ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ ਸਦੀਆਂ ਤੋਂ ਸੁੱਤੀ ਪਈ ਰਵੀਦਾਸੀਆਂ ਦੀ ਕੌਮ ਨੂੰ ਜਗਾਇਆ ਹੈ : ਸੰਧੂ

06/24/2017 6:36:49 PM

ਰੋਮ,(ਕੈਂਥ)— 24 ਮਈ ਸੰਨ 2009 ਨੂੰ ਯੂਰਪ ਦੇ ਦੇਸ਼ ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਕੁਝ ਦਹਿਸ਼ਤਗਰਦਾਂ ਵੱਲੋਂ ਦਲਿਤ ਸਮਾਜ ਦੇ ਮਹਾਨ ਰਹਿਬਰ ਸੰਤ ਰਾਮਾਨੰਦ ਜੀ ਨੂੰ ਉਸ ਸਮੇਂ ਗੋਲੀਆ ਮਾਰ ਕੇ ਸ਼ਹੀਦ ਕਰ ਦਿੱਤਾ ਸੀ, ਜਦੋਂ ਸੰਤ ਰਾਮਾਨੰਦ ਜੀ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਬਾਣੀ ਦੁਆਰਾ ਸਤਿਸੰਗ ਕਰ ਰਹੇ ਹਨ। ਦੁਨੀਆ ਭਰ ਵਿਚ ਰਹਿਣ ਬਸੇਰਾ ਕਰਦੇ ਸੰਤ ਰਾਮਾ ਨੰਦ ਜੀ ਦੀ ਸ਼ਹਾਦਤ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ।
ਇਟਲੀ ਦੀ ਰਾਜਧਾਨੀ ਰੋਮ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਵਿਖੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਦਲਿਤ ਸਮਾਜ ਦੇ ਇਸ ਮਹਾਨ ਰਹਿਬਰ ਦੇ 8ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਿਸ 'ਚ ਧੰਨ ਸ੍ਰੀ ਗੁਰੂ ਰਵਿਦਾਸ ਅੰਮ੍ਰਿਤ ਬਾਣੀ ਜੀ ਦੇ ਆਰੰਭੇ ਆਖੰਡ ਜਾਪਾਂ ਦੇ ਭੋਗ ਉਪੰਰਤ ਸ਼ਹੀਦ ਸੰਤ ਰਾਮਾ ਨੰਦ ਜੀ, ਸ਼ਹੀਦ ਵਿਜੈ ਕੁਮਾਰ ਜੀ, ਸ਼ਹੀਦ ਤੇਲੂ ਰਾਮ, ਸ਼ਹੀਦ ਰਜਿੰਦਰ ਕੁਮਾਰ ਤੇ ਸ਼ਹੀਦ ਬਲਕਾਰ ਸਿੰਘ ਨੂੰ ਸਮੂਹ ਸੰਗਤ ਵੱਲੋਂ ਭਾਵ-ਭਿੰਨੀਆਂ ਸ਼ਰਧਾਜਲੀਆਂ ਦਿੱਤੀਆਂ ਗਈਆਂ। 
ਇਸ ਉਪੰਰਤ ਸਜਾਏ ਕੀਰਤਨ ਦਰਬਾਰ ਦੀ ਸ਼ੁਰੂਆਤ ਗੁਰੂਘਰ ਦੇ ਜੱਥੇ ਬਾਬਾ ਕੁਲਦੀਪ ਸਿੰਘ ਅਤੇ ਬਾਬਾ ਦਵਿੰਦਰ ਸਿੰਘ ਨੇ ਰਸਭਿੰਨੇ ਕੀਰਤਨ ਨਾਲ ਕੀਤੀ। ਇਸ ਸ਼ਹੀਦੀ ਸਮਾਗਮ ਮੌਕੇ ਮਿਸ਼ਨਰੀ ਜੱਥੇ ਬੀਬਾ ਮਨਪੀ੍ਰਤ ਕੌਰ ਪਾਲ ਅਤੇ ਰੇਸ਼ਮ ਲਾਲ ਗੁਰੂ ਨੇ ਆਪਣੇ ਇਨਕਲਾਬੀ ਪ੍ਰੋਗਰਾਮ ਨਾਲ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। 
ਇਸ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਜੈ ਪਾਲ ਸੰਧੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਰੋਮ ਨੇ ਕਿਹਾ ਕਿ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ ਸਦੀਆਂ ਤੋਂ ਸੁੱਤੀ ਪਈ ਰਵੀਦਾਸੀਆਂ ਦੀ ਕੌਮ ਨੂੰ ਜਗਾਇਆ ਹੈ। ਸ਼ਹੀਦ ਸੰਤ ਰਾਮਾਨੰਦ ਜੀ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾਉਣ ਲਈ ਗਤੀਸ਼ੀਲ ਸਨ ਪਰ ਇਹ ਸਭ ਕੁਝ ਦਹਿਸ਼ਤਗਰਦਾਂ ਨੂੰ ਰਾਸ ਨਾ ਆਇਆ ਜਿਸ ਕਾਰਨ ਉਨ੍ਹਾਂ ਨੇ ਸੰਤ ਰਾਮਾਨੰਦ ਜੀ ਨੂੰ ਸ਼ਹੀਦ ਕਰ ਦਿੱਤਾ ਪਰ ਇਸ ਸ਼ਹਾਦਤ ਨਾਲ ਤਾਂ ਰਵਿਦਾਸੀਆ ਕੌਮ ਦਾ ਤਖਤਾ ਹੀ ਪਲਟ ਗਿਆ। ਸੰਤਾਂ ਦੀ ਸ਼ਹੀਦੀ ਕੌਮ ਅੰਦਰ ਇੱਕ ਨਵਾਂ ਇਨਕਲਾਬ ਲੈ ਆਈ ਹੈ ਜਿਸ ਨਾਲ ਕਿ ਸਮੁੱਚਾ ਦਲਿਤ ਸਮਾਜ ਲਾਮਬੰਦ ਹੋ ਸ਼ਹੀਦ ਸੰਤ ਰਾਮਾਨੰਦ ਜੀ ਦੇ ਰਹਿੰਦੇ ਅਧੂਰੇ ਕਾਰਜ ਪੂਰਨ ਕਰਨ ਲਈ ਦਿਨ ਰਾਤ ਤਤਪਰ ਹੈ। 
ਇਸ ਮੌਕੇ ਜਸਵਿੰਦਰ ਬੰਗੜ, ਬਲਜੀਤ ਸਿੰਘ ਬੱਧਣ, ਅਮਰਜੀਤ ਰੱਲ, ਮੁੱਲਖ ਰਾਜ, ਰੇਸ਼ਮ ਸਿੰਘ ਬੰਗੜ, ਹਰਮੇਲ ਹੈਪੀ, ਨਰਾਇਣ ਦਾਸ ਰੱਤੂ ਆਦਿ ਤੋਂ ਇਲਾਵਾ ਕਈ ਹੋਰ ਰਾਗੀ ਜੱਥਿਆਂ ਨੇ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾ ਨੰਦ ਜੀ ਅਤੇ ਹੋਰ ਸ਼ਹੀਦਾਂ ਨੂੰ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਸ਼ਹੀਦੀ ਸਮਾਗਮ ਵਿੱਚ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ।ਆਈਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਦੇ ਲੰਗਰ ਅਤੁੱਟ ਵਰਤੇ।


Related News