6 ਸਾਲਾਂ ਬੱਚੇ ਨੇ ਇੰਝ ਬਚਾਈ ਮਾਂ ਦੀ ਜਾਨ, ਮਿਲਿਆ ਲਾਈਫਸੇਵਿੰਗ ਅਵਾਰਡ

12/12/2017 7:44:00 PM

ਅਲਬਰਟਾ— ਐਡਮਿੰਟਨ ਦੇ 6 ਸਾਲਾਂ ਲੜਕੇ ਨੂੰ ਉਸ ਦੀ ਤਤਕਾਲੀ ਸੋਚ ਤੇ ਤਣਾਅਪੂਰਨ ਸਥਿਤੀ 'ਚ ਸ਼ਾਂਤੀ ਨਾਲ ਕੰਮ ਲੈਣ ਨੂੰ ਲੈ ਕੇ ਸਨਮਾਨਿਤ ਕੀਤਾ ਗਿਆ। ਉਸ ਨੇ ਬਹੁਤ ਹੀ ਤਣਾਅਪੂਰਨ ਸਥਿਤੀ 'ਚ ਸ਼ਾਂਤੀ ਬਣਾਈ ਰੱਖਦਿਆਂ ਆਪਣੀ ਮਾਂ ਦੀ ਜਾਨ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।
ਰੌਨ ਮੇਲ ਨੂੰ ਆਪਣੀ ਮਾਂ ਦੀ ਮਦਦ ਲਈ ਅਲਬਰਟਾ ਹੈਲਥ ਸਰਵਿਸਜ਼ ਦੀ ਐਮਰਜੰਸੀ ਸਰਵਿਸ ਵਲੋਂ ਲਾਈਫਸੇਵਿੰਗ ਅਵਾਰਡ ਦਿੱਤਾ ਗਿਆ ਹੈ। ਰੌਨ ਦੀ ਮਾਂ ਡੈਨਿਸ ਮੇਲ ਨੇ ਕਿਹਾ, ''ਮੈਨੂੰ ਆਪਣੇ ਬੇਟੇ 'ਤੇ ਮਾਣ ਹੈ ਤੇ ਮੈਂ ਨਹੀਂ ਜਾਣਦੀ ਕਿ ਜੇਕਰ ਉਹ ਮੇਰੇ ਕੋਲ ਨਾ ਹੁੰਦਾ ਤਾਂ ਮੇਰਾ ਕੀ ਬਣਦਾ। ਮੈਂ ਬਹੁਤ ਧੰਨਵਾਦੀ ਹਾਂ। ਉਹ ਨਿਸ਼ਚਿਤ ਤੌਰ 'ਤੇ ਮੇਰਾ ਹੀਰੋ ਹੈ।''
ਜਾਣਕਾਰੀ ਮੁਤਾਬਕ ਰੌਨ ਦੀ ਮਾਂ ਡੈਨਿਸ ਡਾਇਬਟੀਜ਼ ਦੀ ਬੀਮਾਰੀ ਨਾਲ ਪੀੜਤ ਹੈ। ਘਟਨਾ 10 ਮਈ ਦੀ ਹੈ, ਜਦੋਂ ਡੈਨਿਸ ਸਵੇਰੇ ਉੱਠੀ ਤਾਂ ਉਸ ਦੀ ਸ਼ੂਗਰ ਅਚਾਨਕ ਬਹੁਤ ਘੱਟ ਗਈ। ਉਹ ਖੁਦ ਨੂੰ ਇੰਨਾਂ ਕਮਜ਼ੋਰ ਮਹਿਸੂਸ ਕਰਨ ਲੱਗੀ ਕਿ ਬੈੱਡ ਤੋਂ ਉੱਠਦਿਆਂ ਹੀ ਉਹ ਅਚਾਨਕ ਫਰਸ਼ 'ਤੇ ਡਿੱਗ ਗਈ। ਰੌਨ ਨੇ ਆਪਣੀ ਮਾਂ ਦੀ ਆਵਾਜ਼ ਸੁਣੀ ਤੇ ਉਹ ਡੈਨਿਸ ਕੋਲ ਪਹੁੰਚਿਆਂ। ਉਸ ਨੇ ਆਪਣੀ ਮਾਂ ਦੇ ਮੂੰਹ 'ਚ ਜੂਸ ਤੇ ਗਰੇਨੋਲਾ ਦੀਆਂ ਬਾਰਾਂ ਪਾਈਆਂ ਤੇ 911 'ਤੇ ਮਦਦ ਲਈ ਫੋਨ ਕੀਤਾ।
