ਮਿਆਂਮਾਰ ਫੌਜ ਦਾ ਰੋਹਿੰਗਿਆ ''ਤੇ ਤਸ਼ੱਦਦ, ਸਿਰਫ 5 ਪਿੰਡਾਂ ਵਿਚ ਮਾਰੇ ਸੈਂਕੜੇ ਮੁਸਲਮਾਨ

10/18/2017 3:56:12 PM

ਯਾਂਗੂਨ (ਬਿਊਰੋ)— ਰੋਹਿੰਗਿਆ ਮੁਸਲਮਾਨਾਂ ਨੂੰ ਲੈ ਕੇ ਅਮਨੈਸਟੀ ਇੰਟਰਨੈਸ਼ਨਲ ਨੇ ਇਕ ਹੈਰਾਨ ਕਰ ਦੇਣ ਵਾਲੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਿਆਂਮਾਰ ਦੀ ਫੌਜ ਨੇ ਬਹੁਤ ਹੀ ਤਰੀਕੇ ਨਾਲ ਸੈਂਕੜੇ ਰੋਹਿੰਗਿਆ ਮੁਸਲਮਾਨਾਂ ਦੀਆਂ ਔਰਤਾਂ, ਬੱਚਿਆਂ ਅਤੇ ਪੁਰਸ਼ਾਂ ਨੂੰ ਮਾਰ ਦਿੱਤਾ ਹੈ। ਮਿਆਂਮਾਰ ਤੋਂ ਕੱਢੇ ਜਾਣ ਦੌਰਾਨ ਕਈ ਰੋਹਿੰਗਿਆ ਮੁਸਲਮਾਨ ਲਾਪਤਾ ਹਨ ਅਤੇ ਸੈਂਕੜਿਆਂ ਦੀ ਮੌਤ ਹੋ ਚੁੱਕੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿਰਫ 5 ਪਿੰਡਾਂ ਵਿਚ ਹੀ ਸੈਂਕੜੇ ਰੋਹਿੰਗਿਆ ਨੂੰ ਮਾਰ ਦਿੱਤਾ ਗਿਆ ਹੈ। 
ਰਿਪੋਰਟ ਮੁਤਾਬਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਪਿੰਡ ਵਿਚ ਰਹਿ ਰਹੇ ਰੋਹਿੰਗਿਆ ਮੁਸਲਮਾਨਾਂ 'ਤੇ ਅੱਤਿਆਚਾਰ ਕੀਤੇ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਦੇ ਹਵਾਲੇ ਕਰ ਕੇ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਪਿੰਡਾਂ ਵਿਚ ਰੋਹਿੰਗਿਆਂ ਮੁਸਲਮਾਨ ਔਰਤਾਂ ਨਾਲ ਬਲਾਤਕਾਰ ਵੀ ਹੋਏ ਹਨ। ਅਮਨੈਸਟੀ ਇੰਟਰਨੈਸ਼ਨਲ ਦੇ ਮੈਥਿਊ ਵੇਲਜ਼ ਜੋ ਕਿ ਕਈ ਮਹੀਨਿਆਂ ਤੋਂ ਮਿਆਂਮਾਰ ਅਤੇ ਬੰਗਲਾਦੇਸ਼ ਸਰਹੱਦ 'ਤੇ ਧਿਆਨ ਨਾਲ ਇਸ ਸੰਕਟ 'ਤੇ ਸਟੱਡੀ ਕਰ ਰਹੇ ਹਨ। ਰੋਹਿੰਗਿਆ ਸੰਕਟ ਨੂੰ ਭਿਆਨਕ ਮਨੁੱਖੀ ਤ੍ਰਾਸਦੀ ਦੱਸਦੇ ਹੋਏ ਵੇਲਜ਼ ਨੇ ਕਿਹਾ ਕਿ ਮਿਆਂਮਾਰ ਦੇ ਸਿਰਫ 5 ਪਿੰਡਾਂ 'ਚ ਸੈਂਕੜੇ ਲੋਕਾਂ ਨੂੰ ਮਾਰ ਦਿੱਤਾ ਗਿਆ ਹੈ। 
ਦੱਸਣਯੋਗ ਹੈ ਕਿ ਮਿਆਂਮਾਰ ਵਿਚ ਫੌਜ ਵਲੋਂ ਕੀਤੇ ਗਏ ਅੱਤਿਆਚਾਰ ਤੋਂ ਬਾਅਦ ਹੁਣ ਤੱਕ 5 ਲੱਖ 80 ਹਜ਼ਾਰ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਵਿਚ ਸ਼ਰਨ ਲੈ ਚੁੱਕੇ ਹਨ। ਮਿਆਂਮਾਰ ਵਿਚ 25 ਅਗਸਤ ਤੋਂ ਸ਼ੁਰੂ ਹੋਏ ਰੋਹਿੰਗਿਆ ਦਾ ਪਲਾਇਨ ਅਜੇ ਵੀ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ।


Related News