ਇਸ ਦੇਸ਼ 'ਚ ਪਾਲਤੂ ਜਾਨਵਰ ਦੇ ਬੀਮਾਰ ਹੋਣ 'ਤੇ ਮਿਲੇਗੀ ਛੁੱਟੀ

10/12/2017 4:21:10 PM

ਰੋਮ (ਬਿਊਰੋ)— ਅਕਸਰ ਜਦੋਂ ਪਰਿਵਾਰ ਦਾ ਕੋਈ ਮੈਂਬਰ ਬੀਮਾਰ ਪੈ ਜਾਂਦਾ ਹੈ ਤਾਂ ਦਫਤਰ ਵਿਚ ਕੰਮ ਕਰਦੇ ਵਿਅਕਤੀ ਨੂੰ ਆਰਾਮ ਨਾਲ ਛੁੱਟੀ ਮਿਲ ਜਾਂਦੀ ਹੈ ਪਰ ਜੇ ਕਿਤੇ ਤੁਹਾਡਾ ਪਾਲਤੂ ਜਾਨਵਰ ਬੀਮਾਰ ਪੈ ਜਾਵੇ ਤਾਂ ਉਸ ਲਈ ਤੁਹਾਨੂੰ ਛੁੱਟੀ ਮਿਲੇ ਨਾ ਮਿਲੇ ਪਰ ਤੁਹਾਡੇ ਪੈਸੇ ਕੱਟੇ ਜਾਣ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ। ਇਸੇ ਤਰ੍ਹਾਂ ਦਾ ਇਕ ਮਾਮਲਾ ਇਟਲੀ ਦਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਦਫਤਰ ਤੋਂ ਦੋ ਦਿਨ ਦੀ ਛੁੱਟੀ ਲਈ ਸੀ ਕਿਉਂਕਿ ਉਸ ਦਾ ਕੁੱਤਾ ਬੀਮਾਰ ਪੈ ਗਿਆ ਸੀ, ਜਿਸ ਕਾਰਨ ਦਫਤਰ ਵੱਲੋਂ ਉਸ ਦੀ ਦੋ ਦਿਨ ਦੀ ਤਨਖਾਹ ਕੱਟ ਲਈ ਗਈ।
ਇਸ ਮਗਰੋਂ ਔਰਤ ਨੇ ਦਫਤਰ ਦੇ ਇਸ ਫੈਸਲੇ ਵਿਰੁੱਧ ਕੇਸ ਫਾਈਲ ਕਰ ਦਿੱਤਾ, ਜਿਸ ਦਾ ਫੈਸਲਾ ਆ ਚੁੱਕਾ ਹੈ। ਇਟਾਲੀਅਨ ਅਦਾਲਤ ਨੇ ਔਰਤ ਦੇ ਪੱਖ ਵਿਚ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ,'ਬੀਮਾਰ ਪਸ਼ੂ ਨੂੰ ਮਰਨ ਲਈ ਛੱਡ ਦੇਣਾ ਅਪਰਾਧ ਤੋਂ ਘੱਟ ਨਹੀਂ ਹੈ।'' ਯੂਨੀਵਰਸਿਟੀ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਔਰਤ ਨੂੰ ਦੋ ਦਿਨ ਦੀ ਤਨਖਾਹ ਦਾ ਜਲਦੀ ਭੁਗਤਾਨ ਕਰੇ।
ਅਦਾਲਤ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਪਾਲਤੂ ਜਾਨਵਰਾਂ ਦੀਆਂ ਸਮੱਸਿਆਵਾਂ ਨੂੰ ਵੀ ਨਿੱਜੀ ਸਮੱਸਿਆਵਾਂ ਵਿਚ ਕਾਊਂਟ ਕਰਨਾ ਚਾਹੀਦਾ ਹੈ। ਬਹਿਸ ਸਮੇਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਇਟਲੀ ਪੈਨਲ ਕੋਰਟ ਮੁਤਾਬਕ ਜੇ ਕਈ ਜਾਨਵਰ ਨੂੰ ਗੰਭੀਰ ਅਵਸਥਾ ਵਿਚ ਛੱਡ ਦਿੰਦਾ ਹੈ ਤਾਂ ਉਸ ਨੂੰ ਇਕ ਸਾਲ ਦੀ ਸਜ਼ਾ ਜਾਂ 10000 ਡਾਲਰ ਦਾ ਭੁਗਤਾਨ ਕਰਨ ਦਾ ਨਿਯਮ ਹੈ। ਇਸ 'ਤੇ ਐੱਲ. ਏ. ਬੀ. ਪ੍ਰੈਜ਼ੀਡੈਂਟ ਨੇ ਕਿਹਾ ਕਿ ਜਾਨਵਰ ਸਿਰਫ ਵਿੱਤੀ ਮਦਦ ਲਈ ਹੀ ਨਹੀਂ ਹੁੰਦੇ ਬਲਕਿ ਉਹ ਇਕ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਹੀ ਹੁੰਦੇ ਹਨ।
ਔਰਤ ਯੂਨੀਵਰਸਿਟੀ ਵਿਚ ਕਰਮਚਾਰੀ ਦੇ ਤੌਰ 'ਤੇ ਕੰਮ ਕਰਦੀ ਹੈ। ਔਰਤ ਨੇ ਬੀਮਾਰ ਕੁੱਤੇ ਦਾ ਹਵਾਲਾ ਦੇ ਕੇ ਦੋ ਦਿਨ ਦੀ ਛੁੱਟੀ ਲਈ ਸੀ। ਔਰਤ ਨੇ ਇਹ ਕੇਸ ਇਟਾਲੀਅਨ ਐਂਟੀ ਵਿਵਿਸੈਕਸ਼ਨ ਲੀਗ (ਐੱਲ. ਏ. ਬੀ.) ਦੇ ਇਕ ਵਕੀਲ ਦੀ ਮਦਦ ਨਾਲ ਜਿੱਤ ਲਿਆ। ਯੂਰਪ ਵਿਚ ਜਾਨਵਰਾਂ ਦੇ ਰਾਈਟਸ ਲਈ ਇਹ ਸਭ ਤੋਂ ਵੱਡਾ ਗਰੁੱਪ ਹੈ।


Related News