ਉਸ ਨਾਲ ਫੋਨ 'ਤੇ ਗੱਲ ਕਰਨ ਵਾਲੀ ਐਮਰਜੰਸੀ ਸੰਚਾਰ ਅਧਿਕਾਰੀ ਮੋਨਿਕਾ ਗ੍ਰੇਲਾ ਨੇ ਕਿਹਾ ਕਿ ਰੌਨ ਬਹੁਤ ਸ਼ਾਂਤ ਸੀ ਤੇ ਉਸ ਨੇ ਸਾਰੇ ਪ੍ਰਸ਼ਨਾਂ ਦਾ ਜਵਾਬ ਦਿੱਤਾ, ਜੋ ਕਿ ਉਸ ਤੋਂ ਪੁੱਛੇ ਗਏ। ਅਧਿਕਾਰੀ ਨੇ ਮਦਦ ਪਹੁੰਚਣ ਤੱਕ ਉਸ ਨੂੰ ਫੋਨ 'ਤੇ ਰਹਿਣ ਲਈ ਕਿਹਾ। ਅਧਿਕਾਰੀ ਨੇ ਕਿਹਾ ਕਿ ਰੌਨ ਸਾਡੇ ਲਈ ਇਕ ਮਿਸਾਲ ਹੈ। ਸਾਨੂੰ ਅਜਿਹੀਆਂ ਪਰੀਸਥਿਤੀਆਂ 'ਚ ਸ਼ਾਂਤ ਰਹਿਣ ਦੀ ਲੋੜ ਹੁੰਦੀ ਹੈ ਪਰ ਬੱਚਿਆਂ ਦੇ ਮਾਮਲੇ 'ਚ ਅਜਿਹਾ ਬਹੁਤ ਘੱਟ ਦੇਖਿਆ ਜਾਂਦਾ ਹੈ।
ਇਸ 'ਤੇ ਰੌਨ ਨੇ ਕਿਹਾ ਕਿ ਉਹ ਆਪਣੀ ਮਾਂ ਦੀ ਮਦਦ ਕਰਕੇ ਬਹੁਤ ਖੁਸ਼ ਹੈ ਕਿਉਂਕਿ ਸਾਰਿਆਂ ਨੂੰ ਆਪਣੇ ਪਰਿਵਾਰ ਦੀ ਦੇਖਭਾਲ ਕਰਨੀ ਸਿੱਖਣੀ ਚਾਹੀਦੀ ਹੈ। ਰੌਨ ਨੇ ਕਿਹਾ ਕਿ ਉਹ ਅਜਿਹਾ ਸਿਰਫ ਆਪਣੇ ਪਿਤਾ ਕਾਰਨ ਹੀ ਕਰ ਸਕਿਆ ਹੈ। ਉਸ ਦੇ ਪਿਤਾ ਨੇ ਹੀ ਉਸ ਨੂੰ ਇਹ ਸਭ ਸਿਖਾਇਆ ਹੈ। ਰੌਨ ਦੀ ਮਾਂ ਨੇ ਕਿਹਾ ਕਿ ਉਸ ਨੂੰ ਪਿਛਲੇ 30 ਸਾਲਾਂ ਤੋਂ ਡਾਇਬਟੀਜ਼ ਹੈ। ਉਨ੍ਹਾਂ ਨੇ ਰੌਨ ਨੂੰ ਹਮੇਸ਼ਾ ਇਹ ਹੀ ਸਿਖਾਇਆ ਹੈ ਕਿ ਅਜਿਹੇ ਗੰਭੀਰ ਹਾਲਾਤਾਂ 'ਚ ਕੀ ਕਰਨਾ ਚਾਹੀਦਾ ਹੈ।


Related News