ਉੱਤਰੀ ਕੋਰੀਆ ਦੇ 6 ਮਛੇਰਿਆਂ ਨੂੰ ਵਾਪਸ ਭੇਜੇਗਾ ਜਾਪਾਨ

12/12/2017 4:56:56 PM

ਟੋਕਿਓ (ਬਿਊਰੋ)— ਇਕ ਇਮੀਗਰੇਸ਼ਨ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਕਿ ਉੱਤਰੀ ਜਾਪਾਨ ਵਿਚ ਸਮੁੰਦਰ ਤੋਂ ਮਿਲੀ ਇਕ ਖਸਤਾ ਹਾਲਤ ਕਿਸ਼ਤੀ ਤੋਂ ਬਚਾਏ ਗਏ ਉੱਤਰੀ ਕੋਰੀਆ ਦੇ 10 ਵਿਚੋਂ 6 ਮਛੇਰਿਆਂ ਨੂੰ ਉਨ੍ਹਾਂ ਦੇ ਦੇਸ਼ ਵਾਪਿਸ ਭੇਜਿਆ ਜਾਵੇਗਾ। ਕਿਸ਼ਤੀ ਵਿਚ ਸਵਾਰ ਲੋਕਾਂ ਵਿਚੋਂ ਤਿੰਨ ਨੂੰ ਚੋਰੀ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਜਾਪਾਨ ਤੋਂ ਦੂਰ ਸਥਿਤ ਟਾਪੂ ਤੋਂ ਇਲੈਕਟ੍ਰੋਨਿਕ ਉਤਪਾਦ ਚੋਰੀ ਕਰਨ ਦੀ ਗੱਲ ਮੰਨੀ ਸੀ। ਉਨ੍ਹਾਂ ਨੇ ਚੋਰੀ ਉਦੋਂ ਕੀਤੀ ਸੀ, ਜਦੋਂ ਉਨ੍ਹਾਂ ਨੂੰ ਕੁਝ ਦੇਰ ਲਈ ਆਪਣੀ ਕਿਸ਼ਤੀ ਨੂੰ ਉੱਥੇ ਰੋਕਿਆ ਸੀ। ਸ਼ੱਕ ਹੈ ਕਿ ਉਨ੍ਹਾਂ ਨੇ ਫਰਿੱਜ, ਟੀ. ਵੀ. ਸੈੱਟ ਆਦਿ ਇੱਥੋਂ ਤੱਕ ਕਿ ਦਰਵਾਜੇ ਦੇ ਹੈਂਡਲ ਵੀ ਚੋਰੀ ਕੀਤੇ। 
ਉਨ੍ਹਾਂ ਦੀ ਟੁੱਟੀ ਹੋਈ ਕਿਸ਼ਤੀ ਹੋਕਾਇਦੋ ਟਾਪੂ ਨੇੜੇ ਜਲ ਖੇਤਰ ਵਿਚ ਆ ਗਈ ਸੀ, ਜਿਸ ਬਾਰੇ ਤਟ ਰੱਖਿਅਕਾਂ ਨੂੰ ਪਤਾ ਚੱਲਿਆ। ਇਸ ਵਿਚ 10 ਲੋਕ ਸਵਾਰ ਸਨ। ਇਮੀਗਰੇਸ਼ਨ ਅਧਿਕਾਰੀ ਕੋਈਚੀ ਤਾਨਾਕਾ ਨੇ ਕੱਲ ਏ. ਐੱਫ. ਪੀ. ਨੂੰ ਦੱਸਿਆ ਕਿ ਹੋਕਕਾਇਦੋ ਸਥਿਤ ਇਮੀਗਰੇਸ਼ਨ ਦਫਤਰ ਨੇ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਵਿਚੋਂ ਇਕ ਵਿਅਕਤੀ ਪੇਟ ਸੰਬੰਧੀ ਤਕਲੀਫ ਕਾਰਨ ਹਾਲੇ ਵੀ ਹਸਪਤਾਲ ਵਿਚ ਭਰਤੀ ਹੈ। ਉਤੱਰੀ ਕੋਰੀਆ ਦੀਆਂ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਵੱਡੀ ਗਿਣਤੀ ਵਿਚ ਹਰ ਸਾਲ ਜਾਪਾਨ ਦੇ ਤੱਟ 'ਤੇ ਆ ਜਾਂਦੀਆਂ ਹਨ। ਕੁਝ ਮਾਹਰਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਦੇਸ਼ ਵਾਪਸ ਭੇਜਣ 'ਤੇ ਉਨ੍ਹਾਂ ਨੂੰ ਜਾਪਾਨ ਦਾ ਜਾਸੂਸ ਬਣ ਜਾਣ ਦੇ ਸ਼ੱਕ ਵਿਚ ਫਾਂਸੀ ਦਿੱਤੀ ਜਾ ਸਕਦੀ ਹੈ।


Related News