ਇੰਗਲੈਂਡ ਵਿਚ ਤੰਦੂਰੀ ਰੈਸਟੋਰੈਂਟ ਵਿਚ ਇਮੀਗ੍ਰੇਸ਼ਨ ਛਾਪੇਮਾਰੀ ਤੋਂ ਬਾਅਦ ਰੈਸਟੋਰੈਂਟ ਦਾ ਲਾਇਸੰਸ ਰੱਦ

08/18/2017 3:38:59 PM

ਲੰਡਨ (ਰਾਜਵੀਰ ਸਮਰਾ)— ਸਾਊਥ ਐਂਡ ਵਿਚ ਪੈਂਦੇ ਐਸੇਕਸ ਦੇ ਸ਼ਹਿਰ ਬੈਨਫਲੀਟ ਵਿਖੇ ਸਥਿਤ ਇੱਕ ਤੰਦੂਰੀ ਰੈਸਟੋਰੈਂਟ ਵਿਚ ਇਮੀਗ੍ਰੇਸ਼ਨ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਰੈਸਟੋਰੈਂਟ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਇਹ ਛਾਪੇਮਾਰੀ ਹਾਈ ਸਟਰੀਟ ਬੈਨਫਲੀਟ ਵਿਖੇ ਸਥਿਤ ਤੰਦੂਰੀ ਇੰਡੀਅਨ ਰੈਸਟੋਰੈਂਟ ਵਿਚ ਹੋਈ ਸੀ ,ਜਿਸ ਦੌਰਾਨ ਅਫਸਰਾਂ ਦੀ ਟੀਮ ਨੇ ਪੰਜ ਬੰਗਲਾਦੇਸ਼ੀ ਵਿਅਕਤੀ ਫੜੇ ਸਨ, ਜਿਹੜੇ ਗੈਰਕਾਨੂੰਨੀ ਢੰਗ ਨਾਲ ਕੰਮ ਕਰਦੇ ਫੜੇ ਗਏ ਸਨ। ਇਹ ਛਾਪਾ ਇੱਕ ਗੁਪਤ ਸੂਹ ਦੇ ਅਧਾਰ ਉੱਤੇ ਮਾਰਿਆ ਗਿਆ ਸੀ। ਇਸ ਸਬੰਧ ਵਿਚ ਪਿੱਛਲੇ ਦਿਨੀਂ ਕਾਂਸਲ ਪੁਆਇੰਟ ਲਾਇਸੰਸਿਗ ਕਮੇਟੀ ਦੀ ਸੁਣਵਾਈ ਦੌਰਾਨ ਵਿਚਾਰਿਆ ਗਿਆ ਸੀ ਕਿ ਰੈਸਟੋਰੈਂਟ ਦੇ ਲਾਇਸੰਸ ਧਾਰਕ ਨੇ ਕਾਮਿਆਂ ਨੂੰ ਨੌਕਰੀ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਕੰਮ ਦੇ ਹੱਕਾਂ ਬਾਰੇ ਜਾਂਚ ਨਹੀਂ ਕੀਤੀ ਸੀ, ਜਿਸ ਕਰਕੇ ਰੈਸਟੋਰੈਂਟ ਦਾ ਲਾਇਸੰਸ ਰੱਦ ਕੀਤਾ ਜਾ ਰਿਹਾ ਹੈ। ਐਸੈਕਸ ਪੁਲਸ ਦੇ ਕਾਊਂਟੀ ਲਾਇਸੰਸਿਗ ਅਫਸਰ ਸਟੀਫਨ ਸਪੈਰੋ ਨੇ ਕਿਹਾ ਕਿ ਇਸ ਫੈਸਲੇ ਨਾਲ ਸਭ ਨੂੰ ਇਹ ਸੁਨੇਹਾ ਮਿਲਣ ਦੀ ਉਮੀਦ ਹੈ ਜੇਕਰ ਕੋਈ ਜਾਅਲੀ ਕਾਮਿਆਂ ਨੂੰ ਕੰਮ ਦੇਵੇਗਾ ਤਾਂ ਉਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਖਾਸ ਕਰਕੇ ਵਿਦੇਸ਼ੀ ਨਾਗਰਿਕਾਂ ਨੂੰ ਕੰਮ ਉੱਤੇ ਰੱਖਣ ਸਮੇਂ ਉਨ੍ਹਾਂ ਦੇ ਕੰਮ ਦੇ ਹੱਕਾਂ ਸਬੰਧੀ ਜਾਂਚ ਜਰੂਰੀ ਹੈ।
 


Related News