ਦੱਖਣੀ ਕੋਰੀਆ ਨੇ ਬੰਦ ਕੀਤਾ ਕੈਨੇਡਾ ਦਾ ਸਕੂਲ, 14 ਅਧਿਆਪਕਾਂ ਨੂੰ ਦਿੱਤੇ ਦੇਸ਼ ਛੱਡਣ ਦੇ ਹੁਕਮ

04/28/2017 2:48:18 PM

ਸਿਓਲ— ਦੱਖਣੀ ਕੋਰੀਆ ਨੇ ਆਪਣੇ ਦੇਸ਼ ਵਿਚ ਚੱਲ ਰਹੇ ਬ੍ਰਿਟਿਸ਼ ਕੋਲੰਬੀਆ ਦੇ ਸਕੂਲ ਨੂੰ ਬੰਦ ਕਰ ਦਿੱਤਾ ਹੈ ਅਤੇ ਉੱਥੇ ਪੜ੍ਹਾਉਣ ਵਾਲੇ 14 ਅਧਿਆਪਕਾਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਦੇਸ਼ ਛੱਡਣ ਦੇ ਹੁਕਮ ਦਿੱਤੇ ਹਨ। ਇਸ ਸਕੂਲ ਵਿਚ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਵਾਲਾ ਸਿਲੇਬਸ ਪੜ੍ਹਾਇਆ ਜਾਂਦਾ ਸੀ। ਇਸ ਸਕੂਲ ਨੂੰ ਬੰਦ ਕਰਨ ਦੇ ਹੁਕਮ 11 ਅਪ੍ਰੈਲ ਨੂੰ ਦਿੱਤੇ ਗਏ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਹਿਲੇ ਗੇੜ ਵਿਚ ਇਸ ਸਕੂਲ ਨੂੰ ਇਕ ਸਾਲ ਲਈ ਬੰਦ ਕਰਨ ਦੇ ਹੁਕਮ ਦਿੱਤੇ ਹਨ। 
ਬੀ. ਸੀ. ਦੇ ਸਿੱਖਿਆ ਮੰਤਰਾਲੇ ਨੇ 27 ਅਪ੍ਰੈਲ ਨੂੰ ਇਸ ਸਕੂਲ ਬਾਰੇ ਰਿਪੋਰਟ ਪੇਸ਼ ਕੀਤੀ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਇਸ ਸਕੂਲ ਕੋਲ ਲੋੜੀਂਦਾ ਲਾਈਸੈਂਸ ਨਹੀਂ ਸੀ। ਇਸ ਦੇ ਨਾਲ ਹੀ ਜਿਨ੍ਹਾਂ ਅਧਿਆਪਕਾਂ ਕੋਲ ਸਹੀ ਵੀਜ਼ਾ ਨਹੀਂ ਸੀ, ਉਨ੍ਹਾਂ ਦੇ ਵੀਜ਼ਾ ਰੱਦ ਕਰ ਦਿੱਤੇ ਗਏ। 
ਇਸ ਹੁਕਮ ਤੋਂ ਬਾਅਦ ਪ੍ਰਭਾਵਿਤ ਹੋਣ ਵਾਲੇ ਅਧਿਆਪਕਾਂ ਨੇ ਕੈਨੇਡਾ ਦੀ ਸਿੱਖਿਆ ਮੰਤਰਾਲੇ ਦੀ ਵੈੱਬਸਾਈਟ ''ਤੇ ਮਦਦ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਅਪਰਾਧੀਆਂ ਵਾਂਗ ਸਲੂਕ ਕੀਤਾ ਗਿਆ। ਦੱਖਣੀ ਕੋਰੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਹੋਰ ਕੈਨੇਡੀਅਨ ਸਕੂਲਾਂ ''ਤੇ ਵੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵਿਚ ਦੱਖਣੀ ਕੋਰੀਆ ਵਿਚ ਪੜ੍ਹਾਉਣ ਲਈ ਈ-7 ਵੀਜ਼ਾ ਦੀ ਲੋੜ ਹੁੰਦੀ ਹੈ। ਦੱਖਣੀ ਕੋਰੀਆ ਵਿਚ ਅਜਿਹੇ 42 ਸਕੂਲ ਹਨ, ਜੋ ਬੀ. ਸੀ. ਦੇ ਸਿਲੇਬਸ ਪੜ੍ਹਾਉਂਦੇ ਹਨ। 

Kulvinder Mahi

News Editor

Related News