62 ਮੰਜ਼ਿਲਾ ਇਮਾਰਤ ’ਤੇ ਸਟੰਟ ਕਰ ਰਹੇ ਵੂ ਦਾ ਅਚਾਨਕ ਫਿਸਲਿਆ ਹੱਥ, ਵੀਡੀਓ ਵਾਇਰਲ

12/11/2017 6:36:33 PM

ਹੁਆਨ (ਏਜੰਸੀ)- ਚੀਨ ਦੇ ਪਹਿਲੇ ‘ਰੂਫ ਟਾਪਰ’ ਦੀ ਇੰਟਰਨੈੱਟ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ 62 ਮੰਜ਼ਿਲਾ ਇਮਾਰਤ ’ਤੇ ਸਟੰਟ ਕਰ ਰਿਹਾ ਹੈ। ਵੂ ਯਾਂਗਿੰਗ (26) ਹੁਆਨ ਸੂਬੇ ਦੀ ਰਾਜਧਾਨੀ ਚਾਂਗਸਾ ਦੇ ਇੰਟਰਨੈਸ਼ਨਲ ਸੈਂਟਰ ਹੂਯਾਨ ’ਤੇ ਸਟੰਟ ਕਰ ਰਿਹਾ ਸੀ, ਜਿਸ ਦੌਰਾਨ ਉਸ ਦਾ ਹੱਥ ਫਿਸਲ ਗਿਆ ਅਤੇ ਉਹ ਇਮਾਰਤ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰੌਂਗਟੇ ਖੜੇ ਕਰ ਦੇਣ ਵਾਲੀ ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਵੂ ਥੋੜੀ ਦੇਰ ਤੱਕ ਤਾਂ ਸਟੰਟ ਕਰਦਾ ਰਿਹਾ ਪਰ ਫਿਰ ਬਾਅਦ ਵਿਚ ਉਹ ਇਮਾਰਤ ਉਪਰ ਚੜਣ ਦੀ ਕੋਸ਼ਿਸ਼ ਕਰਦਾ ਹੈ। ਉਪਰ ਚੜਣ ਵਿਚ ਉਸ ਨੂੰ ਦਿੱਕਤ ਆਉਂਦੀ ਹੈ, ਜਿਸ ਕਾਰਨ ਉਸ ਦਾ ਹੱਥ ਫਿਸਲ ਜਾਂਦਾ ਹੈ ਅਤੇ ਉਹ ਹੇਠਾਂ ਡਿੱਗ ਜਾਂਦਾ ਹੈ।
ਵੂ ਯਾਂਗਿੰਗ ਦੀ ਪ੍ਰੇਮਿਕਾ ਜਿਨ-ਜਿਨ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਦਿਨ ਬਾਅਦ ਵਿਆਹ ਸੀ ਪਰ ਵੂ ਨੇ ਵਿਆਹ ਤੋਂ ਪਹਿਲਾਂ ਸਟੰਟ ਕਰਨ ਦੀ ਆਪਣੇ ਪਰਿਵਾਰ ਤੋਂ ਇਜਾਜ਼ਤ ਮੰਗੀ ਸੀ। ਜਿਨ-ਜਿਨ ਨੇ ਦੱਸਿਆ ਕਿ ਵੂ ਦੀ ਯੋਜਨਾ ਸੀ ਕਿ ਉਹ ਆਪਣੀ ਇਸ ਸਟੰਟ ਵਾਲੀ ਵੀਡੀਓ 80,000 ਯੂਆਨ (7,77,780 ਰੁਪਏ) ਕਮਾ ਕੇ ਪਰਿਵਾਰ ਨੂੰ ਤੌਹਫੇ ਵਜੋਂ ਦੇਵੇਗਾ। ਵੂ ਦੀ ਮੌਤ 8 ਦਸੰਬਰ ਨੂੰ ਹੋਈ ਹੈ, ਉਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ,  ਜਦੋਂ ਕਿ ਉਸ ਦੇ ਦੋਸਤਾਂ ਵਲੋਂ ਉਸ ਦੀ ਆਖਰੀ ਵੀਡੀਓ ਸੋਸ਼ਲ ਮੀਡੀਆ ’ਤੇ ਇਸੇ ਮਹੀਨੇ ਸ਼ੇਅਰ ਕੀਤੀ ਗਈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੀਡੀਓ ਤੋਂ ਸਾਫ ਪਤਾ ਲੱਗਦਾ ਹੈ ਕਿ ਵੂ ਦੀ ਮੌਤ ਇਕ ਹਾਦਸੇ ਦੌਰਾਨ ਹੋਈ ਹੈ।
ਵੂ ਦੀ ਆਨਲਾਈਨ ਵੀਡੀਓ ਸਾਈਟ ਦਾ ਨਾਂ ‘ਵੋਲਕੈਨੋ’ ਹੈ, ਜਿਸ ਦੇ ਤਕਰੀਬਨ 10 ਲੱਖ ਫਾਲੋਅਰਸ ਹਨ, ਇਸ ਵਿਚ ਤਕਰੀਬਨ 300 ਵੀਡੀਓ ਹਨ। ਵੂ ਨੇ ਲੱਗਭਗ 217 ਵਾਰ ਲਾਈਵ ਹੋ ਕੇ ਸਟੰਟ ਕੀਤੇ ਹਨ, ਜਿਸ ਤੋਂ ਉਸ ਨੇ ਤਕਰੀਬਨ 55000 ਯੂਆਨ (5,34,723 ਰੁਪਏ)  ਦੀ ਕਮਾਈ ਕੀਤੀ ਹੈ। ਸੋਸ਼ਲ ਮੀਡੀਆ ’ਤੇ ਉਸ ਦੇ ਪ੍ਰਸ਼ੰਸਕਾਂ ਵਲੋਂ ਵੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ।

 


Related News