ਸਾਊਥਾਲ ਦੇ ''ਚੀਨੀ ਚੋਰ ਰੈਸਟੋਰੈਂਟ'' ਨੂੰ 1,55,000 ਪੌਂਡ ਜ਼ੁਰਮਾਨਾ

10/20/2017 9:02:41 AM

ਲੰਡਨ, (ਮਨਦੀਪ ਖੁਰਮੀ)— ਇੰਗਲੈਂਡ ਦਾ ਸ਼ਹਿਰ ਸਾਊਥਾਲ ਭਾਰਤੀ ਲੋਕਾਂ ਦੀ ਵਸੋਂ ਵਧਣ ਨਾਲ ਅਜਿਹੇ ਇਲਾਕੇ ਦਾ ਰੂਪ ਧਾਰਨ ਕਰ ਚੁੱਕਾ ਹੈ ਕਿ ਹੁਣ ਅਕਸਰ ਗੋਰੇ ਵੀ ਸਾਊਥਾਲ ਘੁੰਮਣ ਹੀ ਆਉਂਦੇ ਹਨ। ਘਰਾਂ ਤੋਂ ਲੈ ਕੇ ਕਾਰੋਬਾਰਾਂ, ਦੁਕਾਨਾਂ 'ਚੋਂ ਗੋਰਿਆਂ ਦੀ ਮਾਲਕੀ ਨਾ-ਮਾਤਰ ਹੀ ਰਹਿ ਗਈ ਹੈ। ਰੈਸਟੋਰੈਂਟਾਂ ਆਦਿ ਵਿੱਚ ਸਫਾਈ ਦੇ ਪੁਖਤਾ ਪ੍ਰਬੰਧ ਨਾ ਹੋਣ ਦੀਆਂ ਖ਼ਬਰਾਂ ਦੀ ਲੜੀ ਵਿੱਚ ਇੱਕ ਹੋਰ ਖ਼ਬਰ ਦਾ ਵਾਧਾ ਹੋਇਆ ਹੈ। ਸਾਊਥ ਰੋਡ ਸਥਿਤ ਚੀਨੀ ਚੋਰ ਨਾਮੀ ਰੈਸਟੋਰੈਂਟ ਦੇ ਮਾਲਕ ਰਵੀ ਕੁਮਾਰ ਬਕਸ਼ੀ ਨੂੰ ਇੱਕ ਲੱਖ ਪਚਵੰਜਾ ਹਜ਼ਾਰ ਪੌਂਡ (1,55,000) ਦਾ ਜ਼ੁਰਮਾਨਾ ਹੋਇਆ ਹੈ। ਉਕਤ ਰੈਸਟੋਰੈਂਟ ਦੇ ਮਾਲਕ ਨੂੰ ਈਲਿੰਗ ਕੌਂਸਲ ਦੀ ਭੋਜਨ ਸੁਰੱਖਿਆ ਟੀਮ ਵੱਲੋਂ ਅਦਾਲਤ ਵਿੱਚ ਲਿਜਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਕੌਂਸਲ ਦੇ ਅਧਿਕਾਰੀਆਂ ਵੱਲੋਂ 2 ਵਾਰ ਜਾਂਚ ਕਰਨ ਉਪਰੰਤ ਭੋਜਨ ਸੁਰੱਖਿਆ ਸੰਬੰਧੀ ਊਣਤਾਈਆਂ ਮਿਲੀਆਂ ਸਨ। ਇਸ ਸੰਬੰਧੀ ਈਲਿੰਗ ਕੌਂਸਲ ਦੀਆਂ ਭਾਈਚਾਰਕ ਸੇਵਾਵਾਂ ਅਤੇ ਸੇਫਟੀ ਕੈਬਨਿਟ ਮੈਂਬਰ ਕੌਂਸਲਰ ਰਣਜੀਤ ਧੀਰ ਦਾ ਕਹਿਣਾ ਹੈ ਕਿ ਅਧਿਕਾਰੀਆਂ ਵੱਲੋਂ ਦੋ ਵਾਰ ਜਾਂਚ ਕਰਨ ਉਪਰੰਤ ਵੀ ਸਫ਼ਾਈ ਆਦਿ ਵਿੱਚ ਕੋਈ ਸੁਧਾਰ ਨਹੀਂ ਸੀ ਕੀਤਾ ਗਿਆ। ਗਾਹਕਾਂ ਦੀ ਸਿਹਤ ਨਾਲ ਖਿਲਵਾੜ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੇਕਰ ਗ੍ਰਾਹਕ ਆਪਣੇ ਵੱਲੋਂ ਖਰੀਦੀ ਵਸਤ ਦਾ ਪੂਰਾ ਮੁੱਲ ਅਦਾ ਕਰਦਾ ਹੈ ਤਾਂ ਕਾਰੋਬਾਰੀ ਮਾਲਕ ਕੋਲ ਕੋਈ ਹੱਕ ਨਹੀਂ ਕਿ ਉਹ ਗਾਹਕਾਂ ਦੀ ਸਿਹਤ ਨਾਲ ਖਿਲਵਾੜ ਕਰੇ।


Related News