ਇਟਲੀ ਦੇ ਸ਼ਰਣਾਰਥੀਆਂ ਨੂੰ ਕਰਨਾ ਪੈ ਰਿਹੈ ਜੰਗਲ ਤੋਂ ਵੀ ਮਾੜੇ ਹਾਲਾਤਾਂ ਦਾ ਸਾਹਮਣਾ

10/10/2017 1:48:43 PM

ਰੋਮ,  (ਕੈਂਥ)— ਸੈਂਕੜੇ ਹੀ ਸ਼ਰਣਾਰਥੀਆਂ ਨੂੰ ਇਟਲੀ ਅਤੇ ਫਰਾਂਸ ਦੇ ਵਿਚਕਾਰ ਸੀਮਾ ਉੱਤੇ ਸਾਫ-ਸਫਾਈ ਦੀ ਕਮੀ ਅਤੇ ਪੁਲਸ ਦੀ ਬੇਰਹਿਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇਨ੍ਹਾਂ ਦੀ ਜ਼ਿੰਦਗੀ ਦੇ ਹਾਲਾਤ ਜੰਗਲ ਨਾਲੋਂ ਵੀ ਮਾੜੇ ਹਨ। ਇਟਲੀ ਦੇ ਸ਼ਹਿਰ ਵੈਂਤੀਮੀਲੀਆ ਤਕਰੀਬਨ 700 ਸ਼ਰਣਾਰਥੀ ਬਿਨਾਂ ਰਿਹਾਇਸ਼ ਤੋਂ ਸੜਕਾਂ ਉੱਤੇ ਜੀਵਨ ਬਸਰ ਕਰ ਰਹੇ ਹਨ, ਜਿਨ੍ਹਾਂ ਵਿਚ ਬਿਨਾਂ ਕਿਸੇ ਸਹਾਰੇ ਤੋਂ ਇਕੱਲੇ ਰਹਿ ਰਹੇ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਸਾਰੀਆਂ ਹੀ ਸਹੂਲਤਾਂ ਤੋਂ ਵਾਂਝੇ ਹਨ, ਜਿਨ੍ਹਾਂ ਕੋਲ ਪੀਣ ਲਈ ਸਾਫ ਪਾਣੀ ਅਤੇ ਸਾਫ-ਸਫਾਈ ਨਾਲ ਰਹਿਣ ਦੀ ਕੋਈ ਵਿਵਸਥਾ ਨਹੀਂ ਹੈ। ਮੀਡੀਏ ਨੂੰ ਇਸ ਸਬੰਧੀ  ਜਾਣਕਾਰੀ ਦਿੰਦਿਆਂ ਬੀਬੀ ਵਰਿੰਦਰ ਪਾਲ ਕੌਰ ਧਾਲੀਵਾਲ (ਆਗੂ ਸਤਰਾਨੇਰੀ ਇਨ ਇਟਾਲੀਆ) ਨੇ ਕਿਹਾ ਕਿ ਇਨ੍ਹਾਂ ਸ਼ਰਣਾਰਥੀਆਂ ਨੂੰ ਬਹੁਤ ਵਾਰ ਇਟਲੀ ਅਤੇ ਫਰਾਂਸ ਦੀ ਪੁਲਸ ਦੀ ਜ਼ਿਆਦਤੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸਾਫ-ਸਫਾਈ ਦੀ ਕਮੀ ਕਾਰਨ ਨੌਜਵਾਨ ਸ਼ਰਣਾਰਥੀਆਂ ਨੂੰ ਕਈ ਸਮੱਸਿਆਵਾਂ ਝੱਲਣੀਆਂ ਪੈਂਦੀਆਂ ਹਨ। ਕਿਸੇ ਤਰ੍ਹਾਂ ਦਾ ਰੋਗ ਹੋ ਜਾਣ ਦੀ ਸੂਰਤ ਵਿਚ ਮੈਡੀਕਲ ਸਹੂਲਤ ਵੀ ਇਨ੍ਹਾਂ ਸ਼ਰਣਾਰਥੀਆਂ ਨੂੰ ਮੁਹੱਈਆ ਨਹੀਂ ਹੁੰਦੀ।
ਆਰ.ਆਰ.ਡੀ.ਪੀ. ਦੇ ਪ੍ਰਾਜੈਕਟ ਅਨੁਸਾਰ ਜੋ ਰਿਪੋਰਟ ਪੇਸ਼ ਕੀਤੀ ਗਈ ਹੈ, ਅਨੁਸਾਰ ਵੇਂਤੀਮੀਲੀਆ ਬਹੁਤ ਹੀ ਖਰਾਬ ਸ਼ਰਣਾਰਥੀ ਜਗ੍ਹਾ ਹੈ। ਇੱਥੇ ਬਹੁਤ ਸਾਰੇ ਸ਼ਰਣਾਰਥੀਆਂ ਨੂੰ ਅਣਮਨੁੱਖੀ ਹਾਲਾਤਾਂ ਵਿਚ ਜ਼ਿੰਦਗੀ ਬਸਰ ਕਰਨੀ ਪੈ ਰਹੀ ਹੈ।
