ਕੈਨੇਡਾ ਦੇਣ ਲੱਗਾ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਨੂੰ ਰਿਫੀਊਜੀ ਦਰਜਾ

10/22/2017 12:09:29 AM

ਔਟਵਾ—ਅਮਰੀਕਾ ਵਾਲੇ ਪਾਸਿਓਂ ਸਰਹੱਦ ਪਾਰ ਕਰਕੇ ਕੈਨੇਡਾ 'ਚ ਦਾਖਲ ਹੋ ਕੇ ਪਨਾਹ ਮੰਗਣ ਵਾਲਿਆਂ ਨੂੰ ਵੱਡੀ ਗਿਣਤੀ 'ਚ ਕੈਨੇਡਾ ਰਿਫੀਊਜੀ ਦਾ ਦਰਜਾ ਦੇ ਰਿਹਾ ਹੈ। ਨਵੇਂ ਅੰਕੜਿਆਂ ਅਨੁਸਾਰ ਅਧਿਕਾਰੀਆਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਦਾਅਵਿਆਂ ਨੂੰ ਮੰਨਿਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦਾ ਡਰ ਸਤਾ ਰਿਹਾ ਹੈ ਅਤੇ ਉਸ ਨਾਲ ਉਹ ਪ੍ਰਭਾਵਿਤ ਹੋਣਗੇ। ਦੱਸ ਦਈਏ ਕਿ ਇਸ ਸਾਲ 15 ਹਜ਼ਾਰ ਤੋਂ ਵੱਧ ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ-ਕੈਨੇਡਾ ਸਰਹੱਦ ਪਾਰ ਕੀਤੀ ਹੈ।
ਸਰਹੱਦ ਪਾਰ ਕਰਨ ਵਾਲਿਆਂ 'ਚੋਂ ਬਹੁਤੇ ਸੰਯੁਕਤ ਰਾਜ ਅਮਰੀਕਾ 'ਚ ਕਾਨੂੰਨੀ ਤੌਰ 'ਤੇ ਰਹਿ ਰਹੇ ਸਨ ਅਤੇ ਜਿਨ੍ਹਾਂ ਕੁਝ ਲੋਕਾਂ ਦੀ ਇੰਟਰਵਿਊ ਲਈ ਗਈ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਨਾ ਮਿਲਦੀ। ਦੱਸ ਦਈਏ ਕਿ ਰਿਫੀਊਜੀਆਂ ਦਾ ਇਹ ਹੜ੍ਹ ਜ਼ਿਆਦਾਤਰ ਕਿਊਬੇਕ-ਅਮਰੀਕਾ ਸਰਹੱਦ 'ਤੇ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਮਿਲਟਰੀ ਵਲੋਂ ਆਰਜੀ ਟੈਟ ਛਾਉਣੀ ਬਣਾ ਕੇ ਉਨ੍ਹਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਨ੍ਹਾਂ ਵਕੀਲਾਂ ਨੇ ਅਜਿਹੇ ਸ਼ਰਨਾਰਥੀਆਂ ਦੇ ਕੇਸ ਫੜੇ ਹਨ ਜੋਕਿ ਇੱਥੇ ਕੈਨੇਡਾ 'ਚ ਪਨਾਹ ਦੀ ਮੰਗ ਕਰ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਸ਼ਰਨਾਰਥੀ ਟ੍ਰਿਬਿਊਨਲ ਦੇ ਮੈਂਬਰ, ਜੋਕਿ ਪਨਾਹ ਦੀ ਅਰਜ਼ੀ ਦਾ ਮੁਲਾਂਕਣ ਕਰਦੇ ਹਨ, ਇਨ੍ਹਾਂ ਲੋਕਾਂ ਪ੍ਰਤੀ ਉਨ੍ਹਾਂ ਲੋਕਾਂ 'ਚ ਜ਼ਿਆਦਾ ਹਮਦਰਦੀ ਹੈ ਜਿਨ੍ਹਾਂ ਨੇ ਅਮਰੀਕਾ 'ਚ ਸਮਾਂ ਬਿਤਾਇਆ ਅਤੇ ਜੋ ਕਹਿੰਦੇ ਹਨ ਕਿ ਹੁਣ ਉਨ੍ਹਾਂ ਨੂੰ ਟਰੰਪ ਦੀਆਂ ਪ੍ਰਵਾਸ ਨੀਤੀਆਂ ਤੋਂ ਡਰ ਲੱਗਦਾ ਹੈ।

