ਪਾਕਿਸਤਾਨ ''ਚ ਪ੍ਰਧਾਨ ਮੰਤਰੀ ਵਿਰੁੱਧ ਲੱਗੇ ''ਗੋ ਨਵਾਜ਼ ਗੋ'' ਦੇ ਨਾਅਰੇ, 5 ਖਿਡਾਰੀ ਗ੍ਰਿਫਤਾਰ

04/23/2017 5:50:15 PM

ਲਾਹੌਰ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਰੁੱਧ ਨਾਅਰੇਬਾਜ਼ੀ ਕਰਨ ਦੇ ਦੋਸ਼ ''ਚ ਦੇਸ਼ ਦੇ 5 ਖਿਡਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਸਾਰੇ ਖਿਡਾਰੀ ਸ਼ਰੀਫ ਵਿਰੁੱਧ ''ਗੋ ਨਵਾਜ਼ ਗੋ'' ਦੇ ਨਾਅਰੇ ਲਾ ਰਹੇ ਸਨ। ਦੱਸਣ ਯੋਗ ਹੈ ਕਿ ਸ਼ਰੀਫ ਦੋ ਦਿਨ ਪਹਿਲਾਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਅਹੁਦੇ ਲਈ ਅਯੋਗ ਕਰਾਰ ਹੋਣ ਤੋਂ ਬਚੇ ਹਨ।
ਸੂਤਰਾਂ ਨੇ ਦੱਸਿਆ ਕਿ ਲਾਹੌਰ ''ਚ ਰੇਲਵੇ ਹੈੱਡਕੁਆਰਟਰ ''ਚ ਰੇਲ ਮੰਤਰੀ ਖਵਾਜਾ ਸਾਦ ਰਫੀਕ ਦੇ ਭਾਸ਼ਣ ਦੌਰਾਨ ਹੀ 5 ਖਿਡਾਰੀਆਂ ''ਗੋ ਨਵਾਜ਼ ਗੋ'' ਦੇ ਨਾਅਰੇ ਲਾਉਣ ਲੱਗੇ। ਸਾਰੇ ਖਿਡਾਰੀਆਂ ਨੂੰ ਰੇਲਵੇ ਪੁਲਸ ਨੇ ਹਿਰਾਸਤ ''ਚ ਲੈ ਲਿਆ। ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਖਿਡਾਰੀਆਂ ਦੇ ਮਾਪਿਆਂ ਵਲੋਂ ਲਿਖਤੀ ਮੁਆਫੀ ਮੰਗਣ ਅਤੇ ਅੱਗੇ ਤੋਂ ਫਿਰ ਅਜਿਹਾ ਨਾ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਛੱਡ ਦਿੱਤਾ। 
ਓਧਰ ਵਿਰੋਧੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਨੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਪਨਾਮਾ ਪੇਪਰਸ ਲੀਕ ਮਾਮਲੇ ''ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਡਰੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪੂਰੇ ਦੇਸ਼ ''ਚੋਂ ''ਗੋ ਨਵਾਜ਼ ਗੋ'' ਦੀਆਂ ਆਵਾਜ਼ ਉਠਣਗੀਆਂ, ਕਿੰਨੇ ਲੋਕਾਂ ਨੂੰ ਜੇਲ ''ਚ ਬੰਦ ਕਰੋਗੇ। 
ਇੱਥੇ ਦੱਸ ਦੇਈਏ ਕਿ ਪਨਾਮਾ ਪੇਪਰਸ ਲੀਕ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ''ਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵਿਦੇਸ਼ਾਂ ''ਚ ਜਾਇਦਾਦ ਮਾਮਲੇ ਦੀ ਜਾਂਚ ਲਈ ਸੰਯੁਕਤ ਜਾਂਚ ਟੀਮ (ਜੇ. ਆਈ. ਟੀ.) ਦੇ ਸਾਹਮਣੇ ਜ਼ਾਹਰ ਹੋਣ ਦਾ ਹੁਕਮ ਦਿੱਤਾ। ਇਸ ਜਾਂਚ ਟੀਮ ਨੂੰ 60 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨੀ ਹੋਵੇਗੀ।

Tanu

News Editor

Related News