ਇੱਥੇ ਰਹਿ ਰਹੇ 150 ਪੁਰਸ਼ ਸ਼ਰਣਾਰਥੀਆਂ ਤੋਂ ਪੁੱਛ-ਪੜਤਾਲ ਕੀਤੀ ਗਈ, ਜਿਨ੍ਹਾਂ ਵਿਚ ਪੰਜਾਂ ਪਿੱਛੇ ਇਕ ਦੀ ਉਮਰ 18 ਸਾਲ ਤੋਂ ਘੱਟ ਸੀ ਅਤੇ ਤਕਰੀਬਨ 90% ਬਿਨਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂ ਹੋਰ ਜਾਣਕਾਰ ਤੋਂ ਇੱਥੇ ਰਹਿ ਰਹੇ ਹਨ।
ਇਨ੍ਹਾਂ ਵਿਚੋਂ 73% ਲੀਬੀਆ ਰਾਹੀਂ ਯਾਤਰਾ ਕਰਕੇ ਇਟਲੀ ਦੇ ਸ਼ਹਿਰ ਵੇਂਤੀਮੀਲੀਆ ਪਹੁੰਚੇ ਸਨ ਅਤੇ ਤਕਰੀਬਨ ਪਿਛਲੇ ਤਿੰਨ ਮਹੀਨੇ ਤੋਂ ਇੱਥੇ ਇਸੇ ਹੀ ਹਾਲਤ ਵਿਚ ਜ਼ਿੰਦਗੀ ਬਸਰ ਕਰ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਗਿਣਤੀ ਸੁਡਾਨ, ਚੈੜ, ਇਥੋਪੀਆ, ਅਤੇ ਏਰਿਟਰੇਆ ਤੋਂ ਪਹੁੰਚੇ ਸ਼ਰਣਾਰਥੀ ਸਨ। ਇੱਥੇ ਇਕ ਗੱਲ ਗੌਰ ਕਰਨ ਵਾਲੀ ਹੈ ਕਿ ਇਨ੍ਹਾਂ  ਸ਼ਰਣਾਰਥੀਆਂ ਵਿਚ ਮਹਿਲਾਵਾਂ ਦੀ ਗਿਣਤੀ ਬਿਲਕੁਲ ਨਾਮਾਤਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ  ਦੱਖਣੀ ਇਟਲੀ ਅਤੇ ਉੱਤਰੀ ਅਫਰੀਕਾ ਦੀ ਸਰਹੱਦ ਉੱਤੇ ਜਿਸਮਾਨੀ ਵਪਾਰ ਦੀ ਵਰਤੋਂ ਲਈ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਸਾਲ 2015 ਤੋਂ ਫਰਾਂਸ ਨੇ ਆਪਣੇ ਸਰਹੱਦਾਂ ਉੱਤੇ ਵਧੇਰੇ ਸਖਤਾਈ ਕਰ ਦਿੱਤੀ ਹੈ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਅੰਦਰ ਦਾਖਲ ਹੋਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਇਸ ਕਾਰਨ ਵੇਂਤੀਮੀਲੀਆ ਨੂੰ ਫਰਾਂਸ ਅੰਦਰ ਦਾਖਲ ਹੋਣ ਲਈ ਵੀ ਸ਼ਰਣਾਰਥੀਆਂ ਵੱਲੋਂ ਵਰਤਿਆ ਜਾਂਦਾ ਹੈ।
ਸਰਹੱਦ ਬੰਦ ਕੀਤੇ ਜਾਣ ਤੋਂ ਬਾਅਦ ਵਿਦੇਸ਼ੀ ਲੋਕਾਂ ਨੇ ਫੜੇ ਜਾਣ ਦੇ ਡਰ ਕਾਰਨ ਗੈਰ-ਕਾਨੂੰਨੀ ਤਰੀਕੇ ਨਾਲ ਟਰੇਨਾਂ ਵਿਚ ਦੇਸ਼ ਅੰਦਰ ਦਾਖਲ ਹੋਣ ਦੀ ਬਹੁਤ ਘੱਟ ਕੋਸ਼ਿਸ਼ ਕੀਤੀ ਹੈ। ਇਸ ਦੀ ਥਾਂ ਉਹ ਆਪਣੀ ਜਿੰਦਗੀ ਨੂੰ ਖਤਰੇ ਵਿਚ ਪਾ ਕੇ ਪਹਾੜੀ ਰਸਤਿਆਂ ਜਾਂ ਗੱਡੀਆਂ ਜਾਣ ਵਾਲੀਆਂ ਸੁਰੰਗਾਂ ਦਾ ਸਹਾਰਾ ਦੇਸ਼ ਅੰਦਰ ਦਾਖਲ ਹੋਣ ਲਈ ਲੈਂਦੇ ਹਨ।