ਦੱਸ ਦਈਏ ਕਿ ਰਿਪਬਲੀਕਨਾਂ ਵਲੋਂ 2016 'ਚ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਟਰੰਪ ਨੇ ਆਪਣੇ ਚੋਣ ਵਾਅਦੇ ਮੁਤਾਬਕ ਗੱਦੀ ਸੰਭਾਲਦਿਆਂ ਹੀ ਅਮਰੀਕਾ 'ਚ ਪ੍ਰਵਾਸੀਆਂ ਦੇ ਦਾਖਲੇ ਨੂੰ ਰੋਕਣ ਲਈ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ 'ਚ ਸਖਤ ਬਦਲਾਅ ਕੀਤੇ ਹਨ। ਇਮੀਗ੍ਰੇਸ਼ਨ ਅਤੇ ਰਿਫੀਊਜੀ ਬੋਰਡ ਦੇ ਅੰਕੜਿਆਂ ਅਨੁਸਾਰ ਮਾਰਚ ਤੋਂ ਸਤੰਬਰ ਮਹੀਨੇ ਵਿਚਕਾਰ 592 ਰਿਫੀਊਜੀ ਦਾਅਵਿਆਂ 'ਚੋਂ 69 ਫੀਸਦੀ ਮਤਲਬ ਕਿ 408 ਨੂੰ ਮਨਜ਼ੂਰ ਕਰ ਲਿਆ ਗਿਆ ਹੈ ਜਦਕਿ ਰੱਦ ਕੀਤੇ ਦਾਅਵਿਆਂ ਦੀਆਂ 92 ਅਪੀਲਾਂ ਅਜੇ ਵੀ ਵਿਚਾਰ ਅਧੀਨ ਹਨ। ਇਹ ਮਨਜ਼ੂਰ ਕੀਤਾ ਗਿਆ 69 ਫੀਸਦੀ ਦਾ ਅੰਕੜਾ ਉਨ੍ਹਾਂ ਸਾਰੇ ਰਿਫੀਊਜੀ ਅੰਕੜਿਆਂ ਤੋਂ 'ਤੇ ਹੈ ਜੋ ਕਿਸੇ ਵੀ ਤਰੀਕੇ ਨਾਲ ਕੈਨੇਡਾ 'ਚ ਦਾਖਲ ਹੋਏ ਸਨ। ਜਨਵਰੀ 'ਚ ਜਿਸ ਸੀਰੀਅਨ ਔਰਤ ਨੇ ਆਪਣੀ ਬੇਟੀ ਨਾਲ ਰਿਫੀਊਜੀ ਪਨਾਹ ਦਾ ਕੇਸ ਜਿੱਤਿਆ ਸੀ, ਟ੍ਰਿਬਿਊਨਲ ਦੇ ਮੈਂਬਰ ਅਨੁਸਾਰ ਉਸ ਨੇ ਕੈਨੇਡਾ 'ਚ ਠਹਿਰਣ ਦਾ ਵਾਜਬ ਦਾਅਵਾ ਕੀਤਾ ਸੀ। ਉਸ ਸੀਰੀਅਨ ਔਰਤ ਨੇ ਲੀਕੌਲ, ਕਿਊਬੇਕ 'ਚ ਸਰਹੱਦ ਪਾਰ ਕੀਤੀ ਸੀ ਅਤੇ ਅਮਰੀਕਾ ਸਰਕਾਰ ਦੀਆਂ ਨਵੀਂਆਂ ਪ੍ਰਵਾਸ ਨੀਤੀਆਂ ਤੋਂ ਤੰਗ ਆ ਕੇ ਕੈਨੇਡਾ ਵਲ ਰੁਖ ਕੀਤਾ ਸੀ। ਭਾਵੇਂ ਕੈਨੇਡਾ 'ਚ ਇਸ ਵੇਲੇ ਰਿਫੀਊਜੀਆਂ ਦਾ ਹੜ੍ਹ ਆ ਗਿਆ ਹੈ ਪਰ ਉੱਥੇ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਈ ਵੀ ਇਹ ਨਾ ਸਮਝੇ ਕਿ ਕੈਨੇਡਾ 'ਚ ਪਨਾਹ ਲੈਣੀ ਐਨੀ ਆਸਾਨ ਹੈ। ਕੈਨੇਡਾ ਪੂਰੀ ਪ੍ਰਕਿਰਿਆ ਤਹਿਤ ਹੀ ਕਿਸੇ ਨੂੰ ਇੱਥੇ ਰਹਿਣ ਦੀ ਇਜਾਜ਼ਤ ਦੇਵੇਗਾ। ਕੈਨੇਡੀਅਨਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।  


Related News