ਟਰੰਪ ਸੀਨੀਅਰ ਅਧਿਕਾਰੀਆਂ ਨਾਲ ਕਰਨਗੇ ਦੱਖਣੀ ਏਸ਼ੀਆ ਕੂਟਨੀਤੀ ''ਤੇ ਵਿਚਾਰ ਵਟਾਂਦਰਾ

08/17/2017 4:55:50 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਰਾਸ਼ਟਰੀ ਸੁਰੱਖਿਆ ਦਲ ਨਾਲ ਦੱਖਣੀ ਏਸ਼ੀਆ ਵਿਚ ਅਮਰੀਕੀ ਕੂਟਨੀਤੀ 'ਤੇ ਵਿਚਾਰ ਵਟਾਂਦਰਾ ਕਰਨਗੇ, ਜਿਸ ਵਿਚ ਲੰਬੇ ਸਮੇਂ ਤੋਂ ਚੱਲੇ ਆ ਰਹੇ ਅਫਗਾਨਿਸਤਾਨ ਸੰਘਰਸ਼ ਨੂੰ ਖਤਮ ਕਰਨ ਲਈ ਨਵੀਂ ਖੇਤਰੀ ਨੀਤੀ ਨਿਰਮਾਣ ਦੀ ਚਰਚਾ ਵੀ ਸ਼ਾਮਲ ਹੈ। ਇਸ ਵਿਚ ਭਾਰਤ ਅਤੇ ਪਾਕਿਸਤਾਨ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਟਰੰਪ ਵਾਸ਼ਿੰਗਟਨ ਡੀ. ਸੀ. ਤੋਂ ਕਰੀਬ 100 ਕਿਲੋਮੀਟਰ ਦੂਰ ਮੇਰੀਲੈਂਡ ਵਿਚ ਕੈਂਪ ਡੇਵਿਡ ਵਿਚ ਦਲ ਨਾਲ ਮੁਲਾਕਾਤ ਕਰਨਗੇ। 
ਵਾਈਟ ਹਾਊਸ ਨੇ ਜਾਣਕਾਰੀ ਦਿੱਤੀ ਕਿ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਾਕਾਰ ਲੈਫਟੀਨੈਂਟ ਜਨਰਲ ਐੱਚ. ਆਰ. ਮੈਕ ਮਾਸਟਰ ਵੀ ਬੈਠਕ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਵਿਚੋਂ ਇਕ ਹਨ। ਰਾਸ਼ਟਰਪਤੀ ਦਫਤਰ ਨੇ ਕਿਹਾ,''ਰਾਸ਼ਟਰਪਤੀ, ਉੱਪ-ਰਾਸ਼ਟਰਪਤੀ ਨਾਲ ਸ਼ੁੱਕਰਵਾਰ ਨੂੰ ਕੈਂਪ ਡੇਵਿਡ ਵਿਚ ਰਾਸ਼ਟਰੀ ਸੁਰੱਖਿਆ ਦਲ ਨਾਲ ਦੱਖਣੀ ਏਸ਼ੀਆ ਕੂਟਨੀਤੀ 'ਤੇ ਚਰਚਾ ਕਰਨਗੇ।'' 
ਦੱਖਣੀ ਏਸ਼ੀਆ ਕੂਟਨੀਤੀ ਦਾ ਮਤਲਬ ਮੁੱਢਲੇ ਤੌਰ 'ਤੇ ਅਫਗਾਨਿਸਤਾਨੀ ਨੀਤੀ ਨਾਲ ਹੈ ਪਰ ਟਰੰਪ ਪ੍ਰਸ਼ਾਸਨ ਦਾ ਮਨਣਾ ਹੈ ਕਿ ਯੁੱਧ ਪ੍ਰਭਾਵਿਤ ਦੇਸ਼ ਨੂੰ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਵਾਉਣ ਲਈ ਖੇਤਰੀ ਦ੍ਰਿਸ਼ਟੀਕੋਣ ਦੀ ਲੋੜ ਹੈ। ਬੀਤੇ ਕੁਝ ਹਫਤਿਆਂ ਤੋਂ ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਕਹਿ ਰਹੇ ਹਨ ਕਿ ਅਫਗਾਨਿਸਤਾਨ ਲਈ ਖੇਤਰੀ ਪਹੁੰਚ ਦਾ ਮਤਲਬ ਭਾਰਤ ਅਤੇ ਪਾਕਿਸਤਾਨ ਦੋਹਾਂ ਨੂੰ ਸ਼ਾਮਲ ਕਰਨਾ ਹੈ। ਹਾਲਾਂਕਿ ਅਧਿਕਾਰੀਆਂ ਨੇ ਇਸ ਗੱਲ 'ਤੇ ਚੁੱਪੀ ਧਾਰਨ ਕੀਤੀ ਹੋਈ ਹੈ ਕਿ ਭਾਰਤ ਲਈ ਇਸ ਦਾ ਮਤਲਬ ਕੀ ਹੈ। ਇਹ ਦੇਖਦੇ ਹੋਏ ਪਾਕਿਸਤਾਨ, ਅਫਗਾਨਿਸਤਾਨ ਵਿਚ ਭਾਰਤ ਦੀ ਕਿਸੇ ਵੀ ਭੂਮਿਕਾ ਵਿਰੁੱਧ ਹੈ। ਬੁਸ਼ ਪ੍ਰਸ਼ਾਸਨ ਦੌਰਾਨ ਅਤੇ ਓਬਾਮਾ ਪ੍ਰਸ਼ਾਸਨ ਦੇ ਸ਼ੁਰੂਆਤੀ ਸਾਲਾਂ ਵਿਚ ਪਾਕਿਸਤਾਨ, ਅਫਗਾਨਿਸਤਾਨ 'ਤੇ ਕਿਸੇ ਵੀ ਪ੍ਰਮੁੱਖ ਕੂਟਨੀਤਕ ਸੰਮੇਲਨ ਵਿਚ ਭਾਰਤ ਨੂੰ ਬਾਹਰ ਰੱਖਣ ਵਿਚ ਸਫਲ ਰਿਹਾ ਹੈ।


Related News