ਪ੍ਰਕਾਸ਼ਿਤ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ, 400-500 ਸ਼ਰਣਾਰਥੀ ਲੋਕ ਰੈੱਡ ਕਰਾਸ ਦੇ ਕੈਂਪ ਵਿਚ ਰਹਿ ਰਹੇ ਸਨ, ਜਦਕਿ ਇਸ ਸਮੇਂ ਵੀ 200-300 ਸ਼ਰਣਾਰਥੀ ਪੁੱਲ ਦੇ ਹੇਠਾਂ ਫਰਸ਼ ਉੱਤੇ ਜਾਂ ਦਰਿਆਵਾਂ ਦੇ ਕੰਢਿਆਂ ਉੱਤੇ ਰਹਿਣ ਲਈ ਮਜ਼ਬੂਰ ਹਨ।
ਜਦੋਂ ਇਨ੍ਹਾਂ ਵਿਅਕਤੀਆਂ ਕੋਲੋਂ ਰੋਜ਼ਾਨਾ ਦੀ ਜਿੰਦਗੀ ਬਾਰੇ ਪੁੱਛਿਆ ਗਿਆ ਤਾਂ ਤਕਰੀਬਨ 85% ਵਿਅਕਤੀਆਂ ਨੇ ਮੰਨਿਆ ਕਿ, ਉਹ ਨੇੜਲੇ ਦਰਿਆ ਜਾਂ ਝੀਲ ਵਿਚੋਂ ਪਾਣੀ ਦੀ ਵਰਤੋਂ ਕਰਦੇ ਹਨ। ਇਸ ਪਾਣੀ ਨਾਲ ਉਹ ਆਪਣੀਆਂ ਰੋਜ਼ਾਨਾ ਦੀਆਂ ਜਰੂਰਤਾਂ ਜਿਵੇਂ ਕਿ ਟਾਇਲਟ ਜਾਣਾ, ਸਰੀਰਕ ਸਾਫ-ਸਫਾਈ, ਕੱਪੜੇ ਧੋਣ ਅਤੇ ਪੀਣ ਲਈ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ।
ਇਨ੍ਹਾਂ 10 ਵਿਚੋਂ 6 ਲੋਕਾਂ ਨੇ ਮੰਨਿਆ ਕਿ ਉਹ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। 44% ਲੋਕਾਂ ਨੂੰ ਇਹ ਸਿਹਤ ਦੀਆਂ ਸਮੱਸਿਆਵਾਂ ਇਟਲੀ ਪਹੁੰਚਣ ਤੋਂ ਬਾਅਦ ਰੋਜਾਨਾ ਦੀਆਂ ਜਰੂਰਤਾਂ ਤੋਂ ਵਾਂਝੇ ਹੋਣ ਕਾਰਨ, ਸਹੂਲਤਾਂ ਦੀ ਕਮੀ ਕਾਰਨ ਪੈਦਾ ਹੋਈਆਂ ਹਨ। ਇਨ੍ਹਾਂ ਵਿਚੋਂ ਬਹੁਤ ਹੀ ਘੱਟ ਲੋਕਾਂ ਨੂੰ ਮੈਡੀਕਲ ਸਹੂਲਤ ਮਿਲਦੀ ਹੈ। ਇਨ੍ਹਾਂ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸ਼ਰਣਾਰਥੀਆਂ ਵਲੋਂ ਇੰਨੀ ਲੰਬੀ ਯਾਤਰਾ ਕਰਨ ਦੇ ਕਾਰਨ ਜ਼ਿਆਦਾਤਰ ਲੋਕਾਂ ਨੂੰ ਸਰੀਰਕ ਜਖਮਾਂ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਹੋ ਪਾਉਂਦਾ।
ਇਸ ਤੋਂ ਇਲਾਵਾ ਇਨ੍ਹਾਂ ਸ਼ਰਣਾਰਥੀਆਂ ਨੂੰ ਸੁਰੱਖਿਆ ਦੀ ਕਮੀ, ਦਿਨ ਵਿਚ ਇਕ ਵਾਰ ਖਾਣਾ, ਦੂਸਰੇ ਬੇਘਰ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਚੋਰੀ, ਯੂਰਪੀਅਨ ਅਤੇ ਪੁਲਸ ਵੱਲੋਂ ਭੇਦਭਾਵ ਦਾ ਸ਼ਿਕਾਰ, ਸਰੀਰਕ ਸੋਸ਼ਣ ਜਿਹੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।


Related News