ਆਪਣੇ ਦੇਸ਼ ਪਰਤਣ ਦੀ ਆਸ ਰਹਿ ਗਈ ਅਧੂਰੀ, ਪਾਕਿਸਤਾਨੀ ਅਬਦੁੱਲ ਨੇ ਫਰੋਲਿਆ ਦਿਲ ਦਾ ਦਰਦ

08/14/2017 4:37:06 PM

ਢਾਕਾ— 70 ਸਾਲ ਪਹਿਲਾਂ ਹੋਈ ਵੰਡ ਵਿਚ ਪੂਰਬੀ ਪਾਕਿਸਤਾਨ ਹੋਂਦ ਵਿਚ ਆਇਆ ਸੀ। ਪਾਕਿਸਤਾਨ ਦਾ ਇਹ ਹਿੱਸਾ ਅੱਗੇ ਚੱਲ ਕੇ ਬੰਗਲਾਦੇਸ਼ ਬਣਿਆ। ਇਸ ਵੰਡ ਵਿਚ ਉਰਦੂ ਬੋਲਣ ਵਾਲੇ ਕਈ ਮੁਸਲਮਾਨ ਭਾਰਤ ਛੱਡ ਕੇ ਪੂਰਬੀ ਪਾਕਿਸਤਾਨ ਚਲੇ ਗਏ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮੁਸਲਮਾਨ ਬਿਹਾਰ ਦੇ ਸਨ ਅਤੇ ਬੰਗਲਾਦੇਸ਼ ਵਿਚ ਸਥਾਨਕ ਲੋਕ ਉਨ੍ਹਾਂ ਨੂੰ ਬਿਹਾਰੀ ਕਹਿ ਕੇ ਬੁਲਾਉਂਦੇ ਹਨ। ਇਨ੍ਹਾਂ ਬਿਹਾਰੀ ਮੁਸਲਮਾਨਾਂ ਨੇ ਪਾਕਿਸਤਾਨ ਦਾ ਨਾਗਰਿਕ ਬਣਨ ਦੀ ਇੱਛਾ ਨਾਲ ਭਾਰਤ ਛੱਡਿਆ ਸੀ ਪਰ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਨਾ ਹੋ ਸਕਿਆ। 
ਇਨ੍ਹਾਂ ਬਿਹਾਰੀ ਮੁਸਲਮਾਨਾਂ ਵਿਚੋਂ ਅਬਦੁੱਲ ਕਿਊਮ ਖਾਨ ਵੀ ਇਕ ਹਨ। ਵੰਡ ਮਗਰੋਂ ਆਪਣੇ 7 ਭਰਾਵਾਂ ਨਾਲ ਅਬਦੁੱਲ ਕਿਊਮ ਨੇ ਜਿਸ ਉਦੇਸ਼ ਨਾਲ ਪੂਰਬੀ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ ਉਹ ਕਦੇ ਪੂਰਾ ਨਹੀਂ ਹੋ  ਸਕਿਆ। ਅੱਜ-ਕਲ੍ਹ ਉਹ ਬੰਗਲਾਦੇਸ਼ ਦੇ ਸੈਯਦਪੁਰ ਇਲਾਕੇ ਵਿਚ ਰਹਿੰਦੇ ਹਨ। ਅਬਦੁੱਲ ਕਿਊਮ ਖਾਨ ਦੱਸਦੇ ਹਨ,''ਉਨ੍ਹਾਂ ਦੇ ਇਸ ਫੈਸਲੇ ਪਿੱਛੇ ਉਸ ਸਮੇਂ ਬਿਹਾਰ ਵਿਚ ਹੋਣ ਵਾਲਾ ਹਿੰਦੂ-ਮੁਸਲਮਾਨ ਦੰਗਾ ਵੱਡਾ ਕਾਰਨ ਸੀ। ਇਸ ਦੇ ਇਲਾਵਾ ਭਾਸ਼ਾ ਅਤੇ ਧਰਮ ਦੋ ਹੋਰ ਕਾਰਨ ਸਨ।'' 
