ਇਟਲੀ 'ਚ ਗੈਰ-ਕਾਨੂੰਨੀ ਵਿਦੇਸ਼ੀਆਂ ਨਾਲ ਹਜ਼ਾਰਾਂ ਯੂਰੋ ਦੀ ਠੱਗੀ ਕਰਨ ਵਾਲੇ 6 ਪੁਲਸ ਅਧਿਕਾਰੀ ਸਲਾਖਾਂ ਪਿੱਛੇ

11/29/2017 3:43:32 PM

ਰੋਮ, (ਦਲਵੀਰ ਕੈਂਥ)— ਇਟਲੀ ਵਿੱਚ ਏਜੰਟਾਂ ਵੱਲੋਂ ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ ਇਟਲੀ ਦੇ ਪੇਪਰ ਦੁਆਉਣ ਦਾ ਲਾਰਾ ਲਾ ਕੇ ਲੁੱਟਣ ਦੀਆਂ ਵਾਰਦਾਤਾਂ ਤਾਂ ਅਕਸਰ ਹੀ ਘਟਦੀਆਂ ਰਹਿੰਦੀਆਂ ਹਨ ਪਰ ਮਿਲਾਨ ਵਿਖੇ ਇਮੀਗ੍ਰਾਂਟ ਦਫ਼ਤਰ ਦੇ 6 ਪੁਲਸ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਨਾਲ ਵਿਦੇਸ਼ੀਆਂ ਦੇ ਨਾਲ-ਨਾਲ ਇਟਾਲੀਅਨ ਲੋਕਾਂ ਦੇ ਵੀ ਮੂੰਹ ਅੱਡੇ ਰਹਿ ਗਏ ਹਨ। ਪ੍ਰੈੱਸ ਨੂੰ ਇਸ ਸਬੰਧੀ  ਜਾਣਕਾਰੀ ਦਿੰਦਿਆਂ ਸਤਰਨੇਰੀ ਇਨ ਇਟਾਲੀਆ ਦੀ ਨੁਮਾਇੰਦੀ ਬੀਬੀ ਵਰਿੰਦਰਪਾਲ ਕੌਰ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਉੱਤੇ ਵਿਦੇਸ਼ੀਆਂ ਕੋਲੋਂ ਹਜ਼ਾਰਾਂ ਯੂਰੋ ਦੀ ਰਕਮ ਲੈ ਕੇ ਗੈਰ-ਕਾਨੂੰਨੀ ਤਰੀਕੇ ਨਾਲ ਨਿਵਾਸ ਆਗਿਆ ਜਾਰੀ ਕਰਵਾ ਕੇ ਦੇਣ ਦੇ ਦੋਸ਼ ਹਨ।
ਇਨ੍ਹਾਂ ਅਧਿਕਾਰੀਆਂ ਖਿਲਾਫ ਗੁਪਤ ਸੂਚਨਾਵਾਂ ਮਿਲਣ ਦੇ ਅਧਾਰ 'ਤੇ ਚੰਗੀ ਤਰ੍ਹਾਂ ਇਨ੍ਹਾਂ ਦੇ ਕੰਪਿਊਟਰ ਸਿਸਟਮ ਅਤੇ ਕਾਗਜੀ ਜਾਂਚ ਪੜਤਾਲ ਕੀਤੀ ਗਈ। ਇਸ ਜਾਂਚ ਦੇ ਅਧਾਰ 'ਤੇ 4 ਅਧਿਕਾਰੀਆਂ ਨੂੰ ਕੰਮ ਦੌਰਾਨ ਧੋਖਾਧੜੀ ਕਰਨ ਦੇ ਦੋਸ਼ੀ ਪਾਇਆ ਗਿਆ, ਜਦ ਕਿ ਬਾਕੀ 2 ਅਧਿਕਾਰੀਆਂ ਦੀ ਜਾਂਚ ਪੜਤਾਲ ਅਜੇ ਜਾਰੀ ਹੈ। ਦੋਸ਼ੀ ਪਾਏ ਗਏ 4 ਅਧਿਕਾਰੀਆਂ ਨੂੰ ਪੁਲਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ।  ਜਾਂਚ ਅਧੀਨ 2 ਪੁਲਸ ਅਧਿਕਾਰੀਆਂ ਨੂੰ ਅਜੇ ਸਿਰਫ ਘਰ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ।
ਇਨ੍ਹਾਂ ਅਧਿਕਾਰੀਆਂ ਵਿਚੋਂ ਇਕ ਅਧਿਕਾਰੀ ਦੀ ਪਤਨੀ ਦੇ ਨਾਮ 'ਤੇ ਇਕ ਮਹਿੰਗੇ ਇਲਾਕੇ ਵਿਚ ਵਿਲਾ ਖ੍ਰੀਦਿਆ ਗਿਆ ਸੀ, ਜਿਸ ਨੂੰ ਸਰਕਾਰੀ ਤੌਰ 'ਤੇ ਜ਼ਬਤ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਕ ਅਧਿਕਾਰੀ ਨੂੰ ਇਕ ਸਾਲ ਲਈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ, ਬਾਕੀਆਂ ਖਿਲਾਫ ਅਦਾਲਤ ਵੱਲੋਂ ਅਜੇ ਸਜ਼ਾ ਨਿਰਧਾਰਤ ਕੀਤੀ ਜਾਣੀ ਬਾਕੀ ਹੈ। ਕੁਝ ਗੁਪਤ ਜਾਣਕਾਰੀਆਂ ਦੇ ਅਧਾਰ 'ਤੇ 2013 ਵਿਚ ਇਹ ਜਾਂਚ ਸ਼ੁਰੂ ਹੋਈ ਸੀ, ਉਸ ਸਮੇਂ ਇਕ ਹੋਰ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।


Related News