਾਵਾਂ ਲਗਭਗ ਠੱਪ ਹੋ ਸਕਦੀਆਂ ਹਨ। 
9/11 ਦੇ ਹਮਲੇ ਤੋਂ ਬਾਅਦ ਈਰਾਨ ਤੇ ਸੀਰੀਆ ਵਰਗੇ ਦੇਸ਼ਾਂ ਦੇ ਡਾਕਟਰਾਂ ਦੇ ਵੀਜ਼ੇ ਰੋਕ ਦਿੱਤੇ ਗਏ ਤੇ ਇਸ ਸਾਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੁਸਲਿਮ ਬਹੁਗਿਣਤੀ ਦੇਸ਼ਾਂ 'ਤੇ ਇਮੀਗ੍ਰੇਸ਼ਨ ਸੰਬੰਧੀ ਰੋਕਾਂ ਲਾਗੂ ਕਰ ਦਿੱਤੀਆ। ਜਿਸ ਕਾਰਨ ਪਾਕਿਸਤਾਨ ਵਰਗੇ ਦੇਸ਼ਾਂ ਦੇ ਡਾਕਟਰਾਂ ਨੂੰ ਵੀ ਵੀਜ਼ੇ ਤੋਂ ਇਨਕਾਰ ਹੋਣ ਲੱਗ ਪਿਆ। ਯੂ. ਐੱਸ. ਆਰਗੇਨਾਇਜ਼ੇਸ਼ਨ ਫਾਰ ਇਕੋਨਾਮਿਕ ਕੋਆਪ੍ਰੇਸ਼ਨ ਐਂਡ ਡਿਵੈਲਪਮੈਂਟ ਮੁਤਾਬਕ ਅਮਰੀਕਾ ਆਉਣ ਵਾਲੇ ਵਿਦੇਸ਼ੀ ਡਾਕਟਰਾਂ 'ਚ ਪਾਕਿਸਤਾਨੀਆਂ ਦੀ ਗਿਣਤੀ ਕਾਫੀ ਹੁੰਦੀ ਹੈ। 2015 'ਚ 12 ਹਜ਼ਾਰ ਦੇ ਕਰੀਬ ਪਾਕਿਸਤਾਨੀ ਡਾਕਟਰ ਅਮਰੀਕਾ 'ਚ ਕੰਮ ਕਰ ਰਹੇ ਸਨ ਜੋ ਭਾਰਤੀ ਡਾਕਟਰਾਂ ਦੇ ਕਰੀਬ 46 ਹਜ਼ਾਰ ਦੇ ਅੰਕੜੇ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਇਸੇ ਤਰ੍ਹਾਂ ਐਜੂਕੇਸ਼ਨ ਕਮਿਸ਼ਨ ਫਾਰ ਫਾਰਨ ਮੈਡੀਕਲ ਗ੍ਰੈਜੁਏਟਸ 'ਚੋਂ 257 ਪਾਕਿਸਤਾਨੀ ਮੂਲ ਦੇ ਹਨ ਜਦਕਿ ਵੱਡੀ ਗਿਣਤੀ 'ਚ ਵਿਦੇਸ਼ੀ ਡਾਕਟਰਾਂ ਦੀਆਂ ਵੀਜ਼ਾ ਅਰਜੀਆਂ ਰੱਦ ਕਰ ਦਿੱਤੀਆਂ ਗਈਆਂ। 


Related News