ਪਹਿਲੇ ਪੰਜਾਬੀ ਨੌਜਵਾਨ ਨੇ ਇਸ ਦੇਸ਼ ਦੇ ਖਾਸ ਪੁਲਸ ਵਿਭਾਗ ''ਚ ਲਈ ਐਂਟਰੀ! ਹਰ ਪਾਸੇ ਹੋਈ ਬੱਲੇ-ਬੱਲੇ

06/19/2017 9:36:37 AM

ਰੋਮ, (ਕੈਂਥ)—  ਪੰਜਾਬ ਤੋਂ ਪ੍ਰਵਾਸੀਆਂ ਦੀ ਇਟਲੀ ਵਿਚ ਆ ਕੇ ਵਸੀ ਦੂਜੀ ਪੀੜ੍ਹੀ ਸਮੂਹ ਭਾਰਤ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ। ਇਸ ਦੀ ਮਿਸਾਲ ਇਟਲੀ ਵਿਚ ਪੰਜਾਬ ਤੋਂ ਆ ਕੇ ਵੱਸੇ ਸਿੱਖ ਪਰਿਵਾਰ ਦੇ ਨੌਜਵਾਨ ਵੱਲੋਂ ਸਾਬਿਤ ਕੀਤੀ ਗਈ, ਜਦੋਂ ਪੰਜਾਬੀ ਨੌਜਵਾਨ ਮਨਰਾਜ ਸਿੰਘ ਨੂੰ ਇਟਲੀ ਦੀ ਖਾਸ ਪੁਲਸ ਯੂਨਿਟ ਕਾਰਾਬਿਨੇਰੀ ਦੀ ਪ੍ਰੀਖਿਆ ਵਿਚ ਅੱਵਲ ਨੰਬਰ ਲੈ ਕੇ ਚੁਣੇ ਜਾਣ ਦਾ ਮਾਣ ਹਾਸਲ ਹੋਇਆ।  
ਰੇਜੋ ਕਲਾਬਰੀਆ ਵਿਖੇ ਇਟਲੀ ਦੀ ਪੁਲਸ ਯੂਨਿਟ ਕਾਰਾਬਿਨੇਰੀ ਦੇ ਸਭ ਤੋਂ ਹੋਣਹਾਰ ਵਿਦਿਆਰਥੀ ਰਹੇ ਮਨਰਾਜ ਸਿੰਘ ਨੇ ਪੁਲਿਸ ਵਿਚ ਭਰਤੀ ਹੋਣ ਦੀ ਸਹੁੰ ਚੁੱਕੀ। ਪੁਲਸ ਭਰਤੀ ਦੀ ਰੀਤ ਅਨੁਸਾਰ, ਇਟਲੀ ਦੇ ਗ੍ਰਹਿ ਮੰਤਰੀ ਮਾਰਕੋ ਮਿਨੀਤੀ ਅਤੇ ਸੈਨਾ ਦੇ ਕਮਾਂਡਿੰਗ ਜਨਰਲ, ਜਨਰਲ ਤੁਲੀਓ ਦੇਲ ਸੇਤੇ ਨੇ ਮਨਰਾਜ ਸਿੰਘ ਦੀ ਵਰਦੀ ਉੱਤੇ ਪੁਲਸ ਯੂਨਿਟ ਦੇ ਸਟਾਰ ਲਗਾਏ। 
ਜ਼ਿਕਰਯੋਗ ਹੈ ਕਿ ਮਨਰਾਜ ਸਿੰਘ 18 ਸਾਲ ਦੀ ਉਮਰ ਵਿਚ ਇਟਲੀ ਦਾ ਨਾਗਰਿਕ ਬਣਿਆ ਅਤੇ ਇਸ ਮੌਕੇ ਗ੍ਰਹਿ ਮੰਤਰੀ ਮਾਰਕੋ ਮਿਨੀਤੀ ਨੇ ਟਿੱਪਣੀ ਕਰਦਿਆਂ ਕਿਹਾ ਕਿ, ਮਨਰਾਜ ਸਿੰਘ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਇਟਲੀ ਦਾ ਨਾਗਰਿਕ ਕਿਉਂ ਨਹੀਂ ਬਣ ਸਕਿਆ। ਮੰਤਰੀ ਵੱਲੋਂ ਹੋਣਹਾਰ ਸਿੱਖ ਵਿਦਿਆਰਥੀ ਦੀ ਰੱਜ ਕੇ ਸ਼ਲਾਘਾ ਕੀਤੀ ਗਈ। ਜਿੱਥੇ ਮਨਰਾਜ ਸਿੰਘ ਦੇ ਪਰਿਵਾਰ, ਦੋਸਤਾਂ ਮਿੱਤਰਾਂ ਲਈ ਇਹ ਮਾਣ ਵਾਲੀ ਗੱਲ ਹੈ, ਉੱਥੇ ਇਟਲੀ ਦਾ ਸਿੱਖ ਭਾਈਚਾਰਾ ਵੀ ਉਨਾਂ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸਮਾਰੋਹ ਦੌਰਾਨ ਮਨਰਾਜ ਸਿੰਘ ਦੇ ਮਾਤਾ ਪਿਤਾ ਉਸਦੇ ਨਾਲ ਹਾਜਰ ਸਨ, ਆਪਣੇ ਪੁੱਤਰ ਦੀ ਇੰਨੀ ਵੱਡੀ ਪ੍ਰਾਪਤੀ ਉੱਤੇ ਉਨ੍ਹਾਂ ਦੀ ਖੁਸ਼ੀ ਦੇਖੇ ਹੀ ਬਣਦੀ ਸੀ। ਮਨਰਾਜ ਸਿੰਘ ਨੇ ਇਸ ਸਮੇਂ ਦੇਸ਼ ਦੀ ਏਕਤਾ ਨੂੰ ਬਣਾਈ ਰੱਖਣ ਲਈ ਆਪਣੀਆਂ ਸੇਵਾਵਾਂ ਦੇਣ ਦਾ ਵਾਅਦਾ ਕੀਤਾ।


Related News