ਇਸ ਸਿੱਖ ਜੋੜੇ ਨੂੰ ਕਿਹਾ ਗਿਆ— ''ਗੋਰਾ ਬੱਚਾ'' ਨਹੀਂ ਲੈ ਸਕਦੇ ਗੋਦ, ਪੜ੍ਹੋ ਪੂਰਾ ਮਾਮਲਾ

06/27/2017 6:44:39 PM

ਲੰਡਨ— ਬ੍ਰਿਟੇਨ 'ਚ ਰਹਿਣ ਵਾਲਾ ਸਿੱਖ ਜੋੜਾ ਇਕ ਬੱਚਾ ਗੋਦ ਲੈਣਾ ਚਾਹੁੰਦਾ ਹੈ ਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ 'ਗੋਰੇ ਬੱਚੇ' ਨੂੰ ਗੋਦ ਨਹੀਂ ਲੈ ਸਕਦੇ, ਕਿਉਂਕਿ ਇਹ ਉਨ੍ਹਾਂ ਦੀ ਸੱਭਿਆਚਾਰਕ ਵਿਰਾਸਤ ਹੈ। ਇਸ ਦੇ ਨਾਲ ਹੀ ਇਸ ਸਿੱਖ ਜੋੜੇ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਜੇਕਰ ਉਹ ਬੱਚਾ ਗੋਦ ਲੈਣਾ ਚਾਹੁੰਦੇ ਹਨ ਤਾਂ ਭਾਰਤ ਜਾਣ। ਇੰਗਲੈਂਡ ਦੇ ਬਰਕਸ਼ਾਇਰ 'ਚ ਰਹਿਣ ਵਾਲਾ ਸਿੱਖ ਜੋੜਾ ਸੰਦੀਪ ਅਤੇ ਰੀਨਾ ਮਾਂਦਰ ਨੇ ਕਿਹਾ ਕਿ ਉਨ੍ਹਾਂ ਨੇ ਬਰਕਸ਼ਾਇਰ ਅਡਾਪਸ਼ਨ (ਗੋਦ ਦੇਣ ਵਾਲੀ) ਏਜੰਸੀ ਨੂੰ ਦੱਸਿਆ ਸੀ ਕਿ ਉਹ ਕਿਸੇ ਵੀ ਜਾਤੀ ਦੇ ਬੱਚੇ ਨੂੰ ਗੋਦ ਲੈ ਕੇ ਬਹੁਤ ਖੁਸ਼ ਹੋਣਗੇ।  ਮਾਤਾ-ਪਿਤਾ ਲਈ ਯੋਗ ਹੋਣ ਦੇ ਬਾਵਜੂਦ ਜੋੜੇ ਦਾ ਦਾਅਵਾ ਹੈ ਕਿ ਏਜੰਸੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਬੇਨਤੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇੱਥੇ ਸਿਰਫ ਗੋਰੇ ਬੱਚੇ ਹੀ ਮੌਜੂਦ ਹਨ। 
ਏਜੰਸੀ ਨੇ ਕਿਹਾ ਕਿ ਗੋਰੇ ਬ੍ਰਿਟਿਸ਼ ਜਾਂ ਯੂਰਪੀਅਨ ਮਾਤਾ-ਪਿਤਾ ਨੂੰ ਹੀ ਇਹ ਤਰਜ਼ੀਹ ਦਿੱਤੀ ਜਾਵੇਗੀ। ਇਸ ਲਈ ਹੁਣ ਇਸ ਜੋੜੇ ਨੇ ਸੇਵਾਵਾਂ ਦੀ ਵਿਵਸਥਾ 'ਚ ਭੇਦਭਾਵ ਦਾ ਦੋਸ਼ ਲਗਾਉਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਜੋੜੇ ਦੇ ਕੇਸ ਨੂੰ ਸਮਾਨਤਾ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਸਮਰਥਨ ਪ੍ਰਾਪਤ ਹੈ। ਇਸ ਪੂਰੇ ਵਿਵਾਦ 'ਤੇ ਐਡਾਪਟ ਬਰਕਸ਼ਾਇਰ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। 
ਦੱਸਣ ਯੋਗ ਹੈ ਕਿ ਸੰਦੀਪ ਅਤੇ ਰੀਨਾ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਮਾਤਾ-ਪਿਤਾ ਨਹੀਂ ਬਣ ਸਕੇ ਹਨ। ਜੋੜੇ ਨੇ ਆਈ. ਵੀ. ਐੱਫ. ਤਕਨੀਕ ਦਾ ਵੀ ਸਹਾਰਾ ਲਿਆ ਪਰ ਔਲਾਦ ਦਾ ਸੁੱਖ ਨਹੀਂ ਮਿਲ ਸਕਿਆ। ਅਜਿਹੇ ਵਿਚ ਦੋਹਾਂ ਨੇ ਬੱਚੇ ਨੂੰ ਗੋਦ ਲੈਣ ਦਾ ਫੈਸਲਾ ਲਿਆ। ਸੰਦੀਪ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸੱਭਿਆਚਾਰਕ ਵਿਰਾਸਤ ਦੇ ਆਧਾਰ 'ਤੇ ਉਨ੍ਹਾਂ ਨੂੰ ਬੱਚਾ ਗੋਦ ਲੈਣ ਲਈ ਬੇਨਤੀ ਵੀ ਨਹੀਂ ਕਰਨ ਦਿੱਤੀ ਜਾਵੇਗੀ। 


Related News