ਤਾਇਵਾਨ ਦੇ ਰਾਸ਼ਟਰਪਤੀ ਦਫ਼ਤਰ ਦੇ ਬਾਹਰ ਤਾਇਨਾਤ ਸੁਰੱਖਿਆ ਕਰਮੀ ''ਤੇ ਤਲਵਾਰ ਨਾਲ ਹਮਲਾ

08/18/2017 10:51:05 PM

ਤਾਇਪੇ— ਚੀਨ ਦਾ ਝੰਡਾ ਫੜੇ ਹੋਏ ਇਕ ਸਮੁਰਾਈ ਤਲਵਾਰਬਾਜ ਨੇ ਤਾਇਵਾਨ ਦੇ ਰਾਸ਼ਟਰਪਤੀ ਦਫ਼ਤਰ ਦੇ ਬਾਹਰ ਤਾਇਨਾਤ ਇਕ ਸੁਰੱਖਿਆ ਕਰਮੀ 'ਤੇ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਮੌਕੇ 'ਤੇ ਗ੍ਰਿਫਤਾਰ ਇਸ ਤਾਇਵਾਨੀ ਨਾਗਰਿਕ ਦਾ ਕਹਿਣਾ ਹੈ ਕਿ ਉਹ ਆਪਣੀ ਰਾਜਨੀਤਿਕ ਵਿਚਾਰਧਾਰਾ ਬਿਆਨ ਕਰ ਰਿਹਾ ਸੀ ਅਤੇ ਤਲਵਾਰ ਉਸ ਨੇ ਕੋਲ ਦੇ ਇਤਿਹਾਸ ਅਜਾਇਬ-ਘਰ 'ਚੋ ਚੋਰੀ ਕੀਤੀ ਸੀ। ਰਾਸ਼ਟਰਪਤੀ ਦਫ਼ਤਰ ਰਾਜਧਾਨੀ ਤਾਇਪੇ ਦੇ ਵਿਚਕਾਰ ਸਥਿਤ ਹੈ ਅਤੇ ਇਹ ਬੀਜਿੰਗ ਦੇ ਪ੍ਰਤੀ ਸਖਤ ਰੁੱਖ ਰੱਖਣ ਵਾਲੀ ਰਾਸ਼ਟਰਪਤੀ ਸਾਈ ਇੰਗ-ਵੇਨ ਦਾ ਦਫਤਰ ਹੈ। ਇੰਗ-ਵੇਨ ਦੇ ਪਿੱਛਲੇ ਸਾਲ ਸੱਤਾ ਵਿਚ ਆਉਣ ਤੋਂ ਬਾਅਦ ਬੀਜਿੰਗ ਅਤੇ ਤਾਇਪੇ ਵਿਚਕਾਰ ਸਬੰਧਾਂ ਵਿਚ ਤਨਾਅ ਆਇਆ ਹੈ ਕਿਉਂਕਿ ਉਹ ਚੀਨ ਦੇ ਇਸ ਰੁੱਖ ਦਾ ਸਮਰਥਨ ਨਹੀਂ ਕਰਦੀ ਹੈ ਕਿ ਤਾਇਵਾਨ ''ਇੱਕ ਚੀਨ'' ਦਾ ਹਿੱਸਾ ਹੈ।   ਇਸ ਘਟਨਾ ਨਾਲ ਜੁੜੇ ਇਕ ਪੁਲਿਸ ਅਧਿਕਾਰੀ ਨੇ ਪਹਿਚਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਹਮਲਾਵਰ ਨੇ ''ਹਥੌੜੇ ਦੀ ਮਦਦ ਨਾਲ ਇਤਿਹਾਸ ਅਜਾਇਬ-ਘਰ ਦੇ ਸ਼ੋ-ਕੇਸ਼ ਨੂੰ ਤੋੜਿਆ ਅਤੇ ਸਮੁਰਾਈ ਤਲਵਾਰ ਚੋਰੀ ਕੀਤੀ।''  ਉਨ੍ਹਾਂ ਨੇ ਕਿਹਾ, ''ਉਸ ਦੇ ਬੈਗ 'ਚੋਂ ਚੀਨ ਦਾ ਰਾਸ਼ਟਰੀ ਝੰਡਾ ਮਿਲਿਆ ਹੈ। ਉਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦਫ਼ਤਰ ਜਾ ਕੇ ਉਹ ਆਪਣੀ ਰਾਜਨੀਤਕ ਵਿਚਾਰਧਾਰਾ ਜਾਹਰ ਕਰਨਾ ਚਾਹੁੰਦਾ ਸੀ।''  ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਐਲੇਕਸ ਹੁਆਂਗ ਦਾ ਕਹਿਣਾ ਹੈ ਕਿ ਵਿਅਕਤੀ ਦੀ ਪਹਿਚਾਣ ਸਿਰਫ ਉਸ ਦੇ ਪਰਿਵਾਰ ਦੇ ਨਾਮ ਦੇ ਆਧਾਰ 'ਤੇ ਲਿਉ  ਦੇ ਰੂਪ ਵਿਚ ਹੋਈ ਹੈ। ਲਿਉ ਨੇ ਉਸ ਨੂੰ ਰੋਕਣ ਵਾਲੇ ਸੁਰੱਖਿਆ ਕਰਮੀ 'ਤੇ ਤਲਵਾਰ ਨਾਲ ਹਮਲਾ ਕੀਤਾ। ਫਿਲਹਾਲ ਪੁਲਸ ਲਿਉ ਕੋਲੋ ਪੁੱਛਗਿਛ ਕਰ ਰਹੀ ਹੈ। ਹੁਆਂਗ ਨੇ ਦੱਸਿਆ ਕਿ ਜਖ਼ਮੀ ਸੁਰੱਖਿਆ ਕਰਮੀ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਉਸ ਦੀ ਹਾਲਤ ਸਥਿਰ ਹੈ। ਦਫ਼ਤਰ ਅਤੇ ਉਸ ਦੇ ਨੇੜੇ ਪਹਿਲਾਂ ਵੀ ਹਮਲੇ ਹੋਏ ਹਨ।


Related News