ਸਪੇਨ ਹਮਲਾ: 3 ਅੱਤਵਾਦੀ ਹਮਲਿਆਂ ਦੀ ਗਵਾਹ ਬਣੀ ਇਹ ਔਰਤ, ਰੇਡੀਓ ''ਤੇ ਬਿਆਨ ਕੀਤਾ ਖੌਫਨਾਕ ਮੰਜ਼ਰ

08/18/2017 10:17:46 AM

ਬਾਰਸਿਲੋਨਾ— ਸਪੇਨ ਵਿਚ ਇਕ ਵਾਰ ਫਿਰ ਅੱਤਵਾਦ ਦੀ ਦਹਿਸ਼ਤ ਦੇਖੀ ਜਾ ਸਕਦੀ ਹੈ । ਇੱਥੇ ਪਹਿਲਾਂ ਬਾਰਸਿਲੋਨਾ ਵਿਚ ਅੱਤਵਾਦੀਆਂ ਨੇ ਵੈਨ ਨਾਲ ਕੁਚਲ ਕੇ 13 ਲੋਕਾਂ ਨੂੰ ਮਾਰ ਦਿੱਤਾ । ਇਸ ਤੋਂ ਬਾਅਦ ਦੇਸ਼ ਦੇ ਦੱਖਣ ਵਿਚ ਸਥਿਤ ਕੈਂਬਰਿਲ ਦੇ ਕੋਸਟਲ ਸ਼ਹਿਰ ਵਿਚ ਦੂਜਾ ਹਮਲਾ ਕੀਤਾ । ਇਸ ਹਮਲੇ ਵਿਚ 6 ਨਾਗਰਿਕਾਂ ਅਤੇ ਇਕ ਪੁਲਸ ਕਰਮਚਾਰੀ ਦੇ ਜ਼ਖਮੀ ਹੋਣ ਦੀ ਖਬਰ ਹੈ । ਇਸ ਦੌਰਾਨ ਵੱਡੀ ਗਿਣਤੀ ਵਿਚ ਚਸ਼ਮਦੀਦ ਸਾਹਮਣੇ ਆ ਰਹੇ ਹਨ ਅਤੇ ਉਸ ਖੌਫਨਾਕ ਮੰਜ਼ਰ ਦਾ ਹਾਲ ਬਿਆਨ  ਕਰ ਰਹੇ ਹਨ । ਇਕ ਔਰਤ ਅਜਿਹੀ ਵੀ ਸਾਹਮਣੇ ਆਈ ਹੈ, ਜੋ ਇਸ ਸਾਲ ਦੇ ਤੀਜੇ ਅੱਤਵਾਦੀ ਹਮਲੇ ਦੀ ਗਵਾਹ ਬਣੀ ਹੈ । ਇਸ ਔਰਤ ਨੇ ਸਥਾਨਕ ਰੇਡੀਓ 5 ਲਾਈਵ ਉੱਤੇ ਫੋਨ ਕਰ ਕੇ ਦੱਸਿਆ ਕਿ ਇਹ ਤੀਜਾ ਅੱਤਵਾਦੀ ਹਮਲਾ ਉਸ ਦੇ ਸਾਹਮਣੇ ਹੋਇਆ ਹੈ । ਔਰਤ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ । 
ਔਰਤ ਮੁਤਾਬਕ ਇਸ ਤੋਂ ਪਹਿਲਾਂ ਲੰਡਨ ਅਤੇ ਪੈਰਿਸ ਵਿਚ ਹੋਏ ਹਮਲੇ ਦੇ ਸਮੇਂ ਵੀ ਉਹ ਮੌਕੇ ਉੱਤੇ ਮੌਜੂਦ ਸੀ ਅਤੇ ਵਾਲ-ਵਾਲ ਬਚੀ ਸੀ । ਲੰਡਨ ਵਿਚ ਲੰਦਨ ਬ੍ਰਿਜ ਉੱਤੇ ਹਮਲਾ ਹੋਇਆ ਸੀ, ਉਥੇ ਹੀ ਪੈਰਿਸ ਦੇ ਨਾਟਰੇ ਡੇਮ 'ਤੇ ਵੀ ਉਸ ਦੀਆਂ ਅੱਖਾਂ ਸਾਹਮਣੇ ਹੀ ਹਮਲਾ ਹੋਇਆ ਸੀ । 
ਔਰਤ ਨੇ ਰੇਡੀਓ ਨੂੰ ਦੱਸਿਆ ਕਿ ਇਕ ਮਿੰਟ ਪਹਿਲਾਂ ਤੱਕ ਸੱਭ ਕੁਝ ਠੀਕ ਸੀ । ਅਗਲੇ ਪਲ ਜੋ ਮੰਜਰ ਸੀ ਉਹ ਬਿਆਂ ਨਹੀਂ ਕੀਤਾ ਜਾ ਸਕਦਾ । ਸਾਰੇ ਪਾਸੇ ਜ਼ਖਮੀ ਅਤੇ ਮ੍ਰਿਤਕ ਪਏ ਹੋਏ ਸਨ । ਅੱਤਵਾਦੀਆਂ ਦੀ ਵੈਨ ਸਾਰਿਆਂ ਨੂੰ ਕੁਚਲਦੇ ਹੋਏ ਅੱਗੇ ਵਧ ਰਹੀ ਸੀ । ਦੱਸ ਦਈਏ ਕਿ ਲੰਡਨ ਬ੍ਰਿਜ ਉੱਤੇ ਜੂਨ ਵਿਚ ਹਮਲਾ ਹੋਇਆ ਸੀ, ਜਿਸ ਵਿਚ 3 ਹਮਲਾਵਰਾਂ ਸਮੇਤ 11 ਲੋਕਾਂ ਦੀ ਮੌਤ ਹੋਈ ਸੀ।


Related News