ਅੱਜ ਦਾ ਭਾਰਤ ਸਾਲ 1962 ਤੋਂ ਵੱਖ ਹੈ : ਚੌਹਾਨ

10/23/2017 11:26:49 AM

ਵਾਸ਼ਿੰਗਟਨ (ਭਾਸ਼ਾ)— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਾਕਿਸਤਾਨ ਅਤੇ ਚੀਨ 'ਤੇ ਜ਼ੋਰਦਾਰ ਹਮਲਾ ਬੋਲਦੇ ਹੋਏ ਸੋਮਵਾਰ ਨੂੰ ਕਿਹਾ ਕਿ ਅੱਜ ਭਾਰਤ ਪਹਿਲਾਂ ਵਰਗਾ ਨਹੀਂ ਹੈ, ਜਿਵੇਂ ਦਾ ਉਹ ਸਾਲ 1962 ਵਿਚ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਅੱਤਵਾਦ ਦੇ ਮੁੱਦੇ 'ਤੇ ਕਿਸੇ ਨੂੰ ਵੀ ''ਨਹੀਂ ਬਖਸ਼ੇਗਾ''। ਚੌਹਾਨ ਅਮਰੀਕਾ ਦੀ ਕਰੀਬ ਇਕ ਹਫਤੇ ਦੀ ਯਾਤਰਾ 'ਤੇ ਕੱਲ ਸਵੇਰੇ ਇੱਥੇ ਪਹੁੰਚੇ ਹਨ। 
ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਸਾਲ 1962 ਵਾਲਾ ਦੇਸ਼ ਨਹੀਂ ਰਿਹਾ ਅਤੇ ਚੀਨ ਨੂੰ ਇਸ ਗੱਲ ਦਾ ਅਹਿਸਾਸ ਵੀ ਹੋ ਚੁੱਕਾ ਹੈ, ਜਿਸ ਦੇ ਫੌਜੀਆਂ ਨੂੰ ਭਾਰਤੀ  ਜਵਾਨਾਂ ਦੀ ਦ੍ਰਿੜਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਮਜ਼ਬੂਤ ਭਾਰਤ ਦੇ ਵਿਕਾਸ ਕਾਰਨ ਡੋਕਲਾਮ ਵਿਚ ਪਿੱਛੇ ਹੱਟਣਾ ਪਿਆ। ਚੌਹਾਨ ਨੇ ਕਿਹਾ,''ਅੱਜ ਦਾ ਭਾਰਤ ਸਾਲ 1962 ਵਾਲਾ ਦੇਸ਼ ਨਹੀਂ ਹੈ।'' ਉਹ ਇੱਥੇ ਭਾਰਤੀ ਦੂਤਾਵਾਸ ਵੱਲੋਂ ਆਯੋਜਿਤ ਇਕ ਸਵਾਗਤ ਸਮਾਰੋਹ ਵਿਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਹਿੰਦੀ ਵਿੱਚ ਸਭਾ ਨੂੰ ਸੰਬੋਧਿਤ ਕੀਤਾ। 
ਚੀਨ 'ਤੇ ਉਨ੍ਹਾਂ ਦਾ ਬਿਆਨ ਡੋਕਲਾਮ ਗਤੀਰੋਧ ਦੌਰਾਨ ਉਸ ਸਮੇਂ ਦੇ ਰੱਖਿਆ ਮੰਤਰੀ ਅਰੂਣ ਜੇਟਲੀ ਵੱਲੋਂ ਦਿੱਤੇ ਗਏ ਬਿਆਨਾਂ ਦੀ ਸਪੱਸ਼ਟ ਰੂਪ ਵਿਚ ਯਾਦ ਦਵਾਉਂਦਾ ਹੈ। ਜੇਟਲੀ ਨੂੰ ਜਦੋਂ ਚੀਨ ਦੀ ਇਸ ਚਿਤਾਵਨੀ ਬਾਰੇ ਪੁੱਛਿਆ ਗਿਆ ਸੀ ਕਿ ਭਾਰਤੀ ਫੌਜ ਨੂੰ ''ਇਤਿਹਾਸ ਤੋਂ ਮਿਲੇ ਸਬਕ'' ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਉਨ੍ਹਾਂ ਨੇ ਕਿਹਾ ਸੀ,''ਸਾਲ 1962 ਵਿਚ ਹਾਲਤ ਵੱਖ ਸਨ ਅਤੇ ਸਾਲ 2017 ਦਾ ਭਾਰਤ ਵੱਖ ਹੈ।'' 
ਪਾਕਿਸਤਾਨ ਨੂੰ ਅਸਿੱਧੀ ਚਿਤਾਵਨੀ ਦਿੰਦੇ ਹੋਏ ਚੌਹਾਨ ਨੇ ਕਿਹਾ ਕਿ ਅੱਤਵਾਦ 'ਤੇ ''ਕੋਈ ਸਮਝੌਤਾ'' ਨਹੀਂ ਕੀਤਾ ਜਾਵੇਗਾ। ਪਾਕਿਸਤਾਨ 'ਤੇ ਆਪਣੀ ਧਰਤੀ 'ਤੇ ਅੱਤਵਾਦੀਆਂ ਨੂੰ ਆਸਰਾ ਦੇਣ ਦੇ ਦੋਸ਼ ਲੱਗਦੇ ਰਹੇ ਹਨ। ਉਨ੍ਹਾਂ ਨੇ ਕਿਹਾ,''ਜੇ ਕੋਈ ਦੇਸ਼ ਸਾਨੂੰ ਅੱਤਵਾਦ ਦੇ ਮੁੱਦੇ 'ਤੇ ਉਕਸਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਭਾਰਤ ਉਸ ਨੂੰ ਨਹੀਂ ਬਖਸ਼ੇਗਾ।'' ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਗਲੋਬਲ ਸ਼ਾਂਤੀ ਦਾ ਸਮਰਥਕ ਹੈ।


Related News