ਸਿਡਨੀ ''ਚ ਤੇਜ਼ ਹਵਾਵਾਂ ਨੇ ਮਚਾਈ ਤਬਾਹੀ, ਕਈ ਲੋਕ ਹੋਏ ਜ਼ਖਮੀ

08/16/2017 12:08:16 PM

ਸਿਡਨੀ— ਮੌਸਮ ਕਿਸ ਸਮੇਂ ਆਪਣਾ ਰੁਖ ਬਦਲ ਲਵੇ ਇਹ ਤਾਂ ਕਿਸੇ ਨੂੰ ਨਹੀਂ ਪਤਾ। ਤੇਜ਼ ਮੀਂਹ, ਤੇਜ਼ ਹਨ੍ਹੇਰੀ ਕਾਰਨ ਭਿਆਨਕ ਤਬਾਹੀ ਮਚ ਜਾਂਦੀ ਹੈ। ਕੁਝ ਅਜਿਹਾ ਹੀ ਮੌਸਮ ਨੇ ਰੁਖ ਵੱਟਿਆ ਆਸਟ੍ਰੇਲੀਆ ਦੇ ਸਿਡਨੀ 'ਚ, ਜਿੱਥੇ ਤੇਜ਼ ਹਵਾਵਾਂ ਕਾਰਨ ਬੁੱਧਵਾਰ ਦੀ ਸਵੇਰ ਭਿਆਨਕ ਹਾਦਸਾ ਵਾਪਰ ਗਿਆ। ਤੇਜ਼ ਹਵਾ ਚੱਲਣ ਕਾਰਨ ਉੱਤਰੀ-ਪੱਛਮੀ ਸਿਡਨੀ ਵਿਚ ਉਸਾਰੀ ਅਧੀਨ ਇਕ ਕੰਧ ਢਹਿ ਗਈ। ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਜ਼ਖਮੀ ਹੋ ਗਏ। ਹਵਾਵਾਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ। 
ਐਮਰਜੈਂਸੀ ਅਧਿਕਾਰੀਆਂ ਨੂੰ ਸਿਡਨੀ ਦੇ ਕਾਰਲਿੰਗਫੋਰਡ 'ਚ ਇਕ ਉਸਾਰੀ ਅਧੀਨ ਕੰਧ ਢਹਿਣ ਦੀ ਰਿਪੋਰਟ ਮਿਲੀ। ਪੈਰਾ-ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਕੰਧ ਢਹਿਣ ਕਾਰਨ ਇਕ 30 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਕ ਦੂਜੀ ਘਟਨਾ ਵਿਚ ਕਰੀਲੀਵਿਲ ਵਿਖੇ ਇਕ 19  ਸਾਲਾ ਵਿਅਕਤੀ ਸਵੇਰੇ 9.40 ਵਜੇ ਉਸਾਰੀ ਵਾਲੀ ਥਾਂ 'ਤੇ ਇੱਟਾਂ ਦੇ ਢੇਰ ਹੇਠਾਂ ਆਉਣ ਕਾਰਨ ਬੇਹੋਸ਼ ਹੋ ਗਿਆ। ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਸਿਡਨੀ ਹਵਾਈ ਅੱਡੇ 'ਤੇ ਹਵਾਵਾਂ ਕਾਰਨ ਜਹਾਜ਼ਾਂ ਦੀ ਲੈਂਡਿੰਗ ਕਰਨ 'ਚ ਮੁਸ਼ਕਲ ਪੇਸ਼ ਆਈ। ਤੇਜ਼ ਹਵਾਵਾਂ ਨੇ ਨਿਊ ਸਾਊਥ ਵੇਲਜ਼ ਵਿਚ ਵੀ ਭਿਆਨਕ ਤਬਾਹੀ ਮਚਾਈ ਹੈ, ਜਿਸ ਕਾਰਨ ਸੈਂਟਰਲ ਕੋਸਟ ਅਤੇ ਸਿਡਨੀ ਵਿਚ ਲੱਗਭਗ 3300 ਘਰਾਂ ਦੀ ਬਿਜਲੀ ਗੁੱਲ ਹੋ ਗਈ। ਅਧਿਕਾਰੀ ਬਿਜਲੀ ਠੀਕ ਕਰਨ ਦੇ ਕੰਮ 'ਚ ਲੱਗੇ ਹੋਏ ਹਨ।


Related News