ਸਰਤਾਜ ਦੀ ਫਿਲਮ ਨਾਲ ਹੋਵੇਗੀ ਟੋਰਾਂਟੋ ''ਚ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੀ ਸ਼ੁਰੂਆਤ (ਤਸਵੀਰਾਂ)

04/27/2017 11:21:16 AM

 ਟੋਰਾਂਟੋ— ਕੈਨੇਡਾ ਦੇ ਟੋਰਾਂਟੋ ਵਿਚ ਹੋਣ ਜਾ ਰਹੇ ਦੱਖਣੀ ਭਾਰਤੀ ਫਿਲਮਾਂ ਦੇ ਅੰਤਰਰਾਸ਼ਟਰੀ ਮਹਾਂਉਤਸਵ (ਆਈ. ਐੱਫ. ਐੱਫ. ਐੱਸ. ਏ.) ਦੀ ਸ਼ੁਰੂਆਤ ਗਾਇਕ ਸਤਿੰਦਰ ਸਰਤਾਜ ਦੀ ਫਿਲਮ ''ਦਿ ਬਲੈਕ ਪ੍ਰਿੰਸ'' ਨਾਲ ਹੋਵੇਗੀ। ਇਹ ਸਤਿੰਦਰ ਸਰਤਾਜ ਦੀ ਪਹਿਲੀ ਫਿਲਮ ਹੈ ਅਤੇ ਇਸ ਵਿਚ ਸ਼ਬਾਨਾ ਆਜ਼ਮੀ ਵਰਗੀ ਅਦਾਕਾਰਾ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੀ ਹੋਈ ਦਿਖਾਈ ਦੇਵੇਗੀ। ਫਿਲਮ ਦੀ ਕਵੀਰਾਜ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। ਇਹ ਫਿਲਮ ਪੰਜਾਬ ਦੇ ਸਾਮਰਾਜ ਦੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੇ ਤ੍ਰਾਸਦੀ ਨਾਲ ਭਰਪੂਰ ਜੀਵਨ ''ਤੇ ਆਧਾਰਤ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਤਿੰਦਰ ਸਰਤਾਜ ਅਤੇ ਕਵੀਰਾਜ ਦੋਵੇਂ ਹੀ ਇਸ ਫਿਲਮ ਦੇ ਕੈਨੇਡੀਅਨ ਪ੍ਰੀਮੀਅਰ ਵਿਚ ਸ਼ਿਰਕਤ ਕਰਨਗੇ। 

ਇਸ ਫਿਲਮ ਫੈਸਟੀਵਲ ਦੀ ਸ਼ੁਰੂਆਤ ਮਿਸੀਸਾਗਾ ਦੇ ਲਿਵਿੰਗ ਆਰਟਸ ਸੈਂਟਰ ਵਿਚ 11 ਮਈ ਤੋਂ ਹੋਵੇਗੀ। 22 ਮਈ ਤੱਕ ਚੱਲਣ ਵਾਲੇ ਇਸ ਫੈਸਟੀਵਲ ਵਿਚ 100 ਤੋਂ ਵਧੇਰੇ ਫਿਲਮਾਂ ਅਤੇ 40 ਤੋਂ ਵਧੇਰੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।
''ਦਿ ਬਲੈਕ ਪ੍ਰਿੰਸ'' ਤੋਂ ਇਲਾਵਾ ਇਸ ਫੈਸਟੀਵਲ ਵਿਚ ਅਲੰਕ੍ਰਿਤਾ ਸ਼੍ਰੀਵਾਸਤਵ ਦੀ ''ਲਿਪਸਟਿਕ ਅੰਡਰ ਮਾਈ ਬੁਰਕਾ'' ਫਿਲਮ ਵੀ ਪੇਸ਼ ਕੀਤੀ ਜਾਵੇਗੀ। ਇਹ ਫਿਲਮ ਨਿੱਕੇ ਜਿਹੇ ਕਸਬੇ ਦੀਆਂ ਚਾਰ ਔਰਤਾਂ ਦੇ ਆਲੇ-ਦੁਆਲੇ ਘੁੰੰਮਦੀ ਹੈ। ਇਸ ਫਿਲਮ ਦਾ ਪ੍ਰੀਮੀਅਰ ਡਾਊਨਟਾਊਨ ਟੋਰਾਂਟੋ ਵਿਚ ਹੋਵੇਗਾ। ਇਸ ਮੌਕੇ ਬਾਲੀਵੁੱਡ ਅਤੇ ਹਾਲੀਵੁੱਡ ਕਲਾਕਾਰ ਓਮ ਪੁਰੀ ਨੂੰ ਮਸ਼ਹੂਰ ਪੰਜਾਬੀ ਫਿਲਮ ''ਚੰਨ ਪਰਦੇਸੀ'' ਦਿਖਾ ਕੇ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਫਿਲਮ ਨਾਲ ਉਨ੍ਹਾਂ ਨੇ ਆਪਣੇ ਦਮਦਾਰ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਅਮਰਿੰਦਰ ਗਿੱਲ ਦੀ ਫਿਲਮ ''ਲਹੌਰੀਏ'' ਅਤੇ ਬਾਲੀਵੁੱਡ ਫਿਲਮ ''ਮੇਰੀ ਪਿਆਰੀ ਬਿੰਦੂ'' ਦਾ ਉੱਤਰੀ ਅਮਰੀਕੀ ਪ੍ਰੀਮੀਅਰ 11 ਮਈ ਨੂੰ ਹੋਵੇਗਾ, ਜਦੋਂ ਕਿ ਇਹ ਦੋਵੇਂ ਫਿਲਮਾਂ 12 ਮਈ ਨੂੰ ਰਿਲੀਜ਼ ਹੋਣਗੀਆਂ।

Kulvinder Mahi

News Editor

Related News