ਉਨ੍ਹਾਂ ਨੇ ਦੱਸਿਆ,''ਭਾਰਤ ਹਿੰਦੂਆਂ ਦਾ ਦੇਸ਼ ਹੈ। ਪਾਕਿਸਤਾਨ ਸਾਡਾ ਦੇਸ਼ ਸੀ ਇਸ ਲਈ ਅਸੀਂ ਆਪਣੇ ਦੇਸ਼ ਜਾਣਾ ਚਾਹੁੰਦੇ ਸੀ।'' ਉਨ੍ਹਾਂ ਨੇ ਕਿਹਾ ਮੇਰੇ ਭਰਾਵਾਂ ਦੀ ਵੀ ਇਹੀ ਇੱਛਾ ਸੀ ਕਿ ਉਹ ਪਾਕਿਸਤਾਨ ਦੇ ਨਾਗਰਿਕ ਬਣਨਾ ਚਾਹੁੰਦੇ ਸਨ। ਅਬਦੁੱਲ ਕਿਊਮ ਨੇ ਦੱਸਿਆ,''ਪਾਕਿਸਤਾਨ ਜਾਣ ਦੀ ਇੱਛਾ ਵਿਚ ਅਸੀਂ ਇੰਟਰਨੈਸ਼ਨਲ ਰੈੱਡ ਕ੍ਰਾਸ ਸੋਸਾਇਟੀ ਦੇ ਕੈਂਪ ਵਿਚ ਰਹੇ ਪਰ ਅਸੀਂ ਅੱਜ ਤੱਕ ਪਾਕਿਸਤਾਨ ਨਹੀਂ ਜਾ ਸਕੇ।'' ਉਨ੍ਹਾਂ ਮੁਤਾਬਕ ਪਾਕਿਸਤਾਨੀ ਸਰਕਾਰ ਨੂੰ ਉਨ੍ਹਾਂ ਦਾ ਆਉਣਾ ਪਸੰਦ ਨਹੀਂ ਆਇਆ ਅਤੇ ਫੇਰ ਕਦੇ ਪਰਤ ਕੇ ਉਹ ਬਿਹਾਰ ਵੀ ਨਹੀਂ ਜਾ ਸਕੇ। ਸਾਲ 2009 ਵਿਚ ਬੰਗਲਾਦੇਸ਼ ਦੀ ਸਰਕਾਰ ਨੇ ਉਰਦੂ ਬੋਲਣ ਵਾਲੇ ਨਾਗਰਿਕਾਂ ਨੂੰ ਵੱਖਰੇ ਪਛਾਣ-ਪੱਤਰ ਜਾਰੀ ਕੀਤੇ।
ਪੱਤਰਕਾਰ ਨੇ ਅਬਦੁੱਲ ਨੂੰ ਪੁੱਛਿਆ ਕਿ ਕੀ ਉਹ ਅੱਜ ਵੀ ਪਾਕਿਸਤਾਨ ਜਾਣਾ ਚਾਹੁੰਦੇ ਹਨ?
ਜਵਾਬ ਵਿਚ ਉਨ੍ਹਾਂ ਨੇ ਕਿਹਾ,''ਸਾਡਾ ਦਿਲ ਟੁੱਟ ਚੁੱਕਿਆ ਹੈ। ਅਸੀਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਹਜ਼ਾਰਾਂ ਵਾਰ ਕੀਤੀ ਪਰ ਪਾਕਿਸਤਾਨ ਸਾਡਾ ਜ਼ਿਕਰ ਤੱਕ ਨਹੀਂ ਕਰਦਾ। ਅਸੀਂ ਹੁਣ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ। ਉੱਥੇ ਬੰਬ ਧਮਾਕੇ ਹੁੰਦੇ ਹਨ, ਜਿਸ ਵਿਚ ਰੋਜ਼ਾਨਾ ਲੱਖਾਂ ਲੋਕ ਮਰਦੇ ਹਨ। ਇੱਥੇ ਅਜਿਹੇ ਹਾਲਾਤ ਨਹੀਂ ਹਨ। ਇੱਥੇ ਮੇਰੇ ਕੋਲ ਜ਼ਿੰਦਗੀ ਜਿਉਣ ਲਈ ਸਭ ਕੁਝ ਹੈ।''


Related News